Sunday, 31 October 2021

ਗੁਰਬਾਣੀ ਵਿਆਖਿਆ ਭਾਗ-1

 
        ਜਦੋਂ ਗੁਰੂ ਨਾਨਕ ਸਾਹਿਬ ਜੀ ਅਪਣੀ ਉਦਾਸੀਆਂ ਸਮੇਂ ਸੈਦਪੁਰ (ਐਮਨਾਬਾਦ) ਸਨ ਤਾਂ ਉਸ ਸਮੇਂ ਸੈਦਪੁਰ ਤੇ ਪਠਾਣਾਂ ਦਾ ਰਾਜ ਸੀ। ਇਹ ਪਠਾਣ ਐਸ਼ੋ-ਇਸ਼ਰਤ ਵਿੱਚ ਗਲਤਾਨ ਹੋਏ ਰੱਬ ਨੂੰ ਵਿਸਾਰੀ ਬੈਠੇ ਸਨ। ਇਹ ਹਿੰਦੁਸਤਾਨੀ ਖਲਕਤ ਨਾਲ ਬਹੁਤ ਮਾੜਾ ਸਲੂਕ ਕਰਦੇ ਸਨ। ਇਨ੍ਹਾਂ ਦੇ ਅਹਿਲਕਾਰ ਤੇ ਨੌਕਰ ਸੱਭ ਆਮ ਲੋਕਾਈ ਨੂੰ ਲੁੱਟਣ ਤੇ ਲਗੇ ਹੋਏ ਸਨ।
        ਅਜਿਹੇ ਹਾਲਾਤ ਵਿਚ ਸੈਦਪੁਰ ਦੇ ਹਾਕਮਾਂ ਨੇ ਗੁਰੂ ਸਾਹਿਬ ਨਾਲ ਵੀ ਮਾੜਾ ਸਲੂਕ ਕੀਤਾ। ਬਾਕੀ ਖ਼ਲਕਤ ਨਾਲ ਗੁਰੂ ਜੀ ਨੂੰ ਵੀ ਬੰਦੀ ਬਣਾ ਲਿਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੈਦਪੁਰੀ ਜ਼ਾਲਮ ਹਾਕਮਾਂ ਦੀ ਤੇ ਪਰਜਾ ਦੀ ਐਸੀ ਹਾਲਤ ਦੇਖੀ ਤਾਂ ਆਪਣੇ ਸਿੱਖ ਭਾਈ ਲਾਲੋ ਨੂੰ ਦੱਸਿਆ ਕਿ ਇਹਨਾਂ ਲੋਕਾਂ ਦੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਇਹਨਾਂ ਨੂੰ ਛੇਤੀ ਹੀ ਮਿਲਣ ਵਾਲੀ ਹੈ। ਅਕਾਲ ਪੁਰਖ ਨੇ ਆਪਣੇ ਅਟਲ ਨਿਯਮਾਂ ਅਨੁਸਾਰ ਇਹ ਅਪਣੇ ਕੀਤੇ ਕਰਮਾਂ ਦਾ ਫਲ ਪਾਉਣਗੇ। ਇਹਨਾਂ ਲੋਕਾਂ ਦਾ ਅੰਤ ਬਹੁਤ ਮਾੜਾ ਹੋਣਾ ਹੈ । ਇਸ ਘਟਨਾਕ੍ਰਮ ਬਾਬਤ ਗੁਰੂ ਜੀ ਨੇ ਜੋ ਸ਼ਬਦ ਉਚਾਰੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 722 ਤੇ ਦਰਜ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਸ਼ਬਦ ਦੇ ਅੱਖਰੀ ਅਰਥ ਕਰਨ ਦਾ ਨਿਮਾਣਾ ਜਿਹਾ ਜਤਨ ਕੀਤਾ ਜਾ ਰਿਹਾ ਹੈ।
ਤਿਲੰਗ ਮਹਲਾ ੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
        ਇਸ ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਅਪਣੇ ਸੇਵਕ ਭਾਈ ਲਾਲੋ ਨੂੰ ਮੁਖਾਰਬਿੰਦ ਹੁੰਦੇ ਹੋਏ ਸਮਝਾਉਂਦੇ ਹਨ ਕਿ ਹੇ ਭਾਈ ਲਾਲੋ ! ਮੈਨੂੰ ਸੈਦਪੁਰ ਦੇ ਲੋਕਾਂ ਨਾਲ ਜੋ ਵਰਤਾਵਾ ਵਾਪਰਣ ਵਾਲਾ ਹੈ ਉਸ ਸਬੰਧੀ  ਅਕਾਲ ਪੁਰਖ ਪਰਮਾਤਮਾ ਵਲੋਂ ਜੋ ਪ੍ਰੇਰਣਾ ਆ ਰਹੀ ਹੈ, ਉਸ ਦੀ ਜਾਣਕਾਰੀ ਤੈਨੂੰ ਦਸਦਾ ਹਾਂ ਕਿ ਬਾਬਰ, ਕਾਬਲ ਤੋਂ ਪਾਪ-ਕਰਮਾਂ ਦੀ ਬਰਾਤ ਲੈ ਕੇ ਸੈਦਪੁਰ ਆ ਰਿਹਾ ਹੈ ਜੋ ਜ਼ੋਰ ਜ਼ਬਰਦਸਤੀ ਨਾਲ ਇਥੋਂ ਦੇ ਹਾਕਮਾਂ ਪਾਸੋਂ ਇਜ਼ਤ-ਆਬਰੂ ਅਤੇ ਹਕੂਮਤ ਦਾ ਕੰਨਿਆ-ਦਾਨ ਮੰਗੇਗਾ।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
        ਹੇ ਲਾਲੋ! ਇਹਨਾਂ ਪਠਾਣਾਂ ਅਤੇ ਸੈਦਪੁਰ ਵਾਸੀਆਂ ਵਿਚੋਂ ਸ਼ਰਮ-ਹਯਾ ਅਤੇ ਧਰਮ ਦੋਵੇਂ ਅਲੋਪ ਹੋ ਗਏ ਹਨ ਅਤੇ ਹਰ ਪਾਸੇ ਕੂੜ ਤੇ ਝੂਠ ਦਾ ਹੀ ਬੋਲਬਾਲਾ ਹੈ।ਇਹਨਾਂ ਦੇ ਪਾਪ ਕਰਮਾਂ ਕਰਕੇ ਹੀ ਹੁਣ ਕਾਜ਼ੀਆਂ ਅਤੇ ਬ੍ਰਾਹਮਣਾਂ ਵੱਲੋਂ ਕਰਵਾਈ ਜਾਂਦੀ ਵਿਆਹ-ਸ਼ਾਦੀਆਂ ਦੀ ਗੱਲ ਭਾਵ ਮਰਿਆਦਾ ਤਾਂ ਮਾਨੋ ਮੁੱਕ ਗਈ ਹੈ ਅਤੇ ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਤੇ ਐਸੀ ਦੁਰਦਸ਼ਾ ਕੀਤੀ ਜਾਵੇਗੀ ਕਿ ਮਾਨੋ, ਇਨ੍ਹਾਂ ਦੇ ਵਿਆਹ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਥਾਵੇਂ ਸ਼ੈਤਾਨ ਪੜ੍ਹਾ ਰਿਹਾ ਹੈ। ਭਾਵ ਕਿ ਸੈਦਪੁਰ ਦੇ ਲੋਕਾਂ ਦੀਆਂ ਇਸਤ੍ਰੀਆਂ ਦੀ ਬਹੁਤ ਬੇਪਤੀ ਹੋਣ ਵਾਲੀ ਹੈ।
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
        ਹੇ ਲਾਲੋ! ਇਸ ਸਮੇਂ ਮੁਸਲਮਾਨ ਔਰਤਾਂ ਇਸ ਬਿਪਤਾ ਵਿਚੋਂ ਛੁਟਕਾਰਾ ਪਾਉਣ ਲਈ ਕੁਰਾਨ ਦੀਆਂ ਆਇਤਾਂ ਪੜ੍ਹਨਗੀਆਂ ਅਤੇ ਜਿਹੜੀਆਂ ਔਰਤਾ ਨੂੰ ਮਾਇਆ ਅਤੇ ਜਵਾਨੀ ਦੇ ਨਸ਼ੇ ਵਿਚ ਰੱਬ ਭੁਲਿਆ ਪਿਆ ਸੀ ਉਹ ਹੁਣ ਇਸ ਔਖੇ ਸਮੇਂ ਵਿੱਚ ਫਸ ਕੇ ਖ਼ੁਦਾ ਨੂੰ ਯਾਦ ਕਰਨਗੀਆਂ । ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਭਾਈ ਲਾਲੋ, ਇਹ ਗਲ ਵੀ ਸਮਝ ਲੈ ਇਸ ਬਿਖੜੇ ਸਮੇਂ ਵਿੱਚ ਕੀ ਜਾਤ-ਪਾਤ, ਅਮੀਰੀ-ਗਰੀਬੀ, ਉਚ-ਨੀਚ ਅਤੇ ਕੀ ਹੋਰ ਹਿੰਦੂਵਾਣੀਆਂ ਸਭ ਦੀ ਹੀ ਇਕਸਾਰ ਮਾੜੀ ਦੁਰਦਸ਼ਾ ਹੋਵੇਗੀ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਕਿ ਸੈਦਪੁਰ ਵਿਚ ਹੋਣ ਵਾਲੇ ਇਸ ਖ਼ੂਨੀ ਵਿਆਹ-ਸਾਕੇ ਕਾਰਨ ਨਗਰ ਵਿਚ ਹਰ ਪਾਸੇ ਖੂਨ ਸੋਹਿਲੇ (ਘੋੜੀਆਂ) ਗਾਏ ਜਾਣਗੇ ਅਤੇ ਇਸ ਖ਼ੂਨੀ ਵਿਆਹ ਵਿਚ ਲਹੂ ਦਾ ਕੇਸਰ ਛਿੜਕਿਆ ਜਾਵੇਗਾ, ਭਾਵ ਵੱਡੀ ਪੱਧਰ ਤੇ ਕਤਲੋ-ਗਾਰਤ ਹੋਵੇਗੀ।
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
        ਭਾਂਵੇਂ ਕਿ ਸੈਦਪੁਰ ਦੀ ਕਤਲੇਆਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਲਈ ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਵੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ। ਹੇ ਭਾਈ ਲਾਲੋ! ਤੂੰ ਭੀ ਇਸ ਅਟੱਲ ਨਿਯਮ ਨੂੰ ਚੇਤੇ ਰੱਖ ਕਿ ਜਿਸ ਮਾਲਕ-ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਇਕੱਲਾ ਨਿਰਲੇਪ ਰਹਿ ਕੇ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਆਪਣੇ ਕਰਮਾਂ ਦੇ ਭੋਗ ਭੋਗਦਿਆਂ ਵੇਖ ਰਿਹਾ ਹੈ। ਭਾਵ ਜੀਵ ਤਾਂ ਮਾਇਆ ਦੇ ਮੋਹ ਵਿਚ ਗਲਤਾਨ ਹੋਕੇ ਆਪਣੇ ਆਪਣੇ ਕਰਮਾਂ ਅਨੁਸਾਰ ਭੋਗ ਰਹੇ ਹਨ, ਪਰ ਪ੍ਰਭੂ ਆਪਣੇ ਇਹਨਾਂ ਚੋਜਾਂ ਨੂੰ ਨਿਰਲੇਪ ਹੋ ਕੇ ਦੇਖ ਰਿਹਾ ਹੈ ।
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
        ਹੇ ਲਾਲੋ! ਇੱਕ ਗੱਲ ਧਿਆਨ ਨਾਲ ਸਮਝ ਲੈ ਕਿ ਪ੍ਰਭੂ ਦਾ ਅਟੱਲ ਨਿਯਮ ਇਹ ਹੈ ਕਿ ਸਾਹਿਬ ਆਪ ਸਦਾ ਥਿਰ, ਅਟੱਲ ਅਤੇ ਨਿਰੋਲ ਸੱਚਾ ਹੈ, ਉਸ ਦਾ ਫੈਸਲਾ ਅਥਵਾ ਨਿਆਉਂ ਭੀ ਬਿਲਕੁਲ ਸੱਚਾ ਅਤੇ ਠੀਕ ਹੁੰਦਾ ਹੈ ਅਤੇ ਇਸ ਲਈ ਆਉਣ ਵਾਲੇ ਸਮੇਂ ਵਿਚ ਵੀ ਉਹ ਸੱਚਾ ਇਨਸਾਫ ਕਰੇਗਾ।ਭਾਵ ਸੈਦਪੁਰੀਆਂ ਨੂੰ ਅਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪਵੇਗਾ। ਆਪਣੇ ਕੀਤੇ ਕੁਕਰਮਾਂ ਕਾਰਨ ਸੈਦਪੁਰੀਆਂ ਦੇ ਸਰੀਰ ਰੂਪੀ ਕੱਪੜੇ ਟੁਕੜੇ-ਟੁਕੜੇ ਕੀਤੇ ਜਾਣਗੇ, ਭਾਵ ਬਾਬਰ ਦੀ ਚੜ੍ਹਾਈ ਸਮੇਂ ਇਹਨਾਂ ਦੀ ਭਿਆਨਕ ਕੱਟ-ਵੱਢ ਹੋਵੇਗੀ। ਗੁਰੂ ਸਾਹਿਬ ਕਹਿੰਦੇ ਹਨ ਕਿ ਜਦੋਂ ਭਿਆਨਕ ਘਟਨਾਵਾਂ ਵਾਪਰਨਗੀਆਂ, ਉਸ ਸਮੇਂ ਹਿੰਦੋਸਤਾਨ ਦੇ ਲੋਕ ਮੇਰੇ ਵਲੋਂ ਕਹੇ ਇਹਨਾਂ ਬਚਨਾਂ ਨੂੰ ਯਾਦ ਕਰਨਗੇ ਅਤੇ ਇਸ ਭਿਆਨਕ ਘਟਨਾ ਨਮੂ ਹਿੰਦੁਸਤਾਨ ਭੁਲਾ ਨਹੀ ਸਕੇਗਾ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}
        ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਰਹਿਣਦੀਆਂ ਹਨ।ਮੁਗ਼ਲ ਬਾਦਸ਼ਾਹ ਬਾਬਰ ਦੀ ਕਮਾਨ ਹੇਠ ਸੰਮਤ 1578 ਵਿਚ ਹਮਲਾਵਰ ਬਣਕੇ ਇਸ ਦੇਸ਼ ਉਤੇ ਆਉਣਗੇ ਅਤੇ ਦੇਸ਼ ਤੇ ਕਬਜ਼ਾ ਕਰ ਲੈਣਗੇ। ਇਹ ਮੁਗ਼ਲ ਫਿਰ ਸੰਮਤ 1597 ਵਿਚ (ਹਮਾਯੂੰ ਦੀ ਕਮਾਨ ਹੇਠ) ਭਾਂਜ ਖਾ ਕੇ ਵਾਪਸ ਜਾਣਗੇ।ਇਨ੍ਹਾਂ ਨੂੰ ਭਾਂਜ ਦੇਣ ਲਈ ਇਕ ਹੋਰ ਸੂਰਬੀਰ ਉਠੇਗਾ।(ਗੁਰੂ ਜੀ ਦਾ ਇਸ਼ਾਰਾ ਸ਼ੇਰਸ਼ਾਹ ਸੂਰੀ ਵੱਲ ਹੈ)। ਸ਼ਬਦ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਨਾਨਕ, ਤਾਂ ਇਸ ਸਮੇਂ ਭੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਅਤੇ ਸਾਰੀ ਉਮਰ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾਂ ਪ੍ਰਭੂ ਸਿਫ਼ਤਿ-ਸਾਲਾਹ ਲਈ ਹੀ ਮਿਲਿਆ ਹੈ।੨।੩।੫।
 
        ਨੋਟ : ਬਾਬਰ ਦੇ ਹਮਲੇ ਨਾਲ ਸੰਬੰਧਤ ਘਟਨਾਕ੍ਰਮ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਨੇ 3 ਹੋਰ ਸ਼ਬਦਾਂ ਦਾ ਗਾਇਣ ਕੀਤਾ ਹੈ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾਰਾਗ ਵਿਚ ਦਰਜ ਹਨ, ਇਹਨਾਂ ਸ਼ਬਦਾਂ ਦੇ ਪਹਿਲੇ ਬੰਦ ਦੀਆਂ ਪਹਿਲੀਆਂ ਪੰਕਤੀਆਂ ਪਾਠਕਾਂ ਦੇ ਧਿਆਨ ਗੋਚਰੇ ਕਰ ਰਹੇ ਹਾਂ। ਛੇਤੀ ਹੀ ਇਹਨਾਂ ਸ਼ਬਦਾਂ ਦੇ ਕੇਂਦਰੀ ਭਾਵਾਂ ਨੂੰ ਗੁਰੂ ਨਾਨਕ ਸਾਹਿਬ ਮਿਸ਼ਨਦੀ ਟੀਮ ਵਲੋਂ ਸੰਗਤਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
 
1)      ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥             
ਆਸਾ ਮਹਲਾ 1, 360
2)     ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥     
ਰਾਗੁ ਆਸਾ ਮਹਲਾ 1, ਅਸਟਪਦੀਆ ਘਰ 3, 417
3)     ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥              
ਆਸਾ ਮਹਲਾ 1, 417
 


Friday, 29 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-7 (ਗੁਰੂ ਨਾਨਕ ਸਾਹਿਬ ਜੀ)

 ਪ੍ਰਸ਼ਨ 86. ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀਆਂ ਸਮੇਂ ਐਮਨਾਬਾਦ ਵਿਚ ਕਿਸ ਕੋਲ ਰੁਕੇ ਸਨ?

ਉਤਰ : ਐਮਨਾਬਾਦ ਵਿਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਕਿਰਤੀ ਸਿੱਖ ਭਾਈ ਲਾਲੋ ਦੇ ਘਰ ਠਹਿਰੇ ਸਨ।

ਪ੍ਰਸ਼ਨ 87. ਭਾਈ ਲਾਲੋ ਕੌਣ ਸੀ ?

ਉਤਰ : ਭਾਈ ਲਾਲੋ ਇਕ ਗ਼ਰੀਬ ਕਿਰਤੀ ਸਿੱਖ ਸੀ ਜੋ ਕਿ ਤਰਖਾਣ ਦਾ ਕੰਮ ਕਰਦਾ ਸੀ। ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਤੇ ਪਹਿਰਾ ਦਿੰਦੇ ਹੋਏ ਮਿਹਨਤ ਮਜ਼ਦੂਰੀ ਕਰ ਆਪਣਾ ਜੀਵਨ ਬਤੀਤ ਕਰਦੇ ਸਨ। 

ਪ੍ਰਸ਼ਨ 88. ਐਮਨਾਬਾਦ ਦੇ ਹਾਕਮ ਦੇ ਅਹਿਲਕਾਰ ਦਾ ਕੀ ਨਾਮ ਸੀ ?

ਉਤਰ : ਮਲਕ ਭਾਗੋ ।

ਪ੍ਰਸ਼ਨ 89. ਮਲਿਕ ਭਾਗੋ ਕੌਣ ਸੀ ?

ਉਤਰ : ਮਲਿਕ ਭਾਗੋ ਇੱਕ ਚੰਗੇ ਅਸਰ ਰਸੂਖ ਵਾਲਾ ਹੰਕਾਰੀ ਤੇ ਰਿਸ਼ਵਤ ਖੋਰ ਆਦਮੀ ਸੀ ਅਤੇ ਲੋਕਾਂ ਵਿੱਚ ਧਰਮੀ ਹੋਣ ਦਾ ਨਾਟਕ ਕਰਦਾ ਸੀ। 

ਪ੍ਰਸ਼ਨ 90. ਜਦੋਂ ਗੁਰੂ ਜੀ ਐਮਨਾਬਾਦ ਪਹੁੰਚੇ ਹੋਏ ਸਨ ਤਾਂ ਮਲਿਕ ਭਾਗੋ ਨੇ ਕੀ ਕੀਤਾ?

ਉਤਰ : ਲੋਕਾਂ ਵਿੱਚ ਧਰਮੀ ਬਨਣ ਲਈ ਉਸਨੇ ਅਪਣੇ ਪਿਤਾ ਦੇ ਨਾਮ ਤੇ ਬ੍ਰਹਮ ਭੋਜ ਰੱਖਿਆ ਹੋਇਆ ਸੀ।

ਪ੍ਰਸ਼ਨ 91 . ਮਲਿਕ ਭਾਗੋ ਨੇ ਕਿੰਨਾਂ ਲੋਕਾਂ ਨੂੰ ਬ੍ਰਹਮ ਭੋਜ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੋਇਆ ਸੀ ?

ਉਤਰ : ਉਸਨੇ ਸਾਰੇ ਇਲਾਕੇ ਦੇ ਬ੍ਰਾਹਮਣਾਂ, ਸੰਤਾਂ ਸਾਧੂਆਂ, ਉੱਚ ਜ਼ਾਤੀ ਦੇ ਲੋਕਾਂ ਨੂੰ ਲੰਗਰ ਤੇ ਬੁਲਾਇਆ ਹੋਇਆ ਸੀ ਪਰ ਗਰੀਬ ਤੇ ਨੀਵੀਂ ਜਾਤ ਦੇ ਲੋਕਾਂ ਨੂੰ ਇਸ ਬ੍ਰਹਮ ਭੋਜ ਵਿੱਚ ਆਉਣ ਦੀ ਮਨਾਹੀ ਸੀ। 

ਪ੍ਰਸ਼ਨ 92. ਮਲਿਕ ਭਾਗੋ ਦੇ ਸੱਦੇ ਤੇ ਗੁਰੂ ਨਾਨਕ ਸਾਹਿਬ ਜੀ ਉਸ ਦੇ ਬ੍ਰਹਮ ਭੋਜ ਤੇ ਕਿਉਂ ਨਹੀਂ ਗਏ?

ਉਤਰ : ਕਿਉਂ ਕਿ ਮਲਿਕ ਭਾਗੋ ਲੋਕਾਂ ਵਿੱਚ ਧਰਮੀ ਅਖਵਾਉਣ ਲਈ ਕਰਮਕਾਂਡ ਕਰ ਰਿਹਾ ਸੀ ਅਤੇ ਉਸਨੇ ਜਾਤ-ਪਾਤ, ਅਮੀਰ ਗਰੀਬ ਤੇ ਉੱਚ-ਨੀਚ ਦੇ ਵਖਰੇਂਵੇ ਨਾਲ ਲੰਗਰ ਵਿੱਚ ਸੱਦਾ ਦਿਤਾ ਹੋਇਆ ਸੀ।

ਪ੍ਰਸ਼ਨ 93. ਮਲਿਕ ਭਾਗੋ ਨੇ ਗੁਰੂ ਜੀ ਨੂੰ ਬੁਲਾਉਣ ਲਈ ਕੀ ਕੀਤਾ?

ਉਤਰ : ਮਲਿਕ ਭਾਗੋ ਨੇ ਅਪਣੇ ਅਹਿਲਕਾਰ ਭੇਜ ਕੇ ਗੁਰੂ ਜੀ ਨੂੰ ਜ਼ਬਰੀ ਚੁੱਕ ਕੇ ਲਿਆਉਣ ਦਾ ਹੁਕਮ ਦਿੱਤਾ।

ਪ੍ਰਸ਼ਨ 94. ਮਲਿਕ ਭਾਗੋ ਦੇ ਮੁਲਾਜਮਾਂ ਨੇ ਗੁਰੂ ਜੀ ਨੂੰ ਕੀ ਕਿਹਾ?

ਉਤਰ : ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਤੁਸੀ ਸਾਡੇ ਨਾਲ ਚਲੋ, ਨਹੀਂ ਤਾਂ ਸਾਨੂੰ ਮਜਬੂਰੀ ਜ਼ੋਰ ਜ਼ਬਰਦਸਤੀ ਕਰਕੇ ਅਪਣੇ ਨਾਲ ਲਿਜਾਉਣਾ ਪਵੇਗਾ।

ਪ੍ਰਸ਼ਨ 95. ਜਦੋਂ ਗੁਰੂ ਸਾਹਿਬ ਮਲਿਕ ਭਾਗੋ ਦੇ ਘਰ ਪੁੱਜੇ ਤਾਂ ਉਸ ਨੇ ਗੁਰੂ ਜੀ ਨੂੰ ਕੀ ਕਿਹਾ?

ਉਤਰ : ਉਸਨੇ ਗੁਰੂ ਜੀ ਤੋਂ ਪੁਛਿੱਆ ਕਿ ਤੁਸੀ ਮੇਰੇ ਵਲੋਂ ਕੀਤੇ ਗਏ ‘ਬ੍ਰਹਮ-ਭੋਜ’ ਵਿਚ ਸ਼ਾਮਿਲ ਕਿਉਂ ਨਹੀ ਹੋਏ।

ਪ੍ਰਸ਼ਨ 96. ਗੁਰੂ ਜੀ ਨੇ ਮਲਿਕ ਭਾਗੋ ਨੂੰ ਕੀ ਜ਼ਵਾਬ ਦਿੱਤਾ?

ਉਤਰ : ਗੁਰੂ ਸਾਹਿਬ ਜੀ ਨੇ ਉਸ ਨੂੰ ਆਖਿਆ ਕਿ ਤੇਰੀ ਰੋਟੀ ਮਿਹਨਤ ਦੀ ਕਮਾਈ ਦੀ ਨਹੀਂ।ਤੰੂ ਲੋਕਾਂ ਤੇ ਜ਼ੁਲਮ ਕਰਦਾ ਹੈ। ਰਿਸ਼ਵਤ ਲੈ ਕੇ ਗਰੀਬਾਂ ਦਾ ਖ਼ੂਨ ਚੂਸਦਾ ਹੈ।ਇਸ ਲਈ ਤੇਰੀ ਕਮਾਈ ਧਰਮ ਦੀ ਨਹੀਂ ਹੈ।

ਪ੍ਰਸ਼ਨ 97. ਮਲਿਕ ਭਾਗੋ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀ ਉੱਚ ਜਾਤੀ ਦੇ ਹੋ ਕੇ ਗਰੀਬ ਲਾਲੋ ਦੇ ਘਰ ਭੋਜਨ ਕਿਉਂ ਕਰਦੇ ਹੋ?

ਉਤਰ : ਗੁਰੂ ਜੀ ਨੇ ਕਿਹਾ ਭਾਈ ਲਾਲੋ ਧਰਮ ਦੀ ਕਿਰਤ ਕਰਦੇ ਹੋਏ ਮਿਹਨਤ ਕਰਦਾ ਹੈ ਅਤੇ ਮੈਨੂੰ ਤੇਰੇ ਭੋਜਨ ਨਾਲੋਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਚੰਗੀ ਲਗਦੀ ਹੈ।

ਪ੍ਰਸ਼ਨ 98. ਮਲਿਕ ਭਾਗੋ ਦੇ ਬ੍ਰਹਮ ਭੋਜ ਸਮੇਂ ਚਰਚਾ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ?

ਉਤਰ : ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਸਾਨੂੰ ਉੱਚੀ ਜਾਤ ਦਾ ਘਮੰਡ ਨਹੀਂ ਕਰਨਾ ਚਾਹੀਦਾ ਅਤੇ ਨੀਵਾਂ ਉਹ ਹੈ ਜੋ ਨੀਵੇਂ ਤੇ ਨੀਚ ਕੰਮ ਕਰੇ। ਸੱਚੀ ਕਮਾਈ ਉਹ ਹੈ ਜੋ ਈਮਾਨਦਾਰੀ ਤੇ ਮਿਹਨਤ ਨਾਲ ਕੀਤੀ ਗਈ ਹੋਵੇ। 

ਪ੍ਰਸ਼ਨ 99. ਐਮਨਾਬਾਦ ਵਿਚ ਗੁਰੂ ਸਾਹਿਬ ਜੀ ਦੀ ਯਾਦ ਵਿਚ ਸਥਿਤ ਗੁਰਧਾਮਾਂ ਦੇ ਨਾਮ ਦਸੋਂ? 

ਉਤਰ : 1) ਗੁਰਦੁਆਰਾ ਰੋੜੀ ਸਾਹਿਬ,

   2) ਗੁਰਦੁਆਰਾ ਚੱਕੀ ਸਾਹਿਬ, 

   3) ਗੁਰਦੁਆਰਾ ਖੂਹੀ ਭਾਈ ਲਾਲੋ ਜੀ।

ਪ੍ਰਸ਼ਨ 100. ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਸ਼ਬਦ ਵਿਚ ਭਾਈ ਲਾਲੋ ਜੀ ਦਾ ਨਾਂ ਵਰਤਿਆ ਹੈ? ਗੁਰਬਾਣੀ ਫੁਰਮਾਨ ਦਸੋ?

ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਤਿਲੰਗ ਰਾਗ ਸ਼ਬਦ ਗਾਇਨ ਕੀਤਾ ਹੈ ਜੋਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 722 ਤੇ ਦਰਜ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ 

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥

ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ 

Saturday, 23 October 2021

ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ

ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ
ਬਾਬਾ ਬੁੱਢਾ ਜੀ
        ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਬੜੇ ਉੱਚੇ-ਸੁੱਚੇ ਜੀਵਨ ਵਾਲੇ ਗੁਰਸਿੱਖ ਹੋਏ ਹਨ। ਜਿਨ੍ਹਾਂ ਨੇ ਜਗਤ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਬਾਣੀ ਤੇ ਗੁਰਸਿੱਖੀ ਦਾ ਉਪਦੇਸ਼ ਲਿਆ ਅਤੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਗੁਰਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ।
        ਬਾਬਾ ਬੁੱਢਾ ਜੀ ਦਾ ਪਹਿਲਾ ਨਾਂ ਭਾਈ ਬੂੜਾਸੀ। ਆਪ ਜੀ ਦਾ ਜਨਮ 21 ਅਕਤੂਬਰ 1506 ਈਸਵੀਂ ਨੂੰ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿੱਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਹੋਇਆ। ਮਾਪਿਆਂ ਨੇ ਆਪ ਜੀ ਦਾ ਨਾਮ ਬੂੜਾਰੱਖਿਆ। ਬੂੜਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਹੀ ਉਨ੍ਹਾਂ ਦਾ ਪਰਿਵਾਰ ਪਿੰਡ ਰਮਦਾਸ (ਜ਼ਿਲਾ ਅੰਮ੍ਰਿਤਸਰ) ਵਿਚ ਆ ਵੱਸੇ।
        ਜੱਦ ਭਾਈ ਬੂੜਾ ਜੀ 11 ਕੁ ਵਰ੍ਹਿਆਂ ਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਰਮਦਾਸ ਪਿੰਡ ਦੇ ਨੇੜੇ ਹੀ ਪੜਾਅ ਕੀਤਾ ਹੋਇਆ ਸੀ। ਜਦੋਂ ਗੁਰੂ ਜੀ ਪ੍ਰਭੂ ਸਿਫਤ ਸਾਲਾਹ ਦੇ ਗੁਣ ਗਾਉਂਦੇ ਸਨ ਤਾਂ ਨੇੜਲੇ ਇਲਾਕੇ ਦੀਆਂ ਸੰਗਤਾਂ ਵੀ ਗੁਰ ਉਪਦੇਸ਼ਾਂ ਨੂੰ ਸਰਵਣ ਕਰਨ ਲਈ ਆਉਂਦੀਆਂ ਸਨ। ਇੱਥੇ ਨੇੜੇ ਹੀ ਭਾਈ ਬੂੜਾ ਜੀ ਵੀ ਮੱਝਾਂ ਚਰਾਉਂਦੇ ਹੋਏ ਦੀਵਾਨ ਵਿੱਚ ਆ ਜਾਇਆ ਕਰਦੇ ਸਨ। ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਅਤੇ ਹਰ ਰੋਜ਼ ਗੁਰੂ ਜੀ ਪਾਸ ਆ ਕੇ ਬੈਠ ਜਾਂਦੇ ਅਤੇ ਗੁਰੂ ਉਪਦੇਸ਼ਾਂ ਨੂੰ ਸਰਵਨ ਕਰਦੇ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਇੱਕ ਬੱਚਾ ਹਰ ਰੋਜ ਸਿਮਰਨ-ਅਭਿਆਸ ਦੇ ਸਮੇਂ ਸੰਗਤ ਵਿੱਚ ਆ ਬੈਠਦਾ ਹੈ ਅਤੇ ਪੁਰੇ ਧਿਆਨ ਨਾਲ ਗੁਰ ਉਪਦੇਸ਼ਾਂ ਨੂੰ ਸਰਵਣ ਕਰਦਾ ਹੈ ਤਾਂ ਇੱਕ ਦਿਨ ਗੁਰੂ ਜੀ ਨੇ ਭਾਈ ਬੂੜਾ ਜੀ ਨੂੰ ਅਪਣੇ ਨੇੜੇ ਬੁਲਾ ਕੇ ਪੁਛਿਆ ਕਿ
ਗੁਰੂ ਜੀ : ਕਾਕਾ, ਤੇਰਾ ਕੀ ਨਾਮ ਹੈ ਅਤੇ ਤੂੰ ਕੀ ਕੰਮ ਕਰਦਾ ਹੈ।
ਭਾਈ ਬੂੜਾ ਜੀ : ਸੱਚੇ ਪਾਤਸ਼ਾਹ, ਮੈ ਰਮਦਾਸ ਦਾ ਰਹਿਣ ਵਾਲਾ ਹਾਂ ਤੇ ਮੈ ਮੱਝਾਂ ਚਰਾਉਂਦਾ ਹਾਂ,
ਗੁਰੂ ਜੀ : ਕਾਕਾ, ਤੂੰ ਇੱਥੇ ਕੀ ਕਰਨ ਆਉਂਦਾ ਹੈ, ਤੇਰੇ ਮਨ ਦੀ ਕੀ ਭਾਵਨਾ ਹੈ?
ਭਾਈ ਬੂੜਾ ਜੀ : ਪਾਤਸ਼ਾਹ, ਮੈਂ ਮੌਤ ਦੇ ਭੈਅ ਤੋਂ ਡਰਦਾ ਆਪ ਜੀ ਪਾਸੋਂ ਪਰਮਾਤਮਾ ਦੀ ਸਿਫਤ ਸਾਲਾਹ ਦੇ ਬਚਨ ਸੁਨਣ ਆਉਂਦਾ ਹਾਂ। ਮੈਨੂੰ ਮੌਤ ਦੇ ਡਰ ਤੋਂ ਬਚਾਅ ਲਵੋ।
ਗੁਰੂ ਜੀ: ਅੱਜੇ ਤਾਂ ਤੂੰ ਬੱਚਾ ਹੈ, ਤੇਰੀ ਹਾਲੇ ਹਸਣ-ਖੇਡਣ ਦੀ ਉਮਰ ਹੈ। ਤੈਨੂੰ ਮੌਤ ਦੇ ਭੈਅ ਦਾ ਖਿਆਲ ਕਿਵੇਂ ਆ  ਗਿਆ? ਜਦੋਂ ਵੱਡਾ ਹੋਵੇਗਾ ਤਾਂ ਇਹ ਗੱਲਾਂ ਕਰੀਂ।
ਭਾਈ ਬੂੜਾ ਜੀ: ਦੀਨ ਦੁਨੀਆਂ ਦੇ ਪਾਤਸ਼ਾਹ! ਮੌਤ ਦਾ ਕੀ ਭਰੋਸਾ? ਕੀ ਪਤਾ ਕਦੋਂ ਆ ਜਾਵੇ, ਪਤਾ ਨਹੀ ਮੈ ਵੱਡਾ ਹੋਣਾ ਵੀ ਹੈ ਕਿ ਨਹੀਂ?
ਗੁਰੂ ਜੀ: ਕਾਕਾ, ਏਨੀ ਛੋਟੀ ਉਮਰ ਵਿੱਚ ਗੱਲਾਂ ਬੁੱਢਿਆਂ ਵਰਗੀਆਂ ਕਰਦਾ ਹੈ, ਤੇਰੇ ਮਨ ਵਿੱਚ ਏਨੀ ਛੋਟੀ ਉਮਰੇ ਇਹ ਖਿਆਲ ਕਿਵੇਂ ਆਇਆ?
ਭਾਈ ਬੂੜਾ ਜੀ : ਗੁਰੂ ਜੀ! ਕੁਝ ਸਮਾਂ ਹੋਇਆ ਹੈ, ਇਸ ਇਲਾਕੇ ਵਿੱਚ ਕਈਂ ਪਠਾਨ ਆਏ ਸਨ ਅਤੇ ਉਹ ਧੱਕੇ ਨਾਲ ਸਾਡੀਆਂ ਸਾਰੀਆਂ ਫਸਲਾਂ ਵੱਢ ਕੇ ਲੈ ਗਏ, ਉਹਨਾਂ ਇਹ ਵੀ ਨਹੀਂ ਵੇਖਿਆ ਕਿ ਫਸਲਾਂ ਪੱਕੀਆਂ ਵੀ ਹਨ ਕਿ ਅੱਜੇ ਕੱਚੀਆਂ ਜਾਂ ਅੱਧ ਪੱਕੀਆਂ ਹਨ। ਉਹਨਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਵੇਖ ਕੇ ਮੇਰੇ ਮਨ ਵਿੱਚ ਬਾਰ-ਬਾਰ ਖਿਆਲ ਆਉਂਦਾ ਹੈ ਕਿ ਜਿਸ ਤਰ੍ਹਾਂ ਪਠਾਨ ਕੱਚੀਆਂ-ਅੱਧ ਪੱਕੀਆਂ ਫਸਲਾਂ ਨੂੰ ਵੀ ਵੱਡ ਕੇ ਲੈ ਗਏ ਸਨ, ਇਸੇ ਤਰ੍ਹਾਂ ਹੀ ਮੌਤ ਨੇ ਵੀ ਸੱਭ ਨੂੰ ਆ ਘੇਰਨਾ ਹੈ, ਕੀ ਬੱਚਾ, ਕੀ ਜੁਆਨ ਤੇ ਕੀ ਬੁੱਢਾ, ਉਸ ਨੇ ਬਿਨਾਂ ਕਿਸੇ ਉਮਰ ਲਿਹਾਜ਼ ਦੇ ਜਿੰਦ ਨੂੰ ਆ ਦਬੋਚਨਾ ਹੈ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ? ਇਸ ਕਰਕੇ ਮੈਂ ਮੌਤ ਤੋਂ ਡਰਦਾ ਹਾਂ, ਤੇ ਇਹ ਆਸ ਧਾਰ ਕੇ ਤੁਹਾਡੇ ਪਾਸ ਆਉਂਦਾ ਹਾਂ ਕਿ ਤੁਸੀਂ ਮੇਰਾ ਇਹ ਡਰ ਦੂਰ ਕਰੋਗੇ।
        ਭਾਈ ਬੂੜਾ ਜੀ ਦੀ ਇਹ ਗੱਲ ਸੁਣ ਗੁਰੂ ਜੀ ਨੇ ਭਾਈ ਬੂੜਾ ਨੂੰ ਕਿਹਾ ਕਿ ਤੂੰ ਹੈਂ ਤਾਂ ਬੱਚਾ ਪਰ ਗੱਲਾਂ ਬੁੱਢਿਆਂ-ਸਿਆਣਿਆ ਵਾਲੀਆਂ ਕਰਦਾ ਹੈ। ਤੂੰ ਤਾਂ ਬੱਚਾ ਨਹੀਂ, ਬੁੱਢਾ ਹੈਂ। ਪਰਮਾਤਮਾ ਮੌਤ ਨਾਲੋਂ ਕਿਤੇ ਵਧੇਰੇ ਵਡਾ ਅਤੇ ਬਲਵਾਨ ਹੈ। ਹਰ ਵੇਲੇ ਉਸਨੂੰ ਯਾਦ ਕਰਿਆ ਕਰ, ਫੇਰ ਤੈਨੂੰ ਮੌਤ ਕੀ, ਹਰ ਤਰ੍ਹਾ ਦੇ ਡਰ ਤੋਂ ਛੁਟਕਾਰਾ ਮਿਲ ਜਾਵੇਗਾ।
        ਉਸ ਦਿਨ ਤੋਂ ਭਾਈ ਬੂੜਾ ਜੀ ਦਾ ਨਾਮ ਬੁੱਢਾਜੀ ਪੈ ਗਿਆ। ਸਿੱਖ ਸੰਗਤਾਂ ਉਨ੍ਹਾਂ ਨੂੰ 'ਬਾਬਾ ਬੁੱਢਾਜੀ ਬੁਲਾਕੇ ਸਤਿਕਾਰ ਦੇਂਦੀਆਂ ਹਨ। ਉਸ ਦਿਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗੁਰਸਿੱਖੀ ਧਾਰਨ ਕਰ ਲਈ ਅਤੇ ਉਹ ਗੁਰੂ ਦਰਬਾਰ ਤੇ ਸੰਗਤਾਂ ਦੀ ਟਹਿਲ ਸੇਵਾ ਕਰਦੇ ਅਤੇ ਉਨ੍ਹਾਂ ਨੇ ਜੀਵਨ ਭਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਵਿਖਾਇਆ।
        ਬਾਬਾ ਬੁੱਢਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਅਜੇਹੀ ਅਪਾਰ ਬਖਸ਼ਿਸ਼ ਹੋਈ ਕਿ ਜਦੋਂ ਆਪ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਦਾ ਰੂਪ ਬਣਾ ਕੇ ਗੁਰਤਾਗੱਦੀ ਦੀ ਜਿੰਮੇਵਾਰੀ ਸੌਂਪੀ ਤਾਂ ਬਾਬਾ ਬੁੱਢਾ ਜੀ ਨੂੰ ਗੁਰਤਾਗੱਦੀ ਦੀ ਰਸਮ ਅਦਾ ਕਰਨ ਦੀ ਜਿੰਮੇਵਾਰੀ ਦਿੱਤੀ ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਵਲੋਂ ਗੁਰੂ ਅੰਗਦ ਸਾਹਿਬ ਜੀ ਨੂੰ ਸਰੋਪਾ ਭੇਟ ਕੀਤਾ। ਇਸੇ ਤਰ੍ਹਾਂ ਹੀ ਬਾਬਾ ਬੁੱਢਾ ਜੀ ਬਾਅਦ ਵਿੱਚ ਵੀ ਜੀਵਨ ਭਰ ਤੀਜੀ, ਚੌਥੀ, ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਗੁਰੂ ਹੁਕਮਾਂ ਅਨੁਸਾਰ ਗੁਰਤਾਗੱਦੀ ਦੇਣ ਦੀ ਰਸਮ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇੱਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਬਾਕੀ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦੇ ਪਰਿਵਾਰ ਨੂੰ ਇਹ ਜ਼ਿੰਮੇਵਾਰੀ ਦਾ ਅਧਿਕਾਰ ਦਿੱਤਾ।
        ਗੁਰੂ ਅਮਰਦਾਸ ਜੀ ਦੇ ਹੁਕਮਾਂ ਅਨੁਸਾਰ ਜਦੋਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ (ਗੁਰੂ ਕਾ ਚੱਕ) ਸ਼ਹਿਰ ਅਤੇ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ ਤਾਂ ਬਾਬਾ ਬੁੱਢਾ ਜੀ ਨੇ ਪੂਰੀ ਤਨਦੇਹੀ ਨਾਲ ਮੁੱਖ ਪ੍ਰਬੰਧਕ ਦੇ ਰੂਪ ਵਿਚ ਸਾਰੀ ਸੇਵਾ ਨਿਭਾਈ।
        ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਨ ਦੀ ਤਿਆਰੀ ਅਰੰਭ ਕੀਤੀ ਤਾਂ ਬਾਬਾ ਬੁੱਢਾ ਜੀ ਨੂੰ ਇਸ ਸੇਵਾ ਦੀ ਮੁੱਖ ਜਿੰਮੇਵਾਰੀ ਸੌਂਪੀ ਸੀ। ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿਚ ਅੱਜ ਵੀ 'ਬਾਬਾ ਬੁੱਢਾ ਜੀ ਦੀ ਬੇਰੀ' ਮੌਜੂਦ ਹੈ। ਇਸੇ ਬੇਰੀ ਹੇਠ ਬੈਠ ਕੇ ਉਹ ਸੰਗਤਾਂ ਪਾਸੋਂ ਕਾਰ ਸੇਵਾ ਕਰਵਾਇਆ ਕਰਦੇ ਸਨ। ਉਹ ਆਪ ਖੁੱਦ ਹੱਥੀਂ ਸੇਵਾ ਕਰਦੇ ਅਤੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਣਾ ਦਿੰਦੇ ਸਨ। ਜਿੱਥੇ ਬਾਬਾ ਬੁੱਢਾ ਜੀ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਸਨ, ਉੱਥੇ ਨਾਲ ਹੀ ਉਹ ਸ਼ਸ਼ਤਰ ਵਿਦਿਆ ਵਿਚ ਵੀ ਨਿਪੁੰਨ ਸਨ।
        ਜਦੋਂ ਗੁਰੂ ਅਰਜਨ ਸਾਹਿਬ ਜੀ ਨੇ (ਗੁਰੂ) ਗ੍ਰੰਥ ਸਾਹਿਬ ਦੀ ਆਦਿ ਬੀੜ ਤਿਆਰ ਕਰਕੇ ਉਸਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ, ਤਾਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਗੁਰੂ ਅਰਜਨ ਸਾਹਿਬ ਜੀ ਦੇ ਅਪਣੇ ਸਪੁੱਤਰ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਧਰਮ ਸ਼ਾਸਤਰ ਅਤੇ ਸ਼ਸ਼ਤਰ ਵਿਦਿਆ ਦਾ ਗਿਆਨ ਦੇਣ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਲਗਾਈ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਅਕਾਲ ਬੁੰਗਾ ਸਾਹਿਬ ਸਥਾਪਿਤ ਕਰਨ ਸਮੇਂ ਸਾਰੀ ਕਾਰ ਸੇਵਾ ਦੀ ਦੇਖ ਰੇਖ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਸੀ।
        ਜਦੋਂ ਦਿੱਲੀ ਹੁਕਮਰਾਨ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਿਗਰਾਨੀ ਵਿਚ ਲੈ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਕੁੱਝ ਸਮੇਂ ਬਾਅਦ ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਜੀ ਦੀ ਖ਼ਬਰ ਲੈਣ ਲਈ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਭੇਜਿਆ ਸੀ। ਗੁਰੂ ਸਾਹਿਬ ਜੀ ਦੀ ਨਿਗਰਾਨੀ ਸਮੇਂ ਹੀ ਬਾਬਾ ਬੁੱਢਾ ਜੀ ਦੀ ਪ੍ਰੇਰਣਾ ਨਾਲ ਸ਼ਾਮ ਵੇਲੇ ਸੰਗਤਾਂ ਜੱਥੇ ਜਾਂ ਚੌਂਕੀ ਬਣਾ ਕੇ ਸ਼ਬਦ ਗਾਇਨ ਕਰਦੇ ਹੋਏ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦੀਆਂ ਅਤੇ ਸਮਾਪਤੀ ਦੀ ਅਰਦਾਸ ਕਰਕੇ ਵਿਦਾ ਹੁੰਦੀਆਂ ਸਨ। ਇਹ ਸ਼ਬਦ ਚੌਂਕੀਆਂ ਦੀ ਰੀਤ ਅਜਿਹੀ ਮਕਬੂਲ ਹੋਈ ਕਿ ਹੁਣ ਵੀ ਸ਼੍ਰੀ ਦਰਬਾਰ ਸਾਹਿਬ ਸਮੇਤ ਕਈਂ ਗੁਰਦੁਆਰਾ ਸਾਹਿਬ ਵਿੱਚ ਇੱਹ ਰੀਤ ਪ੍ਰਚਲਤ ਹੈ।
        ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਆਪ ਜੀ ਬੇਸ਼ਕ ਸ਼ਰੀਰ ਪੱਖੋਂ ਕਾਫੀ ਬਿਰਧ ਹੋ ਗਏ ਸਨ ਪਰ ਆਪ ਜੀ ਇਸ ਉਮਰ ਵਿੱਚ ਵੀ ਗੁਰੂ ਘਰ ਦੀ ਲਗਾਤਾਰ ਸੇਵਾਵਾਂ ਨਿਭਾਉਂਦੇ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮਾਨੁਸਾਰ ਆਪ ਜੀ ਆਪਣੇ ਜੱਦੀ ਪਿੰਡ ਰਮਦਾਸ ਆ ਗਏ। ਆਪ ਜੀ ਦੇ ਅੰਤਮ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਰਮਦਾਸ ਪੁੱਜੇ। ਗੁਰੂ ਜੀ ਦੇ ਦਰਸ਼ਨ ਕਰਕੇ 16 ਨਵੰਬਰ 1631 ਨੂੰ ਬਾਬਾ ਬੁੱਢਾ ਜੀ ਲਗਭਗ 125 ਸਾਲ ਦੀ ਉਮਰ ਭੋਗ ਕੇ ਗੁਰਪੁਰੀ ਸਿਧਾਰੇ।
        ਆਪ ਜੀ ਦੇ ਪਰਿਵਾਰ ਨੂੰ ਹੀ ਇਹ ਮਾਣ ਸੀ ਕਿ ਆਪ ਜੀ ਦੇ ਅਕਾਲ ਚਲਾਨਾ ਕਰ ਜਾਣ ਉਪਰਾਂਤ ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਮ ਪਾਤਸ਼ਾਹ ਜੀ ਨੂੰ ਗੁਰਤਾਗੱਦੀ ਦੇਣ ਸਮੇਂ ਦੀ ਰਸਮ ਕਰਨ ਦੀ ਸੇਵਾ ਦੀ ਜਿੰਮੇਵਾਰੀ ਗੁਰੂ ਸਾਹਿਬਾਨ ਵਲੋਂ ਸੌਂਪੀ ਜਾਂਦੀ ਰਹੀ ਸੀ।
ਜਸਪ੍ਰੀਤ ਕੋਰ

Friday, 22 October 2021

ਸੰਖੇਪ ਜੀਵਨ ਗੁਰੂ ਰਾਮਦਾਸ ਸਾਹਿਬ ਜੀ

 ਸੰਖੇਪ ਜੀਵਨ ਗੁਰੂ ਰਾਮਦਾਸ ਸਾਹਿਬ ਜੀ

ਜਸਪ੍ਰੀਤ ਕੌਰ

        ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੋਰ ਵਿੱਖੇ 24 ਸਤੰਬਰ 1534 ਈਸਵੀਂ ਨੂੰ ਮਾਤਾ ਦਇਆ ਕੋਰ ਜੀ ਦੀ ਕੁਖੋਂ ਪਿਤਾ ਹਰਿਦਾਸ ਜੀ ਦੇ ਘਰ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ। ਸੱਤ ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਜੀ ਵੀ ਚੜਾਈ ਕਰ ਗਏ। ਭਾਈ ਜੇਠਾ ਜੀ ਨੂੰ ਉਹਨਾਂ ਦੇ ਨਾਨੀ ਜੀ ਨਾਨਕੇ ਪਿੰਡ ਬਾਸਰਕੇ ਲੈ ਆਏ। ਬਾਸਰਕੇ ਆ ਕੇ ਆਪ ਨੇ ਛੋਟੀ ਉਮਰ ਘੁੰਗਣੀਆਂ ਵੇਚਣੀਆਂ ਆਰੰਭ ਕੀਤੀਆਂ।  ਜਦੋਂ ਗੁਰੂ ਅਮਰਦਾਸ ਜੀ ਨੇ, ਗੁਰੂ ਅੰਗਦ ਸਾਹਿਬ ਜੀ ਦੇ ਹੁਕਮਾਂ ਨਾਲ ਗੋਇੰਦਵਾਲ ਨਗਰ ਵਸਾਉਣਾ ਸ਼ੁਰੂ ਕੀਤਾ ਤਾਂ ਆਪ ਜੀ ਬਾਕੀ ਸੰਗਤਾਂ ਨਾਲ ਆਪਣੀ ਨਾਨੀ ਸਮੇਤ ਗੋਇੰਦਵਾਲ ਆ ਗਏ ਅਤੇ ਘੁੰਗਣੀਆਂ ਵੇਚਣ ਲੱਗੇ। ਆਪ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਗੁਰੂ ਸੰਗਤ ਦੀ ਸੇਵਾ ਕਰਦੇ। ਇੱਥੇ ਹੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਅਨੰਦ ਕਾਰਜ ਭਾਈ ਜੇਠਾ ਜੀ ਨਾਲ ਕਰ ਦਿੱਤਾ। ਆਪ ਜੀ ਦੇ ਘਰ 3 ਸਪੁਤਰਾਂ {ਬਾਬਾ ਪ੍ਰਿਥੀਚੰਦ, ਮਹਾਂਦੇਵ ਤੇ (ਗੁਰੂ) ਅਰਜਨ ਸਾਹਿਬ ਜੀ }ਨੇ ਜਨਮ ਲਿਆ। ਭਾਈ ਜੇਠਾ ਜੀ ਭਾਵੇਂ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿਚ ਜਵਾਈ ਲਗਦੇ ਸਨ ਪਰ ਸਭ ਦੁਨਿਆਵੀਂ ਰਿਸ਼ਤੇ ਭੁਲਾ ਕੇ, ਭਾਈ ਜੇਠਾ ਜੀ ਗੁਰੂ ਦੇ ਸਿੱਖ ਹੋ ਕੇ ਸੇਵਾ ਕਰਦੇ ਰਹੇ।

        ਗੁਰੂ ਅਮਰਦਾਸ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੇ ਗੁਰੂ ਕਾ ਚੱਕ ਨਗਰ ਵਸਾਇਆ ਜੋ ਕਿ ਬਾਅਦ ਵਿਚ ਰਾਮਦਾਸਪੁਰਾ ਤੇ ਫਿਰ ਸ਼੍ਰੀ ਅੰਮ੍ਰਿਤਸਰ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਵਾਰਿਸ ਜਾਣ ਕੇ ਗੁਰਤਾਗੱਦੀ ਸੌਂਪਣ ਦਾ ਫੈਸਲਾ ਲਿਆ। ਗੁਰੂ ਅਮਰਦਾਸ ਜੀ ਨੇ ਆਪਣੀ ਸਾਰੀ ਬਾਣੀ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਅਤੇ ਭਗਤਾਂ ਦੀ ਬਾਣੀ ਦੀ ਸਾਰੀ ਪੋਥੀ ਭਾਈ ਜੇਠਾ ਜੀ ਨੂੰ ਸੌਂਪ ਕੇ ਗੁਰਤਾਗੱਦੀ ਬਖ਼ਸ਼ ਦਿੱਤੀ। ਜਦੋਂ ਆਪ ਜੀ ਨੂੰ 1574 ਵਿੱਚ ਗੁਰਿਆਈ ਬਖਸ਼ੀ ਤਾਂ ਆਪ ਜੀ ਨੇ ਵੈਰਾਗ ਵਿੱਚ ਆਕੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਸੱਚੇ ਪਾਤਸ਼ਾਹ! ਆਪ ਜੀ ਨੇ ਮੇਰੇ ਵਰਗੇ ਗਲੀਆਂ ਵਿੱਚ ਰੂਲਣ ਵਾਲੇ ਯਤੀਮ ਨੂੰ ਆਪਣੀ ਕਿਰਪਾ ਨਾਲ ਅਰਸ਼ਾ ਤੇ ਅਪੜਾ ਦਿੱਤਾ ਹੈ। ਇਸ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਨੇ ਆਪਣੀ ਵੇਦਨਾ ਇਉਂ ਪ੍ਰਗਟ ਕੀਤੀ ਹੈ 

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥ 

        ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ ਮਸੰਦ ਪ੍ਰਥਾ (ਪ੍ਰਚਾਰਕ) ਕਾਇਮ ਕੀਤੀ। ਉੱਚੇ-ਸੁੱਚੇ ਕਿਰਦਾਰ ਵਾਲੇ ਗੁਰਸਿੱਖ ਆਪਣੀ ਕਿਰਤ ਕਰਦੇ ਹੋਏ ਮਸੰਦ ਦੀ ਸੇਵਾ ਨਿਭਾਉਣ ਲੱਗੇ। ਸਿੱਖੀ ਦੇ ਨਵੇਂ ਪ੍ਰਚਾਰ ਕੇਂਦਰ ‘ਗੁਰੂ ਕਾ ਚੱਕ’ ਵਿੱਖੇ ਆਪ ਜੀ ਨੇ ਵੱਖੋ-ਵੱਖ ਕਾਰ-ਵਿਹਾਰ ਵਾਲੇ ਪਰਿਵਾਰਾਂ ਨੂੰ ਵਸਾਉਣਾ ਆਰੰਭ ਕੀਤਾ। ਸੰਨ 1577 ਵਿਚ ਆਪ ਜੀ ਨੇ ਇਕ ਤਾਲ (ਅੰਮ੍ਰਿਤਸਰ) ਖੁਦਵਾਇਆ ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨ ਕਰਵਾਇਆ।

        ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਦਾ ਉਚਾਰਣ ਕੀਤਾ ਜੋ ਕਿ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ। ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਵਿਚੋਂ ਵਾਰਾਂ, ਘੋੜੀਆਂ, ਲਾਵਾਂ, ਕਰਹਲੇ, ਮਾਰੂ ਸੌਲਹੇ, ਵਣਜਾਰਾ ਆਦਿਕ ਵਿਸ਼ੇਸ਼ ਰਚਨਾਵਾਂ ਹਨ। ਆਪ ਜੀ ਅਪਣੇ ਛੋਟੇ ਸਪੁੱਤਰ (ਗੁਰੂ) ਅਰਜਨ ਸਾਹਿਬ ਨੂੰ ਗੁਰਤਾਗੱਦੀ ਦੇ ਯੋਗ ਜਾਣ ਗੁਰਿਆਈ ਦੀ ਜਿੰਮੇਵਾਰੀ ਸੌਂਪ 1 ਸਤੰਬਰ 1581 ਈਸਵੀਂ ਨੂੰ ਜੋਤੀ ਜੋਤ ਸਮਾ ਗਏ।

Wednesday, 20 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-6 (ਗੁਰੂ ਨਾਨਕ ਸਾਹਿਬ ਜੀ)

ਪ੍ਰਸ਼ਨ 76. ਅਪਣੀ ਪਹਿਲੀ ਧਰਮ ਪ੍ਰਚਾਰ ਯਾਤਰਾ ਦੋਰਾਨ ਗੁਰੂ ਨਾਨਕ ਸਾਹਿਬ ਜੀ ਨੇ ਲਾਹੋਰ ਵਿੱਖੇ ਕਿਸ ਦਾ ਹੰਕਾਰ ਤੋੜਿਆ ?

ਉਤਰ : ਦੁਨੀ ਚੰਦ ਦਾ।

ਪ੍ਰਸ਼ਨ 77. ਦੁਨੀ ਚੰਦ ਕੌਣ ਸੀ ਅਤੇ ਉਸ ਨੂੰ ਕਿਸ ਗੱਲ ਦਾ ਹੰਕਾਰ ਸੀ ?

ਉਤਰ : ਦੁਨੀ ਚੰਦ ਲਾਹੋਰ ਦਾ ਰਹਿਣ ਵਾਲਾ ਅਮੀਰ ਆਦਮੀ ਸੀ।ਜਿਸ ਦੀ ਹਵੇਲੀ ਤੇ 7 ਝੰਡੀਆ ਲੱਗੀਆਂ ਹੋਈਆਂ ਸਨ ਜੋ ਇਸ ਗੱਲ ਦਾ ਪ੍ਰਤੀਕ ਸਨ ਕਿ ਇਹ 7 ਕਰੌੜੀ ਟਕੇ ਦਾ ਮਾਲਿਕ ਹੈ। ਇਸ ਗੱਲ ਦਾ ਉਹ ਬਹੁਤ ਹੰਕਾਰ ਕਰਦਾ ਸੀ।

ਪ੍ਰਸ਼ਨ 78. ਜਦੋਂ ਗੁਰੂ ਨਾਨਕ ਸਾਹਿਬ ਜੀ ਲਾਹੋਰ ਵਿੱਚ ਸਨ ਤਾ ਉਸ ਸਮੇਂ ਦੁਨੀ ਚੰਦ ਨੇ ਅਪਣੇ ਘਰ ਕਿਸ ਗੱਲ ਤੇ ਲੰਗਰ ਲਾਇਆ ਹੋਇਆ ਸੀ।

ਉਤਰ : ਦੁਨੀ ਚੰਦ ਨੇ ਆਪਣੇ ਘਰ ਆਪਣੇ ਮਰ ਚੁੱਕੇ ਪਿਤਾ ਦੇ ਨਮਿੱਤ ਸਰਾਧ ਕੀਤਾ ਹੋਇਆ ਸੀ ਅਤੇ ਪੰਡਿਤਾਂ ਨੂੰ ਦਾਨ-ਪੁੰਨ ਕਰ ਰਿਹਾ ਸੀ।

ਪ੍ਰਸ਼ਨ 79. ਗੁਰੂ ਨਾਨਕ ਸਾਹਿਬ ਜੀ ਨੇ ਦੁਨੀ ਚੰਦ ਨੂੰ ਸਰਾਧ ਬਾਰੇ ਕੀ ਉਪਦੇਸ਼ ਦਿੱਤਾ?

ਉਤਰ : ਗੁਰੂ ਸਾਹਿਬ ਨੇ ਦੁਨੀ ਚੰਦ ਨੂੰ ਸਮਝਾਇਆ ਕਿ “ਸਰਾਧ ਵੇਲੇ ਪੰਡਤਾਂ ਨੂੰ ਪਿੱਤਰਾਂ ਨਮਿੱਤ ਦਿੱਤਾ ਗਿਆ ਦਾਨ-ਪੁੰਨ ਉਹਨਾਂ ਨੂੰ ਨਹੀਂ ਪਹੁੰਚ ਸਕਦਾ।ਇਹ ਸੱਭ ਕਰਮਕਾਂਡ ਕਰਨੇ ਆਪਣੇ ਹੰਕਾਰ ਨੂੰ ਵਧਾਉਣਾ ਹੀ ਹੈ।

ਪ੍ਰਸ਼ਨ 80. ਗੁਰੂ ਜੀ ਨੇ ਦੁਨੀ ਚੰਦ ਨੂੰ ਆਤਮਿਕ ਗਿਆਨ ਦੇਣ ਲਈ ਕੀ ਕੌਤਕ ਰਚਾਇਆ?

ਉਤਰ : ਗੁਰੂ ਜੀ ਨੇ ਹੰਕਾਰੀ ਦੁਨੀ ਚੰਦ ਨੂੰ ਇੱਕ ਸੂਈ ਦੇ ਕੇ ਕਿਹਾ ਕਿ ਇਹ ਸਾਡੀ ਅਮਾਨਤ ਰੱਖ ਲਉ ਅਤੇ ਅਸੀ ਮਰਨ ਉਪਰਾਂਤ ਅਗਲੇ ਜਨਮ ਵਿੱਚ ਤੁਹਾਡੇ ਕੋਲੋਂ ਇਹ ਅਪਣੀ ਅਮਾਨਤ ਲੈ ਲਵਾਂਗੇਂ।

ਪ੍ਰਸ਼ਨ 81. ਗੁਰੂ ਜੀ ਤੋਂ ਸੂਈ ਲੈਣ ਉਪਰਾਂਤ ਦੁਨੀ ਚੰਦ ਨੇ ਕੀ ਕੀਤਾ?

ਉਤਰ : ਦੁਨੀ ਚੰਦ ਸੂਈ ਲੈ ਕੇ ਘਰ ਆ ਗਿਆ ਤੇ ਅਪਣੀ ਪਤਨੀ ਨੂੰ ਸੂਈ ਦਿੰਦੇ ਸਾਰੀ ਵਾਰਤਾ ਦੱਸੀ ਤਾਂ ਉਸ ਦੀ ਪਤਨੀ ਨੇ ਦੁਨੀ ਚੰਦ ਨੂੰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਾਡੇ ਮਰਨ ਉਪਰਾਂਤ ਕੋਈ ਵੀ ਦੁਨਿਆਵੀਂ ਚੀਜ਼ ਸਾਡੇ ਨਾਲ ਅਗਲੇ ਜਨਮ ਵਿੱਚ ਚੱਲੀ ਜਾਵੇਗੀ। ਜਦੋਂ ਸਾਡਾ ਸ਼ਰੀਰ ਵੀ ਇੱਥੇ ਹੀ ਰਹਿ ਜਾਣਾ ਹੈ ਤਾਂ ਅਸੀ ਇਹ ਅਮਾਨਤ ਗੁਰੂ ਜੀ ਨੂੰ ਵਾਪਿਸ ਕਿਵੇਂ ਕਰ ਸਕਦੇ ਹਾਂ।

ਪ੍ਰਸ਼ਨ 82. ਦੁਨੀ ਚੰਦ ਨੇ ਅਪਣੀ ਪਤਨੀ ਦੀ ਗੱਲ ਸੁਨਣ ਉਪਰਾਂਤ ਕੀ ਕੀਤਾ?

ਉਤਰ : ਉਹ ਅਪਣੀ ਪਤਨੀ ਸਮੇਤ ਗੁਰੂ ਜੀ ਦੇ ਚਰਣੀ ਢਹਿ ਪਿਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਦੀ ਇਹ ਅਮਾਨਤ ਮੈਂ ਅਗਲੇ ਜਨਮ ਵਿੱਚ ਕਿਵੇਂ ਦੇ ਸਕਦਾ ਹਾਂ, ਉੱਥੇ ਤਾਂ ਮੇਰਾ ਸ਼ਰੀਰ ਵੀ ਨਾਲ ਨਹੀਂ ਜਾਣਾ।

ਪ੍ਰਸ਼ਨ 83. ਦੁਨੀ ਚੰਦ ਦੀ ਗੱਲ ਸੁਣ ਗੁਰੂ ਜੀ ਨੇ ਦੁਨੀ ਚੰਦ ਨੂੰ ਕੀ ਸਮਝਾਇਆ? 

ਉਤਰ : ਗੁਰੂ ਜੀ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਮਰਨ ਪਿੱਛੋਂ ਜੇਕਰ ਮੇਰੇ ਵਲੋਂ ਦਿੱਤੀ ਗਈ ਇਹ ਸੂਈ, ਦੌਲਤ ਜਾਂ ਕੋਈ ਵੀ ਚੀਜ਼ ਨਾਲ ਨਹੀਂ ਜਾ ਸਕਦੀ, ਉਸੇ ਤਰ੍ਹਾਂ ਹੀ ਮਰ ਚੁੱਕੇ ਵੱਡੇ-ਵਡੇਰਿਆਂ ਦੇ ਨਾਂ ਤੇ ਕੀਤਾ ਗਿਆ ਦਾਨ ਵੀ ਉਨ੍ਹਾਂ ਪਾਸ ਨਹੀਂ ਪਹੁੰਚ ਸਕਦਾ।

ਪ੍ਰਸ਼ਨ 84. ਦੁਨੀ ਚੰਦ ਨੇ ਆਪਣੀ ਜਗਿਆਸਾ ਵਧਾਉਂਦੇ ਗੁਰੂ ਜੀ ਨੂੰ ਪੁਛਿਆ ਕਿ ਫਿਰ ਮਰਨ ਉਪਰਾਂਤ ਮਨੁੱਖ ਨਾਲ ਕੀ ਜਾਂਦਾ ਹੈ?

ਉਤਰ : ਪ੍ਰਭੂ ਦੀ ਸਿਫਤ ਸਾਲਾਹ, ਚੰਗਾ ਆਚਰਣ, ਲੋਕ ਭਲਾਈ ਕੰਮ ਹੀ ਮਨੱੁਖ ਵਲੋਂ ਕਮਾਇਆ ਹੋਇਆ ਖਜ਼ਾਨਾ ਹੁੰਦਾ ਹੈ ਜੋ ਕਿ ਮਨੁੱਖ ਦੇ ਜਿਉਂਦਿਆਂ ਵੀ ਕੰਮ ਆਉਂਦੇ ਹਨ ਅਤੇ ਮਰਨ ਉਪਰਾਂਤ ਉਸ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਸਮਾਜ ਸ਼ਲਾਘਾ ਕਰਦਾ ਹੈ।

ਪ੍ਰਸ਼ਨ 85. ਭਾਈ ਲਾਲੋ ਕਿੱਥੋਂ ਦਾ ਰਹਿਣ ਵਾਲਾ ਸੀ?

ਉਤਰ : ਐਮਨਾਬਾਦ (ਜਿਸ ਦਾ ਪਹਿਲਾ ਨਾਮ ਸੈਦਪੁਰ ਸੀ)

Tuesday, 19 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-5 (ਗੁਰੂ ਨਾਨਕ ਸਾਹਿਬ ਜੀ)

 ਪ੍ਰਸ਼ਨ 63. ਗੁਰੂ ਨਾਨਕ ਸਾਹਿਬ ਜੀ ਨੂੰ ਰੋਗੀ ਸਮਝ ਪਿਤਾ ਕਲਿਆਣ ਦਾਸ ਜੀ ਨੇ ਕੀ ਕੀਤਾ ?

ਉਤਰ : ਗੁਰੂ ਨਾਨਕ ਸਾਹਿਬ ਜੀ ਦੀ ਆਤਮਿਕ ਅਵਸਥਾ ਨੂੰ ਨਾ ਸਮਝਦੇ ਹੋਏ ਆਪ ਜੀ ਦੇ ਪਿਤਾ ਜੀ ਨੇ ਸੋਚਿਆ ਕਿ ਸ਼ਾਇਦ ਆਪ ਨੂੰ ਕੋਈ ਰੋਗ ਲਗ ਗਿਆ ਹੈ ਇਸ ਲਈ ਉਹ ਇਕ ਵੈਦ ਨੂੰ ਬੁਲਾ ਲਿਆਏ।

ਪ੍ਰਸ਼ਨ 64. ਜਦੋਂ ਵੈਦ ਗੁਰੂ ਜੀ ਦੀ ਨਬਜ਼ ਨੂੰ ਫੜ ਬੀਮਾਰੀ ਵੇਖਣ ਲਗਾ ਤਾਂ ਗੁਰੂ ਜੀ  ਬਾਰੇ ਕੀ ਆਖਿਆ ਸੀ ?

ਉਤਰ : ਜਦੋਂ ਵੈਦ ਗੁਰੂ ਸਾਹਿਬ ਜੀ ਦੀ ਨਬਜ਼ ਵੇਖ ਰਿਹਾ ਸੀ, ਤਾਂ ਗੁਰੂ ਸਾਹਿਬ ਪਾਸੋਂ  ਰੁਹਾਨੀਅਤ ਦੇ ਫ਼ਲਸਫ਼ੇ ਦੀਆਂ ਗੱਲਾਂ ਸੁਣ ਕੇ ਵੈਦ ਨੇ ਮਹਿਤਾ ਕਲਿਆਣ ਦਾਸ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਕੋਈ ਰੋਗ ਨਹੀਂ ਹੈ ਬਲਕਿ ਉਹ ਤਾਂ ਇਕ ਰੂਹਾਨੀਅਤ ਸ਼ਖ਼ਸੀਅਤ ਹਨ।

ਪ੍ਰਸ਼ਨ 65. ਇਸ ਘਟਨਾ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜਾ ਸ਼ਬਦ ਦਰਜ਼ ਹੈ?

ਉਤਰ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1278 ਤੇ ਸ਼ਬਦ ਸੁਭਾਇਮਾਨ ਹੈ :-

ਵੈਦੁ ਬੁਲਾਇਆ ਵੈਦਗੀ ਪਕਢਿ ਢੰਢੋਲੇ ਬਾਂਹ॥

ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥1॥ 

ਪ੍ਰਸ਼ਨ 66. ਸੁਲਤਾਨਪੁਰ ਵਿੱਖੇ ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ ਵਿੱਚੋਂ ਨਿਕਲ ਕੇ ਕਿਹੜਾ ਨਾਅਰਾ ਲਾਇਆ?

ਉਤਰ : ‘ਨਾ ਕੋ ਹਿੰਦੂ ਨਾ ਮੁਸਲਮਾਨ’

ਪ੍ਰਸ਼ਨ 67. ‘ਨਾ ਕੋ ਹਿੰਦੂ ਨਾ ਮੁਸਲਮਾਨ’ ਤੋਂ ਕੀ ਭਾਵ ਸੀ?

ਉਤਰ : ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਤੋਂ ਭਾਵ ਕਿ ਹਿੰਦੂ ਮੁਸਲਮਾਨ ਦੇ ਆਪਸੀ ਵਿਤਕਰੇ ਛੱਡੋ ਅਤੇ ਸੱਭ ਖਲਕਤ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਮਿਆ ਸਮਝੋ।

ਪ੍ਰਸ਼ਨ 68. ਜਦੋਂ ਇਹ ਗਲ ਨਵਾਬ ਦੋਲਤ ਖ਼ਾਨ ਤੇ ਕਾਜ਼ੀ ਨੇ ਸੁਣੀ ਤਾਂ ਉਹਨਾਂ ਗੁਰੂ ਜੀ ਨੂੰ ਕੀ ਕਿਹਾ?

ਉਤਰ : ਉਨ੍ਹਾਂ ਗੁਰੂ ਜੀ ਨੂੰ ਕਿਹਾ ਕਿ ‘ਜੇਕਰ ਤੁਹਾਨੂੰ ਮੁਸਲਮਾਨ ਤੇ ਹਿੰਦੂਆਂ ਵਿੱਚ ਇਕੋ ਅਲ੍ਹਾ/ਰੱਬ ਨਜਰ ਆਉਂਦਾ ਹੈ ਤਾਂ ਸਾਡੇ ਨਾਲ ਰੱਲਕੇ ਨਮਾਜ਼ ਪੜੋ੍’। 

ਪ੍ਰਸ਼ਨ 69. ਨਮਾਜ਼ ਪੜ੍ਹਣ ਸਮੇਂ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਕਰਾਉਂਦੇ ਵੇਖ ਕਾਜ਼ੀ ਨੇ ਗੁਰੂ ਜੀ ਨੂੰ ਕੀ ਕਿਹਾ ?

ਉਤਰ : ਨਮਾਜ਼ ਖਤਮ ਹੋਣ ਤੇ ਕਾਜ਼ੀ ਨੇ ਗੁਰੂ ਜੀ ਨੂੰ ਮੁਸਕਰਾਉਂਦੇ ਵੇਖ ਨਮਾਜ਼ ਨਾ ਪੜ੍ਹਣ ਦਾ ਸ਼ਿਕਵਾ ਕੀਤਾ।

ਪ੍ਰਸ਼ਨ 70. ਕਾਜ਼ੀ ਦੇ ਸ਼ਿਕਵੇ ਦੀ ਗੱਲ ਸੁਣ ਗੁਰੂ ਜੀ ਨੇ ਭਰੀ ਸਭਾ ਵਿੱਚ ਕਾਜ਼ੀ ਨੂੰ ਕੀ ਕਿਹਾ?

ਉਤਰ : ਗੁਰੂ ਜੀ ਨੇ ਕਿਹਾ ਕਿ ਮੈਂ ਨਮਾਜ਼ ਕਿਸ ਨਾਲ ਪੜਦਾ, ਕਾਜ਼ੀ ਦਾ ਮਨ ਤਾਂ ਅਪਣੇ  ਘਰ ਵਿੱਚ ਸੀ, ਕਿ ਕਿਧਰੇ ਨਵਾਂ ਜੰਮਿਆਂ ਵਛੇਰਾ ਵਿਹੜੇ ਦੀ ਖੂਹੀ ਵਿੱਚ ਨਾ ਡਿੱਗ ਪਵੇ।

ਪ੍ਰਸ਼ਨ 71. ਗੁਰੂ ਜੀ ਦਾ ਜਵਾਬ ਸੁਣ ਕਾਜ਼ੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕਿਹਾ? 

ਉਤਰ : ਕਾਜ਼ੀ ਨੇ ਗੁਰੂ ਜੀ ਨੂੰ ਕਿਹਾ ਕਿ ਜੇਕਰ ਮੈਂ ਨਮਾਜ਼ ਨਹੀਂ ਪੜ੍ਹ ਰਿਹਾ ਸੀ ਤਾਂ ਨਵਾਬ ਨਾਲ ਨਮਾਜ਼ ਪੜ੍ਹ ਲੈਂਦੇ?

ਪ੍ਰਸ਼ਨ 72. ਕਾਜ਼ੀ ਦੀ ਗੱਲ ਸੁਣ ਗੁਰੂ ਜੀ ਨੇ ਨਵਾਬ ਦੇ ਮਨ ਦੀ ਕਿਹੜੀ ਅਵਸਥਾ ਬਿਆਨ ਕੀਤੀ? 

ਉਤਰ : ਗੁਰੂ ਜੀ ਨੇ ਕਾਜ਼ੀ ਨੂੰ ਮੁਖਾਰਬਿੰਦ ਹੁੰਦੇ ਕਿਹਾ ਕਿ ਨਵਾਬ ਦਾ ਮਨ ਤਾਂ ਖੁਦ ਕਾਬਲ ਵਿੱਚ ਘੋੜੇ ਖਰੀਦਣ ਵਿੱਚ ਲੱਗਾ ਹੋਇਆ ਸੀ।

ਪ੍ਰਸ਼ਨ 73. ਸੱਚੀ ਭਗਤੀ ਬਾਰੇ ਗੁਰੂ ਜੀ ਨੇ ਲੋਕਾਂ ਨੂੰ ਕੀ ਸਮਝਾਇਆ?

ਉਤਰ : ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਮੁੰਹੋਂ ਪਾਠ ਕਰੀ ਜਾਉ ਤੇ ਮਨ ਕਿਧੱਰੇ ਹੋਰ ਭਟਕਦਾ ਫਿਰੇ ਇਸ ਤਰਾਂ ਸੱਚੀ ਭਗਤੀ ਨਹੀ ਅਖਵਾ ਸਕਦੀ। ਸੱਚੀ ਭਗਤੀ ਤਾਂ ਹੀ ਸਮਝੀ ਜਾਂਦੀ ਹੈ ਜੇਕਰ ਇੱਕ ਮਨ-ਇੱਕ ਚਿੱਤ ਹੋਕੇ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ।

ਪ੍ਰਸ਼ਨ 74. ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਨਾਲ ਲੈ ਕੇ ਪ੍ਰਚਾਰ ਦੌਰੇ ਅਰੰਭ ਕੀਤੇ? 

ਉਤਰ : ਸੰਨ 1507 ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਨੂੰ ਨਾਲ ਲੈ ਕੇ ਪ੍ਰਚਾਰ ਦੋਰੇ ਅਰੰਭ ਕੀਤੇ।

ਪ੍ਰਸ਼ਨ 75. ਪਹਿਲੇ ਪ੍ਰਚਾਰ ਦੌਰੇ ਦੋਰਾਨ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀਆਂ ਦਿਸ਼ਾਵਾਂ ਵੱਲ ਰਟਨ ਕੀਤਾ ?

ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਪ੍ਰਚਾਰ ਦੌਰੇ ਦੌਰਾਨ ਪੂਰਬ ਤੇ ਦਖਣ ਦੇ ਹਿੰਦੂ ਤੀਰਥਾਂ ਦਾ ਰਟਨ ਕੀਤਾ।


Monday, 18 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-4 (ਗੁਰੂ ਨਾਨਕ ਸਾਹਿਬ ਜੀ)

 

ਲੜੀਵਾਰ ਪ੍ਰਸ਼ਨ-ਉਤਰ ਭਾਗ-4 (ਗੁਰੂ ਨਾਨਕ ਸਾਹਿਬ ਜੀ) 

ਪ੍ਰਸ਼ਨ 51. ਗੁਰੂ ਨਾਨਕ ਸਾਹਿਬ ਜੀ ਕਿੱਥੋਂ ਦੇ ਨਵਾਬ ਦੇ ਮੋਦੀ ਬਣੇ?

ਉਤਰ : ਸੁਲਤਾਨਪੁਰ ਦੇ।

ਪ੍ਰਸ਼ਨ 52. ਸੁਲਤਾਨਪੁਰ ਦੇ ਨਵਾਬ ਦਾ ਕੀ ਨਾਮ ਸੀ ?

ਉਤਰ : ਨਵਾਬ ਦੌਲਤ ਖਾਂ।

ਪ੍ਰਸ਼ਨ 53. ਮੋਦੀਖਾਨਾ ਕੀ ਹੁੰਦਾ ਸੀ ?

ਉਤਰ : ਇਹ ਇੱਕ ਸਰਕਾਰੀ ਮਾਲ ਗੋਦਾਮ ਹੁੰਦਾ ਸੀ, ਜਿਸ ਵਿੱਚ ਉਸ ਸਮੇਂ ਦੇ ਕਿਸਾਨ ਆਮ ਤੋਰ ਤੇ ਅੰਨ ਦੇ ਰੂਪ ਵਿੱਚ ਮਾਮਲਾ (ਟੈਕਸ) ਜਮਾਂ ਕਰਵਾਉਂਦੇ ਹੁੰਦੇ ਸਨ।

ਪ੍ਰਸ਼ਨ 54. ਮੋਦੀ ਖਾਨੇ ਵਿੱਚ ਮੋਦੀ ਦੀ ਕੀ ਜਿੰਮੇਵਾਰੀ ਹੁੰਦੀ ਸੀ ?

ਉਤਰ : ਮੋਦੀ ਜੋਕਿ ‘ਮੋਦੀਖਾਨੇ’ ਦਾ ਇੰਚਾਰਜ ਹੁੰਦਾ ਸੀ।ਉਸਦੀ ਜ਼ਿੰਮੇਦਾਰੀ ਲੋਕਾਂ ਵਲੋਂ ਦਿੱਤੇ ਗਏ ਮਾਲੀਏ ਦਾ ਹਿਸਾਬ ਕਿਤਾਬ ਰਖਣਾ ਅਤੇ ਮਾਮਲਾ ਸਰਕਾਰੀ ਖਜ਼ਾਨੇ ਵਿੱਚ ਜਮਾਂ ਕਰਵਾਉਣਾ ਹੁੰਦਾ ਸੀ।

ਪ੍ਰਸ਼ਨ 55. ਆਮਤੌਰ ਤੇ ਮੋਦੀਖਾਨੇ ਦੀ ਚੈਕਿੰਗ ਕਿਉਂ ਹੁੰਦੀ ਰਹਿੰਦੀ ਸੀ ?

ਉਤਰ : ਮੋਦੀਖਾਨੇ ਵਿੱਚ ਅੰਨ-ਰਸਦ ਦਾ ਠੀਕ ਠੀਕ ਹਿਸਾਬ ਰੱਖਣਾ ਮੋਦੀ ਦੀ ਇਮਾਨਦਾਰੀ ਉਤੇ ਨਿਰਭਰ ਕਰਦਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੇ ਜਿਆਦਾਤਰ ਮੋਦੀ ਸਰਕਾਰੀ ਅਨਾਜ ਵਿੱਚ ਹੇਰਾਫੇਰੀ ਕਰਦੇ ਹੁੰਦੇ ਸੀ। ਇਸ ਕਰਕੇ ਮੋਦੀਖਾਨੇ ਦੇ ਹਿਸਾਬ ਦੀ ਚੈਕਿੰਗ ਹੁੰਦੀ ਰਹਿੰਦੀ ਸੀ।

ਪ੍ਰਸ਼ਨ 56. ਸੁਲਤਾਨਪੁਰ ਵਿਚ ਗੁਰੂ ਨਾਨਕ ਸਹਿਬ ਆਪਣੀ ਆਮਦਨ ਨੂੰ ਕਿਵੇਂ ਖ਼ਰਚ ਕਰਿਆ ਕਰਦੇ ਸੀ ?

ਉਤਰ : ਗੁਰੂ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਲਾ ਦਿੰਦੇ ਸਨ।

ਪ੍ਰਸ਼ਨ 57. ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਦੀ ਨਿੱਤ ਕਿਰਿਆ ਕੀ ਸੀ?

ਉਤਰ : ਸੁਲਤਾਨਪੁਰ ਵਿੱਚ ਗੁਰੂ ਸਾਹਿਬ ਜੀ ਹਰ ਰੋਜ਼ ਪਹਿਰ ਰਾਤ ਰਹਿੰਦੀ ਉਠਕੇ ਭਾਈ ਮਰਦਾਨਾ ਜੀ ਦੇ ਨਾਲ ਵੇਈਂ ਨਦੀ ਇਸ਼ਨਾਨ ਕਰਦੇ ਸਨ ਅਤੇ ਇਸ਼ਨਾਨ ਕਰਨ ਉਪਰਾਂਤ ਉੱਥੇ ਹੀ ਪ੍ਰਭੂ ਦੀ ਸਿਫ਼ਤ-ਸਲਾਹ ਵਿਚ ਜੁੜ ਜਾਂਦੇ ਸਨ।

ਪ੍ਰਸ਼ਨ 58. ਸੁਲਤਾਨਪੁਰ ਵਿੱਖੇ ਵੇਈਂ ਨਦੀ ਤੇ ਗੁਰੂ ਜੀ ਲੋਕਾਂ ਨੂੰ ਕਿਹੜਾ ਉਦੇਸ਼ ਦਿੰਦੇ ਹੁੰਦੇ ਸੀ ? 

ਉਤਰ : ਗੁਰੂ ਜੀ ਲੋਕਾਂ ਨੂੰ ਫੋਕਟ ਵਹਿਮ ਭਰਮ ਤੇ ਕਰਮਕਾਂਡਾਂ ਦਾ ਤਿਆਗ ਕਰ ਇਕ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਕਰਨ ਦਾ ਉਪਦੇਸ਼ ਦਿੰਦੇ ਸਨ।

ਪ੍ਰਸ਼ਨ 59. ਵੇਈਂ ਨਦੀ ਦੇ ਕਿਨਾਰੇ ਹੁਣ ਗੁਰੂ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ?

ਉਤਰ : ਗੁਰਦੁਆਰਾ ਸ਼੍ਰੀ ਬੇਰ ਸਾਹਿਬ।

ਪ੍ਰਸ਼ਨ 60. ਸੁਲਤਾਨਪੁਰ ਵਿੱਚ ਮੈਲਸੀਹਾਂ ਦਾ ਕਿਹੜਾ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਮੁਰੀਦ ਬਣਿਆ ?

ਉਤਰ : ਮੈਲਸੀਹਾਂ ਦਾ ਨੰਬਰਦਾਰ ਭਾਈ ਭਗੀਰਥ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰ ਦਾ ਮੁਰੀਦ ਬਣਿਆ।

ਪ੍ਰਸ਼ਨ 61. ਭਾਈ ਭਗੀਰਥ ਦੀ ਰਾਹੀਂ ਕਿਸਨੇ ਸਿੱਖੀ ਧਾਰਨ ਕੀਤੀ ਸੀ ?

ਉਤਰ : ਲਾਹੋਰ ਦੇ ਰਹਿਣ ਵਾਲੇ ਭਾਈ ਮਨਸੁਖ ਜੀ ਨੇ।

ਪ੍ਰਸ਼ਨ 62 . ਭਾਈ ਮਨਸੁਖ ਦੀ ਸੰਗਤ ਨਾਲ ਸਿੰਗਲਾਦੀਪ (ਸ਼੍ਰੀ ਲੰਕਾ) ਦਾ ਕਿਹੜਾ ਰਾਜਾ ਗੁਰੂ ਨਾਨਕ ਸਾਹਿਬ ਜੀ ਦਾ ਭੋਰਾਂ ਬਣਿਆ ?
ਉਤਰ : ਜਦੋਂ ਭਾਈ ਮਨਸੁਖ ਜੀ ਵਪਾਰ ਲਈ ਸਿੰਗਲਾਦੀਪ ਗਏ ਤਾਂ ਲੰਕਾ ਦੇ ਸ਼ਹਿਰ ਮਟੀਆ ਕਲਮ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਦੇ ਘਰ ਦਾ ਭੌਰਾ ਬਣਿਆ । 

Sunday, 17 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-3 (ਗੁਰੂ ਨਾਨਕ ਸਾਹਿਬ ਜੀ)

ਲੜੀਵਾਰ ਪ੍ਰਸ਼ਨ-ਉਤਰ ਭਾਗ-3 (ਗੁਰੂ ਨਾਨਕ ਸਾਹਿਬ ਜੀ) 

ਪ੍ਰਸ਼ਨ 36. ਗੁਰੂ ਨਾਨਕ ਸਾਹਿਬ ਦੀ ਪਤਨੀ ਦਾ ਨਾਂ ਕੀ ਸੀ ?

ਉਤਰ : (ਮਾਤਾ) ਸੁਲੱਖਣੀ ਜੀ।

ਪ੍ਰਸ਼ਨ 37. ਮਾਤਾ ਸੁਲੱਖਣੀ ਦੇ ਪਿਤਾ ਜੀ ਦਾ ਕੀ ਨਾਂ ਸੀ ?

ਉਤਰ : ਭਾਈ ਮੂਲ ਚੰਦ ਜੀ।

ਪ੍ਰਸ਼ਨ 38. ਭਾਈ ਮੂਲ ਚੰਦ ਦਾ ਜੱਦੀ ਪਿੰਡ ਕਿਹੜਾ ਸੀ ?

ਉਤਰ : ਪਿੰਡ ਪੱਖੋ ਕੇ ਰੰਧਾਵਾ।

ਪ੍ਰਸ਼ਨ 39. ਗੁਰੂ ਨਾਨਕ ਸਾਹਿਬ ਦਾ ਵਿਆਹ ਕਿੱਥੇ ਹੋਇਆ ਸੀ ?

ਉਤਰ : ਬਟਾਲਾ ਵਿੱਖੇ (ਕਿਉਂਕਿ ਉਨ੍ਹਾਂ ਦਿਨਾਂ ਵਿਚ ਆਪ ਦੇ ਸਹੁਰਾ ਭਾਈ ਮੂਲ ਚੰਦ ਜੀ ਬਟਾਲਾ ਵਿਚ ਰਹਿ ਰਹੇ ਸਨ)।

ਪ੍ਰਸ਼ਨ 40. ਗੁਰੂ ਨਾਨਕ ਸਾਹਿਬ ਜੀ ਦੀ ਸੰਤਾਨ ਬਾਰੇ ਜਾਣਕਾਰੀ ਦੇਉ?

ਉਤਰ : ਗੁਰੂ ਜੀ ਘਰ 2 ਪੁਤਰਾਂ ਨੇ ਜਨਮ ਲਿਆ 1) ਬਾਬਾ ਸ੍ਰੀ ਚੰਦ ਜੀ, 2) ਬਾਬਾ ਲਖਮੀ ਦਾਸ ਜੀ ।

ਪ੍ਰਸ਼ਨ 41. ਭਾਈ ਮਰਦਾਨਾ ਜੀ ਕੌਣ ਸਨ ?

ਉਤਰ : ਭਾਈ ਮਰਦਾਨਾ ਜੀ ਰਾਇ ਭੋਂਇ ਦੀ ਤਲਵੰਡੀ ਦੇ ਰਹਿਣ ਵਾਲੇ ਮਿਰਾਸੀ ਮੀਰ ਬਦਰੇ ਦਾ ਸਪੁੱਤਰ ਸੀ, ਜੋ ਕਿ ਗੁਰੂ ਸਾਹਿਬ ਜੀ ਤੋਂ ਲਗਭਗ 10 ਸਾਲ ਵੱਡੇ ਸਨ।

ਪ੍ਰਸ਼ਨ 42. ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜ਼ਾਉਂਦੇ ਹੁੰਦੇ ਸਨ?

ਉਤਰ : ਭਾਈ ਮਰਦਾਨਾ ਜੀ ਤੰਤੀ ਸਾਜ਼ ‘ਰਬਾਬ’ ਵਜ਼ਾਉਂਦੇ ਹੁੰਦੇ ਸਨ।

ਪ੍ਰਸ਼ਨ 43. ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਲਿਆਣ ਜੀ ਨੇ ਗੁਰੂ ਜੀ ਨੂੰ ਕਿਹੜਾ ਵਪਾਰ ਕਰਨ ਲਈ ਕਿੱਥੇ ਭੇਜਿਆ ?

ਉਤਰ : ਪਿਤਾ ਮਹਿਤਾ ਕਲਿਆਣ ਜੀ ਨੇ ਗੁਰੂ ਜੀ ਨੂੰ ਸੱਚਾ ਤੇ ਖਰਾ ਸੌਦਾ ਕਰਨ ਲਈ ਮੰਡੀ ਚੁਹੜਕਾਣੇ ਭੇਜਿਆ।

ਪ੍ਰਸ਼ਨ 44. ਚੁਹੜਕਾਣੇ ਮੰਡੀ ਵਿੱਖੇ ਗੁਰੂ ਜੀ ਨੇ ਕਿਹੜਾ ਵਪਾਰ ਕੀਤਾ ?

ਉਤਰ : ਗੁਰੂ ਜੀ ਨੇ ਚੁਹੜਕਾਣੇ ਮੰਡੀ ਦੇ ਬਾਹਰ ਕੁਝ ਭੁੱਖੇ ਤੇ ਲੋੜਵੰਦਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਅਤੇ ਉਹਨਾਂ ਦੀ ਮੁੱਖ ਲੋੜਾਂ ਪੂਰੀਆਂ ਕਰਦੇ ਹੋਏ ਧਰਮ ਦੇ ਮਾਰਗ ਤੇ ਚਲਣ ਦਾ ਉਪਦੇਸ਼ ਦਿੱਤਾ। 

ਪ੍ਰਸ਼ਨ 45. ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬ ਜੀ ਦੀ ਇਹ ਘਟਨਾ ਕਿਸ ਤਰ੍ਹਾਂ ਪ੍ਰਚਲਿਤ ਹੈ?

ਉਤਰ : ਗੁਰੂ ਸਾਹਿਬ ਜੀ ਨਾਲ ਸਬੰਧਿਤ ਇਹ ਘਟਨਾ ‘ਸੱਚਾ ਸੌਦਾ’ ਕਰਕੇ ਪ੍ਰਸਿੱਧ ਹੈ 

ਪ੍ਰਸ਼ਨ 46. ਚੁਹੜਕਾਣਾ ਮੰਡੀ ਵਿੱਖੇ ਗੁਰੂ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ।

ਉਤਰ : ਗੁਰੂ ਸਾਹਿਬ ਜੀ ਦੀ ਯਾਦ ਵਿੱਚ ਹੁਣ ਉੱਥੇ ਗੁਰਦੁਆਰਾ ਸੱਚਾ ਸੌਦਾ ਸੁਸ਼ੌਭਿਤ ਹੈ।

ਪ੍ਰਸ਼ਨ 47. ਗੁਰੂ ਜੀ ਨੇ ਮਨੁੱਖਤਾ ਨੂੰ ਕਿਹੜੇ 3 ਮੁੱਖ ਉਪਦੇਸ਼ ਦਿੱਤੇ?

ਉਤਰ : ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੱਡ ਛੱਕਣਾ।

ਪ੍ਰਸ਼ਨ 48. ਗੁਰੂ ਜੀ ਦੇ ਜੀਜਾ ਜੀ ਦਾ ਕੀ ਨਾਮ ਸੀ?

ਉਤਰ : ਭਾਈ ਜੈ ਰਾਮ ਜੀ ।

ਪ੍ਰਸ਼ਨ 49. ਗੁਰੂ ਜੀ ਅਪਣੇ ਜੀਜਾ ਭਾਈ ਜੈ ਰਾਮ ਜੀ ਕੋਲ ਕਿਸ ਸਥਾਨ ਤੇ ਗਏ ਸਨ? 

ਉਤਰ : ਸੁਲਤਾਨਪੁਰ ਵਿੱਖੇ।

ਪ੍ਰਸ਼ਨ 50. ਸੁਲਤਾਨਪੁਰ ਵਿੱਖੇ ਭਾਈ ਜੈ ਰਾਮ ਜੀ ਕੀ ਕਰਦੇ ਸਨ?

ਉਤਰ : ਭਾਈ ਜੈ ਰਾਮ ਜੀ ਨਵਾਬ ਦੌਲਤ ਖਾਂ ਲੋਧੀ ਦੇ ਅਹਿਲਕਾਰ ਸਨ।


Saturday, 16 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-2 (ਗੁਰੂ ਨਾਨਕ ਸਾਹਿਬ ਜੀ)

 

 ਪ੍ਰਸ਼ਨ 21. ਗੁਰੂ ਨਾਨਕ ਸਾਹਿਬ ਜੀ ਨੇ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾਂ ਦਾ ਗਿਆਨ ਕਿਨ੍ਹਾਂ ਪਾਸੋਂ ਲਿਆ ਸੀ ?

ਉਤਰ : ਗੁਰੂ ਜੀ ਨੇ ਪੰਡਿਤ ਬ੍ਰਿਜ ਲਾਲ ਜੀ ਪਾਸੋਂ ਸੰਸਕ੍ਰਿਤ ਭਾਸ਼ਾ ਦਾ ਅਤੇ ਮੌਲਵੀ ਕੁਤੱਬਦੀਨ ਪਾਸੋਂ ਫ਼ਾਰਸੀ ਜ਼ੁਬਾਨ ਦਾ ਗਿਆਨ ਹਾਸਿਲ ਕੀਤਾ।

ਪ੍ਰਸ਼ਨ 22. ਦੁਨਿਆਵੀਂ ਪੜਾਈ ਤੋ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਕਿਹੜੀ ਤਾਲੀਮ ਲਈ ?

ਉਤਰ : ਉਨ੍ਹਾਂ ਨੇ ਦੁਨਿਆਵੀਂ ਪੜਾਈ ਤੋਂ ਇਲਾਵਾ ਧਰਮ, ਫ਼ਿਲਾਸਫ਼ੀ, ਵਿਿਗਆਨ ਆਦਿ ਦਾ ਗਿਆਨ ਹਾਸਿਲ ਕੀਤਾ ਅਤੇ ਰਾਇ ਬੁਲਾਰ ਜੀ ਦੀ ਨਿੱਜੀ ਲਾਇਬਰੇਰੀ ਵਿੱਚ ਘੰਟਿਆਂ ਬੱਧੀ ਪੜਾਈ ਕਰਦੇ ਰਹਿੰਦੇ ਸੀ।

ਪ੍ਰਸ਼ਨ 23. ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਉਮਰ ਵਿੱਚ ਜਨੇਊ ਪਾਉਣ ਤੋਂ ਮਨਾ ਕੀਤਾ ਸੀ ?

ਉਤਰ : 11 ਸਾਲ ਦੀ ਉਮਰ ਵਿੱਚ। 

ਪ੍ਰਸ਼ਨ 24. ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਲਈ ਕਿਸ ਨੂੰ ਬੁਲਾਇਆ ਸੀ ?

ਉਤਰ : ਪੰਡਤ ਹਰਦਿਆਲ ਜੀ ਨੂੰ।

ਪ੍ਰਸ਼ਨ 25. ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਸਮੇਂ ਪੰਡਿਤ ਹਰਦਿਆਲ ਨੂੰ ਕੀ ਪੁੱਛਿਆ ?

ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਹਰਦਿਆਲ ਨੂੰ ਪੁਛਿਆ ਕਿ, ਇਹ ਧਾਗਾ ਜਿਹਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ?

ਪ੍ਰਸ਼ਨ 26. ਪੰਡਤ ਹਰਦਿਆਲ ਨੇ ਜਨੇਊ ਬਾਰੇ ਗੁਰੂ ਜੀ ਨੂੰ ਕੀ ਸਮਝਾਇਆ?

ਉਤਰ : ਪੰਡਿਤ ਨੇ ਕਿਹਾ ਕਿ ‘ਇਹ ਧਾਗਾ ਨਹੀ, ਪਵਿੱਤਰ ਜਨੇਉ ਹੈ। ਇਹ ਉੱਚੀ ਜਾਤ ਦੇ ਹਿੰਦੁਆਂ ਦੀ ਨਿਸ਼ਾਨੀ ਹੈ, ਹਿੰਦੂ ਰਸਮੋਂ ਰਿਵਾਜ਼ ਮੁਤਾਬਿਕ ਇਸ ਨੰੁ ਪਾਉਣਾ ਜ਼ਰੂਰੀ ਹੈ।

ਪ੍ਰਸ਼ਨ 27. ਪੰਡਿਤ ਜੀ ਨੂੰ ਗੁਰੂ ਜੀ ਨੇ ਜਨੇਊ ਪਾਉਣ ਤੋਂ ਪਹਿਲਾ ਕੀ ਕਿਹਾ?

ਉਤਰ: ਗੁਰੂ ਜੀ ਨੇ ਕਿਹਾ ਕਿ ਜੇਕਰ ਅਜੇਹੀ ਗਲ ਹੈ ਤਾਂ ਪਹਿਲਾਂ ਮੇਰੀ ਵੱਡੀ ਭੈਣ ਨੂੰ ਇਹ ਜਨੇਊ ਪਾਉਣਾ ਚਾਹੀਦਾ ਹੈ?

ਪ੍ਰਸ਼ਨ 28. ਬੇਬੇ ਨਾਨਕੀ ਜੀ ਨੂੰ ਜਨੇਊ ਪਾਉਣ ਦੀ ਗਲ ਤੇ ਪੰਡਿਤ ਹਰਦਿਆਲ ਜੀ ਨੇ ਗੁਰੂ ਜੀ ਨੂੰ ਕੀ ਕਿਹਾ/

ਉਤਰ : ਪੰਡਿਤ ਜੀ ਨੇ ਕਿਹਾ ਕਿ ਹਿੰਦੂ ਮਤ ਅਨੁਸਾਰ ਔਰਤਾਂ ਅਤੇ ਸ਼ੂਦਰ ਨੂੰ ਜਨੇਉ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਪ੍ਰਸ਼ਨ 29: ਗੁਰੂ ਜੀ ਦੇ ਪੁਛਣ ਤੇ ਪੰਡਿਤ ਹਰਦਿਆਲ ਨੇ ਜਨੇਊ ਨਾਲ ਸਬੰਧਿਤ ਹੋਰ ਕੀ-ਕੀ ਜਾਣਕਾਰੀ ਦਿੱਤੀ । ਸਵਿਸਥਾਰ ਦਸੋ?

ਉਤਰ :  ਜਨੇਊ ਬਾਰੇ ਪੰਡਿਤ ਹਰਦਿਆਲ ਨੇ ਦੱਸਿਆ ਕਿ ਜਨੇਊ ਵਰਣ ਵੰਡ ਦੇ ਹਿਸਾਬ ਨਾਲ ਵੱਖੋ-ਵੱਖ ਤਰ੍ਹਾਂ ਨਾਲ ਪਾਇਆ ਜਾਂਦਾ ਹੈ। 1) ਬ੍ਰਾਹਮਣ, (2) ਕਸ਼ਤਰੀ ਤੇ (3) ਵੈਸ਼ ਵਰਣ ਲਈ ਵੱਖੋ ਵੱਖ ਜਨੇਊ ਹੁੰਦਾ ਹੈ ਅਤੇ ਇਸ ਨੂੰ ਪਹਿਨਣ ਦਾ ਢੰਗ ਤੇ ਰੁੱਤ ਵੱਖੋ- ਵੱਖ ਹੁੰਦੀ ਹੈ।ਬ੍ਰਾਹਮਣ ਸੂਤ ਦਾ, ਕਸ਼ਤਰੀ ਸੰਨ ਦਾ ਅਤੇ ਵੈਸ਼ ਉਣ ਦਾ ਜਨੇਊ ਪਾਉਂਦੇ ਹਨ।ਬ੍ਰਾਹਮਣ ਬਸੰਤ ਰੁੱਤ ਵਿੱਚ, ਕਸ਼ਤਰੀ ਗਰਮੀ ਅਤੇ ਵੈਸ਼ ਸਰਦ ਰੁੱਤ ਵਿੱਚ ਜਨੇਊ ਧਾਰਨ ਕਰ ਸਕਦਾ ਹੈ।

ਪ੍ਰਸ਼ਨ 30. ਜਨੇਉ ਬਾਰੇ ਵੀਚਾਰ ਚਰਚਾ ਕਰਦੇ ਗੁਰੂ ਜੀ ਨੂੰ ਪੰਡਿਤ ਹਰਦਿਆਲ ਨੇ ਹੋਰ ਕੀ ਦਸਿਆ?

ਉਤਰ : ਪੰਡਿਤ ਹਰਦਿਆਲ ਜੀ ਨੇ ਗੁਰੂ ਜੀ ਨੂੰ ਸਮਝਾਇਆ ਕਿ ਇਹ ਜਨੇਉ ਪਾਉਣਾ ਉੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ, ਇਸ ਤੋਂ ਬਗੈਰ ਬੰਦਾ ਸ਼ੁਦਰ ਦੇ ਬਰਾਬਰ ਮੰਨਿਆ ਜਾਂਦਾ ਹੈ। ਜੇਕਰ ਤੁਸੀ ਇਸ ਨੂੰ ਪਾ ਲਵੋਗੇ ਤਾਂ ਤੁਸੀ ਵੀ ਉੱਚੇ ਮੰਣੇ ਜਾਵੋਗੇ ਅਤੇ ਇਹ ਜਨੇਊ ਅਗਲੇ ਜਹਾਨ ਵਿੱਚ ਤੁਹਾਡੀ ਸਹਾਇਤਾ ਵੀ ਕਰੇਗਾ।

ਪ੍ਰਸ਼ਨ 31. ਪੰਡਿਤ ਹਰਦਿਆਲ ਜੀ ਦੀ ਗਲ ਸੁਣਕੇ ਗੁਰੂ ਜੀ ਨੇ ਉਹਨਾਂ ਨੂੰ ਕਿਹੜਾ ਜਨੇਊ ਪਾਉਣ ਲਈ ਕਿਹਾ ਸੀ ? 

ਉਤਰ : ਗੁਰੂ ਜੀ ਨੇ ਪੰਡਿਤ ਨਾਲ ਵੀਚਾਰ ਚਰਚਾ ਕਰਦੇ ਕਿਹਾ ਕਿ, ਤੁਸੀ ਆਖਦੇ ਹੋ ਕਿ ਇਹ ਅਗਲੇ ਜਹਾਨ ਤੁਹਾਡੀ ਸਹਾਇਤਾ ਕਰੇਗਾ, ਇਸ ਧਾਗੇ ਨੇ ਤਾਂ ਸ਼ਰੀਰ ਦੇ ਨਾਲ ਹੀ ਇੱਥੇ ਸੜ ਜਾਣਾ ਹੈ ਅਤੇ ਇਸ ਨੇ ਆਤਮਾ ਨਾਲ ਤਾਂ ਜਾਣਾ ਨਹੀਂ, ਸੋ ਮੈਨੂੰ ਉਹ ਧਾਗਾ ਪਾਉ, ਜਿਹੜਾ ਨਾ ਮੈਲਾ ਹੋਵੇ, ਨਾ ਸੜੇ, ਨਾ ਟੁੱਟੇ ਅਤੇ ਨਾ ਹੀ ਅੰਤ ਸਮੇਂ ਸ਼ਰੀਰ ਨਾਲ ਇੱਥੇ ਰਹੇ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਜਨੇਉ ਹੈ ਤਾਂ ਮੈ ਪਾਉਣ ਲਈ ਤਿਆਰ ਹਾਂ।

ਪ੍ਰਸ਼ਨ 32 : ਗੁਰੂ ਜੀ ਦੀ ਇਹ ਗਲ ਸੁਣ ਕੇ ਪੰਡਿਤ ਨੇ ਕੀ ਕਿਹਾ?

ਉਤਰ :  ਗੁਰੂ ਜੀ ਦੀ ਇਹ ਗੱਲ ਸੁਣ ਪੰਡਤ ਜੀ ਕੋਈ ਜੁਆਬ ਨਾ ਦੇ ਸਕੇ। 

ਪ੍ਰਸ਼ਨ 33. ਗੁਰੂ ਜੀ ਨੇ ਆਤਮਿਕ ਜੀਵਨ ਲਈ ਕਿਹੜੇ ਆਤਮਿਕ ਜਨੇਉ ਦੀ ਮੰਗ ਕੀਤੀ ਸੀ, ਉਸ ਪ੍ਰਥਾਏ ਗੁਰਬਾਣੀ ਦੀ ਪੰਕਤੀ ਲਿਖੋ ? 

ਉਤਰ : ਗੁਰੂ ਸਾਹਿਬ ਜੀ ਨੇ ਕਿਹਾ ਕਿ ਆਤਮਕ ਜੀਵਨ ਲਈ ਆਤਮਿਕ ਜਨੇਊ ਭਾਵ ਚੰਗੇ ਵੀਚਾਰਾਂ ਤੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ। ਗੁਰਬਾਣੀ ਫੁਰਮਾਨ ਹੈ : 

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥

ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ                     {ਪੰਨਾ 471}

ਭਾਵ : ਹੇ ਪੰਡਤ ਜੀ ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ।ਜੇਕਰ ਤੁਹਾਡੇ ਕੋਲ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੈਨੂੰ ਪ੍ਰਵਾਣ ਹੈ।ਅਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।

ਪ੍ਰਸ਼ਨ 34. ਗੁਰੂ ਜੀ ਅਨੁਸਾਰ ਉੱਚੀ ਜਾਤ ਵਾਲਾ ਕੋਣ ਹੈ?

ਉਤਰ : ਜੋ ਨੇਕ ਤੇ ਚੰਗੇ ਕੰਮ ਕਰੇ। 

ਪ੍ਰਸ਼ਨ 35. ਗੁਰੂ ਜੀ ਅਨੁਸਾਰ ਨੀਵੀਂ ਜਾਤ ਵਾਲਾ ਤੇ ਨੀਚ ਕੋਣ ਹੈ?

ਉਤਰ : ਨੀਵਾਂ ਉਹ ਹੈ, ਜੋੇ ਭੈੜੇ ਤੇ ਮੰਦੇ ਕੰਮ ਕਰਦਾ ਹੈ। 

Friday, 15 October 2021

ਲੜੀਵਾਰ ਪ੍ਰਸ਼ਨ-ਉਤਰ ਭਾਗ-1 (ਗੁਰੂ ਨਾਨਕ ਸਾਹਿਬ ਜੀ)

 ਲੜੀਵਾਰ ਪ੍ਰਸ਼ਨ-ਉਤਰ ਭਾਗ-1  (ਗੁਰੂ ਨਾਨਕ ਸਾਹਿਬ ਜੀ)

ਪ੍ਰਸ਼ਨ 1. ਸਿੱਖ ਧਰਮ ਦਾ ਮੋਢੀ ਕੌਣ ਹਨ ?

ਉਤਰ : ਗੁਰੂ ਨਾਨਕ ਸਾਹਿਬ ਜੀ।

ਪ੍ਰਸ਼ਨ 2. ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਕੀ ਨਾਮ ਸੀ ?

ਉਤਰ : ਬਾਬਾ ਕਲਿਆਣ ਦਾਸ ਜੀ।

ਪ੍ਰਸ਼ਨ 3. ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਦਾ ਕੀ ਨਾਮ ਸੀ ?

ਉਤਰ : ਬਾਬਾ ਸ਼ਿਵ ਨਾਰਾਇਣ ਜੀ।

ਪ੍ਰਸ਼ਨ 4. ਗੁਰੂ ਨਾਨਕ ਸਾਹਿਬ ਦੇ ਪੜਦਾਦਾ ਦਾ ਨਾਂ ਕੀ ਸੀ ?

ਉਤਰ : ਬਾਬਾ ਰਾਮ ਨਾਰਾਇਣ ਜੀ।

ਪ੍ਰਸ਼ਨ 5. ਗੁਰੂ ਨਾਨਕ ਸਾਹਿਬ ਜੀ ਦਾ ਜੱਦੀ ਪਿੰਡ ਕਿਹੜਾ ਸੀ ?

ਉਤਰ : ਗੁਰੂ ਨਾਨਕ ਸਾਹਿਬ ਦੇ ਵੱਡੇ ਵਡੇਰੇ ਪਿੰਡ ਪੱਠੇ ਵਿੰਡ (ਜ਼ਿਲਾ ਅੰਮ੍ਰਿਤਸਰ) ਵਿਚ ਰਹਿੰਦੇ ਸਨ।

ਪ੍ਰਸ਼ਨ 6. ‘ਪੱਠੇ ਵਿੰਡ’ ਪਿੰਡ ਵਿਚ ਕਿਹੜੀ ਯਾਦਗਾਰ ਬਣੀ ਹੋਈ ਹੈ ?

ਉਤਰ : ਪੱਠੇ ਵਿੰਡ ਦੀ ਜ਼ਮੀਨ ਵਿਚ ਹੀ ਕਸਬਾ ਡੇਹਰਾ ਬਾਬਾ ਨਾਨਕ ਵਸਿਆ ਹੋਇਆ ਹੈ।

ਪ੍ਰਸ਼ਨ 7. ਪੱਠੇ ਵਿੰਡ ਪਿੰਡ ਤੋਂ ਮਗਰੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਕਿੱਥੇ ਆ ਵਸਿਆ ਸੀ ?

ਉਤਰ : ਜਦੋਂ ਬਾਬਾ ਕਲਿਆਣ ਦਾਸ ਜਵਾਨ ਹੋਏ ਤਾਂ ਰੋਜ਼ਗਾਰ ਦੇ ਸਿਲਸਿਲੇ ਵਿਚ ਉਹ ਰਾਏ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਆ ਗਏ ਸਨ।

ਪ੍ਰਸ਼ਨ 8. ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਦਾ ਕੀ ਨਾਂ ਸੀ ? 

ਉਤਰ : ਮਾਤਾ ਤ੍ਰਿਪਤਾ ਜੀ।

ਪ੍ਰਸ਼ਨ 9. ਗੁਰੂ ਨਾਨਕ ਸਾਹਿਬ ਜੀ ਦੇ ਨਾਨਾ-ਨਾਨੀ ਦਾ ਨਾਂ ਦਸੋ ?

ਉਤਰ : ਨਾਨਾ : ਭਾਈ ਰਾਮਾ ਜੀ, ਨਾਨੀ : ਮਾਤਾ ਭਰਾਈ ਜੀ।

ਪ੍ਰਸ਼ਨ 10. ਭਾਈ ਰਾਮਾ ਜੀ ਕਿੱਥੋਂ ਦੇ ਰਹਿਣ ਵਾਲੇ ਸਨ ?

ਉਤਰ : ਭਾਈ ਰਾਮਾ ਜੀ ਪਿੰਡ ਚਾਹਲ (ਜ਼ਿਲਾ ਲਾਹੌਰ) ਦੇ ਵਾਸੀ ਸਨ।

ਪ੍ਰਸ਼ਨ 11. ਗੁਰੂ ਨਾਨਕ ਸਾਹਿਬ ਜੀ ਦੇ ਮਾਮਾ ਜੀ ਦਾ ਨਾਂ ਕੀ ਸੀ ?

ਉਤਰ : ਭਾਈ ਕਿਸ਼ਨਾ ਜੀ।

ਪ੍ਰਸ਼ਨ 12. ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਕੀ ਨਾਮ ਸੀ?

ਉਤਰ : ਗੁਰੂ ਜੀ ਦੀ ਭੈਣ ਦਾ ਨਾਮ ‘ਨਾਨਕੀ’ ਸੀ।

ਪ੍ਰਸ਼ਨ 13. ਬੇਬੇ ਨਾਨਕੀ ਜੀ ਦਾ ਜਨਮ ਕਿੱਥੇ ਹੋਇਆ ਸੀ?

ਉਤਰ : ਬੇਬੇ ਨਾਨਕੀ ਜੀ ਦਾ ਜਨਮ ਪਿੰਡ ਚਾਹਲ ਵਿੱਖੇ ਹੋਇਆ ਸੀ।

ਪ੍ਰਸ਼ਨ 14. ਬੇਬੇ ਨਾਨਕੀ ਜੀ ਗੁਰੂ ਜੀ ਤੋਂ ਕਿੰਨੇ ਸਾਲ ਵੱਡੇ ਸਨ?

ਉਤਰ : ਬੇਬੇ ਨਾਨਕੀ ਜੀ ਗੁਰੂ ਜੀ ਤੋਂ 5 ਸਾਲ ਵੱਡੇ ਸਨ।

ਪ੍ਰਸ਼ਨ 15. ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ?

ਉਤਰ : 15 ਅਪ੍ਰੈਲ 1469 ਨੂੰ।

ਪ੍ਰਸ਼ਨ 16. ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?

ਉਤਰ : ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ (ਹੁਣ ਨਾਨਕਾਣਾ ਸਾਹਿਬ) ਵਿਚ ਹੋਇਆ ਸੀ।

ਪ੍ਰਸ਼ਨ 17. ਨਨਕਾਣਾ ਸਾਹਿਬ ਹੁਣ ਕਿੱਥੇ ਹੈ ?

ਉਤਰ : ਨਨਕਾਣਾ ਸਾਹਿਬ ਹੁਣ ਪੱਛਮੀ ਪੰਜਾਬ ਵਿਚ ਹੈ, ਜੋਕਿ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਹੈ।

ਪ੍ਰਸ਼ਨ 18. ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਮੁਰੀਦ ਕੌਣ ਬਣਿਆ ਸੀ ? 

ਉਤਰ : ਰਾਇ ਬੁਲਾਰ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਮੁਰੀਦ ਬਣਿਆ ਸੀ ਜੋ ਕਿ ਪਿੰਡ ਰਾਇ ਭੋਇ ਦੀ ਤਲਵੰਡੀ ਦੇ ਮੋਢੀ ਰਾਇ ਭੋਇ ਦਾ ਪੁੱਤਰ ਸੀ।

ਪ੍ਰਸ਼ਨ 19. ਗੁਰੂ ਨਾਨਕ ਸਾਹਿਬ ਦਾ ਪਹਿਲਾ ਅਧਿਆਪਕ ਕੌਣ ਸੀ ?

ਉਤਰ : ਪੰਡਤ ਗੋਪਾਲ ਦਾਸ।

ਪ੍ਰਸ਼ਨ 20. ਗੁਰੂ ਨਾਨਕ ਸਾਹਿਬ ਜੀ ਨੂੰ ਹੋਰ ਕਿੰਨੀਆਂ ਜ਼ੁਬਾਨਾਂ ਦਾ ਗਿਆਨ ਸੀ ?

ਉਤਰ : ਪੰਜਾਬੀ, ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਤੋਂ ਇਲਾਵਾ ਗੁਰੂ ਸਾਹਿਬ ਜੀ ਨੂੰ ਸੰਸਾਰ ਦੀਆਂ ਅਨੇਕਾਂ ਉਪ ਭਾਸ਼ਾਵਾਂ ਤੇ ਜ਼ੁਬਾਨਾਂ ਆਉਂਦੀਆਂ ਸਨ।

Thursday, 14 October 2021

Guru Nanak Sahib ji ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ

 ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ

        ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀਂ ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਜਿਲਾ ਸ਼ੇਖ਼ੂਪੁਰਾ, ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਬਾਬਾ ਕਲਿਆਣ ਦਾਸ ਜੀ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ। ਬਾਬਾ ਕਲਿਆਣ ਜੀ ਇਲਾਕੇ ਦੇ ਚੋਧਰੀ ਰਾਇ ਬੁਲਾਰ ਦੇ ਪਾਸ ਮਹਿਤਾ ਦੀ ਪਦਵੀ ਤੇ ਸੀ, ਆਪ ਜੀ ਦੇ ਹੇਠਾਂ ਅਨੇਕਾਂ ਹੀ ਪਟਵਾਰੀ ਕੰਮ ਕਰਦੇ ਸੀ। ਮਹਿਤਾ ਕਲਿਆਣ ਜੀ ਨੂੰ ਇਲਾਕੇ ਵਿੱਚ ਆਮ ਲੋਕਾਈ ਬਹੁਤ ਆਦਰ ਸਤਿਕਾਰ ਦਿੰਦੀ ਸੀ। ਆਪ ਜੀ ਦੀ ਇੱਕ ਵੱਡੀ ਭੈਣ ਸੀ, ਜਿਸਦਾ ਨਾਮ ਨਾਨਕੀ ਸੀ, ਜੋ ਆਪ ਜੀ ਤੋਂ 5 ਸਾਲ ਵੱਡੀ ਸੀ। ਆਪ ਜੀ ਜਨਮ ਤੋਂ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਸੀ। ਆਪ ਜੀ ਦੁਨਿਆਵੀਂ ਵਿਿਦਆ ਦੀ ਪੜਾਈ ਕਰਦੇ ਸਮੇਂ ਅਪਣੇ ਉਸਤਾਦਾਂ ਨੂੰ ਬ੍ਰਹਮ ਨਾਲ ਜੋੜਿਆ ਅਤੇ ਅਪਣੇ ਹਾਣੀਆਂ ਨਾਲ ਵੀ ਅਕਾਲ ਪੁਰਖ ਦੀਆਂ ਗੱਲਾਂ ਕਰਦੇ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ।

ਜਦੋਂ 11 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਜਨੇਉ ਪਾਉਣ ਲੱਗੇ ਤਾਂ ਆਪ ਜੀ ਨੇ ਜਨੇਉ ਪਾਉਣ ਤੋਂ ਨਾਹ ਕਰ ਦਿੱਤੀ। ਪੰਡਤ ਨਾਲ ਚਰਚਾ ਕਰਦੇ ਗੁਰੂ ਨਾਨਕ ਸਾਹਿਬ ਜੀ ਨੇ ਪੁਛਿਆ ਕਿ ਇਹ ਧਾਗਾ ਜਿਹਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ? ਪੰਡਿਤ ਨੇ ਕਿਹਾ ਕਿ ‘ਇਹ ਧਾਗਾ ਨਹੀ ਹੈ, ਪਵਿੱਤਰ ਜਨੇਉ ਹੈ। ਇਹ ਉੱਚੀ ਜਾਤ ਦੇ ਹਿੰਦੁਆਂ ਦੀ ਨਿਸ਼ਾਨੀ ਹੈ, ਇਸ ਤੋਂ ਬਗੈਰ ਬੰਦਾ ਸ਼ੁਦਰ ਦੇ ਬਰਾਬਰ ਮੰਨਿਆ ਜਾਂਦਾ ਹੈ। ਜੇਕਰ ਤੁਸੀ ਇਸ ਨੂੰ ਪਾ ਲਵੋਗੇ ਤਾਂ ਤੁਸੀ ਵੀ ਉੱਚੇ ਮੰਣੇ ਜਾਵੋਗੇ ਅਤੇ ਇਹ ਜਨੇਊ ਅਗਲੇ ਜਹਾਨ ਵਿੱਚ ਤੁਹਾਡੀ ਸਹਾਇਤਾ ਵੀ ਕਰੇਗਾ। ਪੰਡਤ ਨਾਲ ਚਰਚਾ ਕਰਦੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦਾ, ਉੱਚੀ ਜਾਤ ਵਾਲਾ ਤਾਂ ਉਹ ਹੈ, ਜਿਸ ਨੇ ਨੇਕ ਤੇ ਚੰਗੇ ਕੰਮ ਕੀਤੇ ਹੋਣ ਅਤੇ ਨੀਵਾਂ ਉਹ ਹੈ, ਜੋੇ ਭੈੜੇ ਤੇ ਮੰਦੇ ਕੰਮ ਕਰਦਾ ਹੈ। ਤੁਸੀ ਆਖਦੇ ਹੋ ਕਿ ਇਹ ਅਗਲੇ ਜਹਾਨ ਤੁਹਾਡੀ ਸਹਾਇਤਾ ਕਰੇਗਾ, ਉਹ ਕਿਸ ਤਰਾਂ ਹੋ ਸਕਦਾ ਹੈ? ਇਹ ਤਾਂ ਸ਼ਰੀਰ ਦੇ ਨਾਲ ਹੀ ਇੱਥੇ ਸੜ ਜਾਣਾ ਹੈ ਅਤੇ ਇਸ ਨੇ ਆਤਮਾ ਨਾਲ ਤਾਂ ਜਾਣਾ ਨਹੀਂ, ਸੋ ਮੈਨੂੰ ਉਹ ਧਾਗਾ ਪਾਉ, ਜਿਹੜਾ ਨਾ ਮੈਲਾ ਹੋਵੇ, ਨਾ ਸੜੇ, ਨਾ ਟੁੱਟੇ ਅਤੇ ਨਾ ਹੀ ਅੰਤ ਸਮੇਂ ਸ਼ਰੀਰ ਨਾਲ ਇੱਥੇ ਰਹੇ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਜਨੇਉ ਹੈ ਤਾਂ ਮੈ ਪਾਉਣ ਲਈ ਤਿਆਰ ਹਾਂ, ਗੁਰੂ ਜੀ ਦੀ ਇਹ ਗੱਲ ਸੁਣ ਪੰਡਤ ਜੀ ਕੋਈ ਜੁਆਬ ਨਾ ਦੇ ਸਕੇ ਤਾਂ ਗੁਰੂ ਸਾਹਿਬ ਜੀ ਨੇ ਫੁਰਮਾਇਆ:-

ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥

    ਪੰਡਤ ਜੀ ਨੇ ਬਹੁਤ ਜੋਰ ਲਾਇਆ ਕਿ ਗੁਰੂ ਸਾਹਿਬ ਜੀ ਨੂੰ ਉਨ੍ਹਾਂ ਦੇ ਇਰਾਦੇ ਤੋਂ ਡੇਗਿਆ ਜਾ ਸਕੇ ਪਰ ਗੁਰੂ ਸਾਹਿਬ ਜੀ ਦੀ ਇਹੀ ਮੰਗ ਰਹੀ ਕਿ ਆਤਮਕ ਜੀਵਨ ਲਈ ਇਹ ਕੱਚੇ ਧਾਗੇ ਦੇ ਜਨੇਊ ਦੀ ਲੋੜ ਨਹੀਂ, ਆਤਮਿਕ ਜਨੇਊ ਭਾਵ ਚੰਗੇ ਵੀਚਾਰਾਂ ਤੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ।

    18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ 2 ਸਪੁਤਰ ਹੋਇ। ਵੱਡੇ ਸਪੁਤਰ ਦਾ ਨਾਮ ਬਾਬਾ ਸ਼੍ਰੀ ਚੰਦ ਅਤੇ ਛੋਟੇ ਸਪੁਤਰ ਦਾ ਨਾਮ ਬਾਬਾ ਲਖਮੀ ਦਾਸ ਸੀ।

    ਸੰਨ 1504 ਵਿੱਚ ਆਪ ਜੀ ਸੁਲਤਾਨਪੁਰ ਅਪਣੇ ਜੀਜਾ ‘ਭਾਈ ਜੈ ਰਾਮ’ ਜੀ ਪਾਸ ਚਲੇ ਗਏ ਜਿੱਥੇ ਆਪ ਜੀ ਨਵਾਬ ਦੋਲਤ ਖਾਂ ਦੇ ਮੋਦੀਖਾਨੇ ਨੂੰ ਸੰਭਾਲਿਆ। ਇੱਥੇ ਹੀ ਮੈਲਸੀਹਾਂ ਦੇ ‘ਭਾਈ ਭਗੀਰਥ’ ਨੇ ਆਪ ਜੀ ਤੋਂ ਪ੍ਰਭਾਵਤ ਹੋਕੇ ਸਿੱਖੀ ਧਾਰਨ ਕੀਤੀ ਅਤੇ ਬਾਅਦ ਵਿੱਚ ਉਸ ਰਾਹੀਂ ਲਾਹੋਰ ਦਾ ਰਹਿਣ ਵਾਲਾ ‘ਭਾਈ ਮਨਸੁਖ’ ਗੁਰੂ ਘਰ ਦਾ ਸ਼ਰਧਾਲੂ ਸੇਵਕ ਬਣਿਆ। 

    ਆਪ ਜੀ ਜਾਤ ਪਾਤ, ਵਰਣ ਵੰਡ, ਉਚ ਨੀਚ, ਅਮੀਰ ਗਰੀਬ ਦੇ ਸਖਤ ਵਿਰੋਧੀ ਸੀ ਅਤੇ ਆਪ ਜੀ ਦਾ ਬਚਪਨ ਦਾ ਸਾਥੀ ਭਾਈ ਮਰਦਾਨਾ ਸੀ ਜੋਕਿ ਅਖੋਤੀ ਨੀਵੀਂ ਜਾਤ ਮਰਾਸੀ ਮੁਸਲਮਾਨ ਦਾ ਪੁੱਤਰ ਸੀ। ਸੁਲਤਾਨਪੁਰ ਵਿੱਖੇ ਆਪ ਜੀ ਨੇ ਨਾਅਰਾ ਦਿਤਾ ਸੀ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਭਾਵ ਕਿ ਹਿੰਦੂ ਮੁਸਲਮਾਨ ਦੇ ਆਪਸੀ ਵਿਤਕਰੇ ਛੱਡੋ ਅਤੇ ਸੱਭ ਖਲਕਤ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਮਿਆ ਸਮਝੋ। ਜਦੋਂ ਇਹ ਗਲ ਨਵਾਬ ਦੋਲਤ ਖ਼ਾਨ ਤੇ ਕਾਜ਼ੀ ਨੇ ਸੁਣੀ ਤਾਂ ਕਹਿਣ ਲੱਗੇ ਕਿ, ‘ਜੇਕਰ ਤੁਹਾਨੂੰ ਮੁਸਲਮਾਨ ਤੇ ਹਿੰਦੁਆਂ ਵਿੱਚ ਇਕੋ ਪਰਮਾਤਮਾ ਨਜਰ ਆਉਂਦਾ ਹੈ ਤਾਂ ਸਾਡੇ ਨਾਲ ਰੱਲਕੇ ਨਮਾਜ਼ ਪੜੋ੍ਹ’। ਜਦੋਂ ਨਮਾਜ਼ ਦਾ ਵਕਤ ਆਇਆ ਤਾਂ ਗੁਰੂ ਜੀ ਬਾਕੀ ਮੁਸਲਮਾਨਾਂ ਦੇ ਨਾਲ ਨਮਾਜ਼ ਪੜਣ ਲਈ ਖੜੇ੍ਹ ਹੋ ਗਏ ਪਰ ਨਮਾਜ਼ ਪੜਣ ਸਮੇਂ ਕਾਜ਼ੀ ਵੱਲ ਵੇਖ ਗੁਰੂ ਜੀ ਹੱਸ ਪਏ। ਨਮਾਜ਼ ਖਤਮ ਹੋਣ ਤੇ ਜਦੋਂ ਭਰੀ ਸਭਾ ਵਿੱਚ ਗੁਰੂ ਜੀ ਤੋ ਪੁਛਿਆ ਗਿਆ ਕਿ ਆਪ ਜੀ ਕਿਉ ਹੱਸੇ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਨਮਾਜ਼ ਕਿਸ ਨਾਲ ਪੜਦਾ, ਕਾਜ਼ੀ ਦਾ ਮਨ ਤਾਂ ਘਰ ਪੁਜਿੱਆ ਹੋਇਆ ਸੀ, ਕਿਧਰੇ ਨਵਾਂ ਜੰਮਿਆਂ ਵਛੇਰਾ ਵਿਹੜੇ ਦੀ ਖੂਹੀ ਵਿੱਚ ਨਾ ਡਿੱਗ ਪਏ। ਗੁਰੂ ਜੀ ਨੇ ਸਮਝਾਇਆ ਕਿ, ਮੁੰਹੋਂ ਪਾਠ ਕਰੀ ਜਾਉ ਤੇ ਮਨ ਕਿਧੱਰੇ ਹੋਰ ਭਟਕਦਾ ਫਿਰੇ ਇਸ ਤਰਾਂ ਸੱਚੀ ਭਗਤੀ ਨਹੀ ਅਖਵਾ ਸਕਦੀ। ਸੱਚੀ ਭਗਤੀ ਤਾਂ ਹੀ ਸਮਝੀ ਜਾਂਦੀ ਹੈ, ਇੱਕ ਮਨ-ਇੱਕ ਚਿੱਤ ਹੋਕੇ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ।

    ਪਿਤਾ ਮਹਿਤਾ ਕਲਿਆਣ ਜੀ ਨੇ ਵਪਾਰ ਕਰਨ ਲਈ, ਆਪ ਜੀ ਨੂੰ 20 ਰੁਪਏ ਦੇਕੇ ਤੋਰਿਆ ਤਾਂ ਆਪ ਜੀ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਂਦੇ ਹੋਇ ਬਿਨਾ ਕਿਸੇ ਨਾਲ ਠੱਗੀ-ਠੋਰੀ ਕਰਦੇ ਸੱਚਾ-ਸੁੱਚਾ ਵਪਾਰ ਕੀਤਾ ਅਤੇ ਜਰੂਰਤਮੰਦ ਗਰੀਬ ਤੇ ਲਿਤਾੜੇ ਹੋਏ ਮਜਬੂਰ ਲੋਕਾਂ ਨੂੰ ਲੰਗਰ ਛਕਾਇਆ ਅਤੇ ਨਿੱਠਲੇ-ਬੇਕਾਰ ਲੋਕਾਂ ਨੂੰ ਹੱਥੀ ਕਿਰਤ ਕਰਨ ਦਾ ਰਾਹ ਸਮਝਾਂਦੇ ਹੋਇ ਕੰਮ ਕਾਜ ਕਰਨ ਦੀ ਪ੍ਰੇਰਣਾ ਦਿੰਦੇ ਦਸਵੰਧ ਦੀ ਪ੍ਰਥਾ ਕਾਇਮ ਕੀਤੀ। ਅੱਜ ਵੀ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਪਿਆਰਾ ਲੋਕਾਈ ਦੀ ਸੇਵਾ ਕਰਦੇ ਨਿਸ਼ਕਾਮ ਰਹਿੰਦਾ ਹੈ ਅਤੇ ਲੋੜਵੰਦਾਂ, ਨਿਆਸਰਿਆਂ, ਨਿਤਾਣਿਆਂ ਦਾ ਤਾਣ ਬਣ ਸੇਵਾ ਨਿਭਾਉਂਦਾ ਹੈ। ਸੰਗਤਾਂ ਵਲੋਂ ਧਰਮਸਾਲ ਭਾਵ ਗੁਰਦੁਆਰਿਆਂ ਵਿੱਚ ਵੀ ਬਿਨਾਂ ਕਿਸੇ ਵਿਤਕਰੇ ਦੇ ਲੰਗਰ ਪਾਣੀ ਅਤੇ ਰਹਿਣ ਨੂੰ ਥਾਂ ਮੁਹੱਈਆ ਕਰਵਾਈ ਜਾਂਦੀ ਹੈ। ਆਪ ਜੀ ਨੇ ਜਗਤ ਜਲੰਦੇ ਨੂੰ ਧਰਮ ਦੇ ਨਾਮ ਤੇ ਹੋ ਰਹੀ ਲੁੱਟ ਘਸੁੱਟ ਤੋ ਬਚਾਉਣ ਲਈ ਅਤੇ ਇੱਕ ਅਕਾਲ ਨਾਲ ਜੋੜਣ ਲਈ ਅਨੇਕਾਂ ਦੇਸ਼ਾਂ ਦਾ ਭ੍ਰਮਣ ਕੀਤਾ।

    ਆਪ ਜੀ ਨੇ ਐਮਨਾਬਾਦ ਵਿੱਖੇ ਮਲਿਕ ਭਾਗੋ ਦੀ ਹੇਰਾਫੇਰੀ ਤੇ ਪਾਪ ਕਰਮਾਂ ਨਾਲ ਕਮਾਈ ਰੋਟੀ ਨੂੰ ਪ੍ਰਵਾਨ ਨਾ ਕਰਦੇ ਹੋਇ ਕਿਰਤੀ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਪ੍ਰਵਾਣ ਕੀਤੀ। ਮਲਿਕ ਭਾਗੋ ਜੋ ਕਿ ਅਪਣੇ ਇਲਾਕੇ ਦਾ ਧਨਾਢ ਚੋਧਰੀ ਸੀ ਅਤੇ ਆਮ ਲੋਕਾਈ ਨਾਲ ਬਦਸਲੁਕੀ ਨਾਲ ਪੇਸ਼ ਆਉਂਦਾ ਸੀ, ਉਸਨੇ ਰਿਸ਼ਵਤਖੋਰੀ ਅਤੇ ਹੇਰਾਫੇਰੀ ਨਾਲ ਲੋਕਾਂ ਦਾ ਹੱਕ ਮਾਰਕੇ ਧਨ ਇੱਕਠਾ ਕੀਤਾ ਹੋਇਆ ਸੀ।ਜਦੋਂ ਗੁਰੂ ਜੀ ਐਮਨਾਬਾਦ ਪਹੁੰਚੇ ਤਾਂ ਉਸ ਨੇ ਅਪਣੇ ਪਿਤਾ ਦੇ ਸਰਾਧ ਦੇ ਸੰਬੰਧ ਵਿੱਚ ਬ੍ਰਹਮ ਭੋਜ ਰਖਿਆ ਹੋਇਆ ਸੀ ਅਤੇ ਇਲਾਕੇ ਦੇ ਸਾਰੇ ਸਾਧੂ-ਸੰਤਾਂ, ਬ੍ਰਾਹਮਣਾ ਅਤੇ ਪਤਵੰਤਿਆਂ ਨੂੰ ਬ੍ਰਹਮ ਭੋਜ ਤੇ ਸੱਦਿਆ ਹੋਇਆ ਸੀ ਪਰ ਗੁਰੂ ਜੀ ਨੇ ਬ੍ਰਹਮ ਭੋਜ ਵਿੱਚ ਸ਼ਾਮਿਲ ਹੋਣ ਤੋ ਮਨ੍ਹਾਂ ਕਰਦੇ ਸਮਝਾਇਆ ਕਿ ਤੇਰੀ ਰੋਟੀ ਗਰੀਬ ਲੋਕਾਂ ਦਾ ਖੁਨ ਚੁੱਸਕੇ ਇੱਕਤਰ ਕੀਤੀ ਮਾਇਆ ਦੀ ਹੈ ਅਤੇ ਭਾਈ ਲਾਲੋ ਦੀ ਰੋਟੀ ਧਰਮ ਨਾਲ ਕੀਤੀ ਕਮਾਈ ਦੀ ਹੈ। ਇਹ ਬਚਨ ਸੁਣ ਮਲਿਕ ਭਾਗੋ ਨੇ ਅੱਗੇ ਤੋ ਸੱਚੀ-ਸੁੱਚੀ ਕਿਰਤ ਕਰਨ ਦਾ ਪ੍ਰਣ ਲਿਆ।

    ਹਰਿਦੁਆਰ ਵਿੱਖੇ ਸੂਰਜ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰਦੇ ਸਮਝਾਇਆ ਕਿ ਮੁਕਤੀ ਜਾਂ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਅਜਿਹੇ ਕਰਮਕਾਂਡਾ ਨਾਲ ਨਹੀ ਹੁੰਦਾ ਸਗੋਂ ਜੀਉਂਦੇ ਹੀ ਨੇਕ ਕਰਮ ਤੇ ਪ੍ਰਭੂ ਦੀ ਸਿਫਤ ਸਾਲਾਹ ਕਰਨ ਨਾਲ ਹੀ ਜਨਮ-ਮਰਨ ਦੇ ਗੇੜ ਤੋਂ ਬੱਚਿਆ ਜਾ ਸਕਦਾ ਹੈ। ਇੱਥੇ ਹੀ ਵੈਸ਼ਨਵ ਸਾਧ ਨੂੰ ਸਮਝਾਇਆ ਕਿ ਪ੍ਰਭੂ ਦੇ ਪੈਦਾ ਕੀਤੇ ਮਨੁੱਖ ਨੀਚ ਨਹੀ ਹਨ ਅਤੇ ਪਰਮਾਤਮਾ ਬਾਹਰਲੀ ਸੁੱਚ ਰਖਣ ਨਾਲ ਨਹੀਂ ਪਤੀਜਦਾ ਸਗੋਂ ਉਹ ਤਾਂ ਵਿਕਾਰਾਂ ਰਹਿਤ ਮਨੁੱਖਾਂ ਤੇ ਰੀਝਦਾ ਹੈ। ਮਨੁੱਖਾਂ ਨੂੰ ਨੀਚ ਨਹੀ ਸਮਝਣਾ ਚਾਹੀਦਾ ਸਗੋਂ ਭੈੜੀ ਮੱਤ, ਨਿਰਦਯਤਾ, ਪਰਾਈ ਨਿੰਦਾ, ਕਰੋਧ ਆਦਿਕ ਭੈੜੇ ਵੀਚਾਰਾਂ ਨੂੰ ਤਿਆਗਣਾ ਚਾਹੀਦਾ ਹੈ।ਇਸ ਪ੍ਰਥਾਏ ਗੁਰਬਾਣੀ ਫੁਰਮਾਨ ਹੈ:- 

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥

ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ (ਪੰਨਾ 91) 

    ਗੋਰਖ ਮੱਤੇ ਜਾਕੇ ਜੋਗੀਆਂ ਨੂੰ ਬਾਹਰੀ ਭੇਖ ਧਾਰਨ ਕਰਨ, ਸਮਾਧੀਆਂ ਲਾਉਣ, ਸ਼ਰੀਰ ਨੂੰ ਕਸ਼ਟ ਦੇਣ ਵਾਲੇ ਤਪ ਆਸਣ ਕਰਨ ਤੋਂ ਹਟਾ ਕੇ ਇੱਕ ਪ੍ਰਭੂ ਦੀ ਸਿਫਤ ਸਾਲਾਹ ਕਰਨ ਅਤੇ ਪੰਜ ਵਿਸ਼ੇ ਵਿਕਾਰਾਂ ਤੋਂ ਬਚਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਦੇ ਉਪਦੇਸ਼ਾਂ ਸਦਕਾ ‘ਗੋਰਖ ਮਤਾ’ ਨਾਮ ਬਦਲ ਕੇ ‘ਨਾਨਕ ਮਤਾ’ ਦੇ ਨਾਮ ਨਾਲ ਪ੍ਰੁਸਿੱਧ ਹੋਇਆ।

    ਅਲਾਹਾਬਾਦ ਵਿੱਖੇ ਲੋਕਾਂ ਨੂੰ ਸਮਝਾਇਆ ਕਿ ਵਿਕਾਰਾਂ ਨਾਲ ਭਰੇ ਮਨ ਨਾਲ ਤੀਰਥ ਇਸ਼ਨਾਨ ਕਰਨ ਦਾ ਕੋਈ ਲਾਭ ਨਹੀ, ਅਸਲੀ ਤੀਰਥ ਤਾਂ ਹੀ ਹੈ ਜੇਕਰ ਮਨੁੱਖ ਚੰਗੇ ਕਰਮ ਕਰੇ ਅਤੇ ਪ੍ਰਭੁ ਦੀ ਸਿਫਤ ਸਾਲਾਹ ਕਰੇ। ਬਨਾਰਸ ਵਿੱਖੇ ਪਾਂਡਿਆ ਵਲੋਂ ਚਲਾਈ ਗਈ ਅਖੋਤੀ ਰੀਤ ਦਾ ਖੰਡਨ ਕਰਦੇ ਸਮਝਾਇਆ ਕਿ ਕਿਸੇ ਇੱਕ ਥਾਂ ਰਹਿਣ ਨਾਲ ਪਰਮਾਤਮਾ ਦੇ ਦਰ ਤੇ ਮੁਕਤੀ ਨਹੀਂ ਮਿਲਦੀ ਸਗੋਂ ਮੁਕਤੀ ਤਾਂ ਚੰਗੇ ਕਰਮ ਕਰਨ ਅਤੇ ਪਰਮਾਤਮਾ ਦੇ ਨਿਰਮਲ ਭਉ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦੀ ਹੈ।ਗੁਰੂ ਸਾਹਿਬ ਜੀ ਨੇ ਹੇਠਾਂ ਲਿੱਖੇ ਗਰਬਾਣੀ ਫੁਰਮਾਨ ਰਾਹੀ ਸਮਝਾਇਆ ਕਿ ਸੱਚਾ ਤੀਰਥ ਤਾਂ ਗੁਰੂ ਹੀ ਹੈ, ਜਿਸਦੀ ਸਿਿਖਆ ਵਿੱਚ ਚਲਦੇ ਹੋਇ ਅੰਤਰ ਆਤਮੇ ਗਿਆਨ ਰੂਪੀ ਡੁਬਕੀ ਲਗਾ ਕੇ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਫੁਰਮਾਨ ਹੈ:- 

ਤੀਰਥਿ ਨਾਵਣੁ ਜਾਉ ਤੀਰਥ ਨਾਮੁ ਹੈ ॥ ਤੀਰਥ ਸਬਦ ਬੀਚਾਰ ਅੰਤਰਿ ਗਿਆਨੁ ਹੈ ॥ (ਧਨਾਸਰੀ ਮ:1, ਪੰਨਾ 687)

    ਇੱਥੇ ਪੰਡਿਤ ਚਤੁਰ ਦਾਸ ਨੂੰ ਸਮਝਾਇਆ ਕਿ ਧਾਰਮਿਕ ਚਿੰਨ੍ਹ (ਤਿਲਕ, ਤੁਲਸੀ ਮਾਲਾ, ਸਾਲਿਗ੍ਰਾਮ) ਤੇ ਧਾਰਮਿਕ ਪਹਿਰਾਵਾ ਬਾਹਰਮੁੱਖੀ ਨਿਸ਼ਾਨੀ ਹੈ ਪਰ ਅਸਲੀ ਬ੍ਰਾਹਮਣ (ਬ੍ਰਹਮ ਨੂੰ ਜਾਣਨ ਵਾਲਾ) ਤਾਂ ਉਹੀ ਹੈ, ਜਿਹੜਾਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। 

    ਗਯਾ ਵਿੱਖੇ ਲੋਕਾਂ ਨੂੰ ਪਿੱਤਰਾਂ (ਮਰ ਚੁੱਕੇ ਵੱਡੇ ਵਡੇਰਿਆਂ) ਨਮਿਤ ਕੀਤੀਆ ਜਾਣ ਵਾਲੀਆਂ ਫੋਕਟ ਅਤੇ ਬੇਮਤਲਬ ਦੀਆਂ ਫਾਲਤੂ ਰਸਮਾਂ ਤੋਂ ਵਰਜਿਆ। ਪਟਨਾ ਵਿੱਖੇ ਸਾਲਸ ਰਾਇ ਜੋਹਰੀ ਅਤੇ ਅਧਰਕਾ ਗੁਰੂ ਘਰ ਦਾ ਭੋਰਾਂ ਬਣਿਆ। ਆਪ ਜੀ ਲੋਕਾਈ ਨੂੰ ਸੱਚੇ ਧਰਮ ਦਾ ਉਪਦੇਸ਼ ਦਿੰਦੇ ਹੋਇ ਗੋਹਾਟੀ, ਮਨੀਪੁਰ, ਸਿਲਹਟ, ਢਾਕਾ, ਮੇਦਨੀਪੁਰ, ਜਗਨਨਾਥ ਪੁਰੀ ਪੁੱਜੇ ਜਿੱਥੇ ਆਪ ਜੀ ਨੇ ਗੁਰਬਾਣੀ ਸ਼ਬਦ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ’ ਰਾਹੀਂ ਪ੍ਰਭੂ ਦੀ ਸੱਚੀ ਆਰਤੀ ਕਰਨ ਦਾ ਤਰੀਕਾ ਸਮਝਾਇਆ।

    ਪੂਰੀ ਤੋਂ ਬਾਅਦ ਆਪ ਜੀ ਰਾਮੇਸ਼ਵਰਮ, ਸਿੰਗਲਾਦੀਪ (ਸ਼੍ਰੀ ਲੰਕਾਂ) ਪਹੁੰਚੇ, ਇੱਥੋਂ ਦਾ ਰਾਜਾ ਸ਼ਿਵਨਾਭ, ਭਾਈ ਮਨਸੁਖ ਦੀ ਸੰਗਤ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਬਣਿਆ ਸੀ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨਾ ਦੀ ਤੀਬਰ ਇੱਛਾ ਰਖਦਾ ਸੀ।ਉਸਦੀ ਇਸ ਇੱਛਾ ਨੂੰ ਜਾਣਕੇ ਕਈਂ ਠੱਗ-ਸਾਧੂ ਆਪਣੇ ਆਪ ਨੂੰ ‘ਗੁਰੂ ਨਾਨਕ’ ਦੱਸਕੇ ਮਾਣ ਸਨਮਾਨ ਤੇ ਕਈਂ ਤਰਾਂ ਦੇ ਧਨ ਪਦਾਰਥ ਇਕੱਠੇ ਕਰਨ ਦਾ ਯਤਨ ਕਰਦੇ ਰਹਿੰਦੇ ਸੀ। ਰਾਜਾ ਸ਼ਿਵਨਾਭ ਇਹਨਾਂ ਦੰਭੀ-ਪਖੰਡੀ ਸਾਧੂਆਂ ਦੀ ਪਰਖ ਲਈ ਅਨੇਕਾਂ ਪ੍ਰਕਾਰ ਦੇ ਧਨ ਪਦਾਰਥ ਤੋਂ ਇਲਾਵਾ ਸੋਹਣੀਆਂ ਇਸਤਰੀਆਂ ਨੂੰ ਭੇਜਦਾ ਹੁੰਦਾ ਸੀ ਅਤੇ ਮਨ ਵਿੱਚ ਇੱਛਾ ਧਾਰੀ ਹੋਈ ਸੀ ਜਿਸ ਦਿਨ ਗੁਰੂ ਨਾਨਕ ਖੁੱਦ ਆਉਣਗੇ ਤਾਂ ਪਰਖ ਹੋ ਜਾਵੇਗੀ। ਜੱਦੋਂ ਗੁਰੂ ਜੀ ਉੱਥੇ ਪਹੰਚੇ ਤਾਂ ਰਾਜਾ ਸ਼ਿਵਨਾਭ ਨੇ ਗੁਰੂ ਜੀ ਨਾਲ ਵੀ ਉਸੇ ਤਰਾਂ ਹੀ ਕੀਤਾ।ਗੁਰੂ ਜੀ ਅਡੋਲ ਚਿੱਤ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਲੀਨ ਰਹੇ ਅਤੇ ਉਹਨਾਂ ਇਸਤ੍ਰੀਆਂ ਨੂੰ ਪੁਤਰੀ ਅਤੇ ਰਾਜ ਕੁਮਾਰੀ ਕਹਿਕੇ ਪੁਕਾਰਿਆ, ਜਿਸ ਪ੍ਰਥਾਏ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਫੁਰਮਾਨ :- 

ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥

ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥ (ਬਸੰਤ ਮ: 1, ਪੰਨਾ 1187)

    ਇਸ ਤੋਂ ਉੋਪਰਾਂਤ ਆਪ ਜੀ ਕੋਚੀਨ ਵਿੱਖੇ ਸਾਲਿਗ੍ਰਾਮ ਦੀ ਪੂਜਾ ਤੋਂ ਵਰਜਿਆ।ਫਿਰ ਆਪ ਜੀ ਨੇ ਨੀਲਗਿਰੀ ਵਿੱਖੇ ਲੋਕਾਂ ਨੂੰ ਪਸ਼ੂ ਬਲੀ ਦੇਣ ਤੋਂ ਮਨਾ ਕੀਤਾ।ਇਸੇ ਤਰ੍ਹਾਂ ਆਪ ਜੀ ਪੂਨਾ, ਨਾਸਿਕ, ਅੋਰੰਗਾਬਾਦ, ਉਜੈਨ, ਬੜੋਦਾ, ਸੋਮਨਾਥ, ਦੁਆਰਕਾ, ਅਜਮੇਰ, ਪੁਸ਼ਕਰ ਆਦਿ ਥਾਂਵਾਂ ਦੇ ਲੋਕਾਂ ਨੂੰ ਕਰਮਕਾਂਡਾਂ ਤੋਂ ਬਚਾਉਂਦੇ ਹੋਇ ਇੱਕ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਹੋਇ ਮਥੁਰਾ ਪਹੁੰਚੇ।

    ਮਥੁਰਾ ਵਿੱਖੇ ਗੁਰੂ ਨਾਨਕ ਦੇਵ ਜੀ ਨੇ ਭ੍ਰਿਸ਼ਟ ਪਾਂਡਿਆ ਨੂੰ ਸਮਝਾਇਆ ਕਿ ਆਪਣੇ ਨੀਵੇਂ ਆਚਰਣ ੳਤੇ ਕੁਕਰਮਾਂ ਨੂੰ ਕਲਯੁਗ ਦੇ ਨਾਮ ਮੜ੍ਹ ਕੇ ਲੋਕਾਂ ਨੂੰ ਤਾਂ ਬੇਵਕੁਫ ਬਣਾ ਸਕਦੇ ਹੋ ਪਰ ਪਰਮਾਤਮਾ ਦੇ ਦਰ ਤੇ ਇਹ ਪ੍ਰਵਾਨ ਨਹੀ ਅਤੇ ਕਲਿਯੁਗ ਨਾਮ ਦਾ ਕੋਈ ਯੁਗ ਨਹੀਂ, ਗੁਰਬਾਣੀ ਆਸ਼ੇ ਅਨੁਸਾਰ ਜਿੱਥੇ ਵੀ ਕੋਈ ਉਲਟ ਰੀਤ ਵਰਤ ਜਾਏ ਉਹ ਕਲਿਯੁਗ ਹੀ ਹੈ। 

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ 

ਸਾ ਧਰਤੀ ਸੇ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥

    ਪਰਮਾਤਮਾ ਨੇ ਹਰ ਸਮੇਂ ਅਤੇ ਹਰ ਕਾਲ ਵਿੱਚ ਦਿਨ-ਰਾਤ ਇਕੋ ਜਿਹੇ ਬਣਾਏ ਹਨ ਇਸ ਲਈ ਯੁਗਾਂ ਦੀ ਕੋਈ ਵੰਡ ਨਹੀਂ ਹੈ। ਇਸ ਤੋਂ ਬਾਅਦ ਗੁਰੂ ਜੀ ਦਿੱਲੀ ਵਿੱਖੇ ਮਜਨੂੰ ਟੀਲਾ ਰੁਕੇ ਜਿੱਥੇ ਹੁਣ ਗੁਰਦੁਆਰਾ ਮਜਨੂੰ ਟੀਲਾ ਸੁਸ਼ੋਭਿਤ ਹੈ ਫਿਰ ਪਾਣੀਪਤ ਵਿੱਖੇ ਸ਼ੇਖ ਤਾਹਰ ਨੂੰ ਪਰਮਾਤਮਾ ਦਾ ਸੱਚਾ ਗਿਆਨ ਬਖਸ਼ਿਸ ਕੀਤਾ। ਆਪ ਜੀ ਨੇ ਕੁਰੁਕਸ਼ੇਤਰ ਵਿੱਖੇ ਸੁਰਜ ਗ੍ਰਹਿਣ ਮੇਲੇ ਤੇ ਲੋਕਾਂ ਨੂੰ ਅਕਾਲ ਪੁਰਖ ਨਾਲ ਜੋੜਣ ਦਾ ਉਪਦੇਸ਼ ਦਿੱਤਾ।

    ਦੁੱਜੇ ਪ੍ਰਚਾਰ ਦੋਰੇ ਤੇ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਜਾ ਸਿੱਧਾਂ ਨਾਲ ਵਿਚਾਰ ਚਰਚਾ ਕਰਦੇ ਸਮਝਾਇਆ ਕਿ ਘਰ ਬਾਰ ਤਿਆਗ ਕੇ, ਜੰਗਲਾਂ ਵਿੱਚ ਕੰਦ ਮੂਲ ਖਾਕੇ ਗੁਜ਼ਾਰਾ ਕਰਨਾ, ਪਿੰਡੇ ਤੇ ਸੁਆਹ ਮਲਣੀ, ਕੰਨ ਵਿੱਚ ਮੁੰਦਰਾਂ ਪਾਉਣਾ ੳਤੇ ਹੋਰ ਯੋਗ ਸਾਧਨਾਵਾਂ ਨਾਲ ਪ੍ਰਭੂ ਨਾਲ ਮਿਲਾਪ ਨਹੀ ਹੋ ਸਕਦਾ, ਅਸਲ ਸਿੱਧ ਯੋਗੀ ਉਹੀ ਹਨ ਜਿਹੜੇ ਸ਼ੁਭ ਕਰਮ ਕਰਦੇ ਹੋਏ ਪ੍ਰਭੂ ਦੀ ਸਿਫਤ ਸਾਲਾਹ ਵਿੱਚ ਜੁੜੇ ਰਹਿੰਦੇ ਹਨ।

    ਗਿਆਨ ਚਰਚਾ ਕਰਦੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਤੁਹਾਡੇ ਵਰਗੇ ਲੋਕਾਂ ਦਾ ਕੰਮ ਆਮ ਲੋਕਾਈ ਨੂੰ ਪ੍ਰਭੂ ਨਾਲ ਜੋੜਣਾ ਸੀ ਤੇ ਤੁਸੀ ਆਪ ਹੀ ਰਿਧੀਆਂ-ਸਿੱਧੀਆਂ ਦੇ ਚਕਰਾਂ ਵਿੱਚ ਅਪਣਾ ਜਨਮ ਅਜਾਈਂ ਹੀ ਗਵਾ ਰਹੇ ਹੋ।ਸਿਧਾਂ ਨਾਲ ਕੀਤੀ ਗੋਸ਼ਟ-ਚਰਚਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਅਪਣੀ ਪਹਿਲੀ ਵਾਰ ਦੀ 29ਵੀਂ ਪਉੜੀ ਵਿੱਚ ਕੀਤਾ ਹੈ। ਆਪ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਘਰ ਬਾਰ ਛੱਡ ਪਹਾੜਾਂ ਵਿੱਚ ਰਹਿਣਾ ਧਰਮ ਦਾ ਰਸਤਾ ਨਹੀ, ਸਗੋਂ ਅਪਣੇ ਪਰਿਵਾਰ ਵਿੱਚ ਰਹਿੰਦੇ ਹੋਇ ਕਾਰ ਵਿਹਾਰ ਕਰਨਾ ਹੀ ਸੱਚਾ ਧਰਮ ਹੈ।

    ਪ੍ਰਚਾਰ ਦੋਰੇ ਸਮੇਂ ਕਸ਼ਮੀਰ ਦੇ ਇਲਾਕੇ ਮਟਨ ਵਿੱਖੇ ਪੰਡਤ ਬ੍ਰਹਮ ਦਾਸ ਨੂੰ ਸਮਝਾਇਆ ਕਿ ਕੇਵਲ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਅਤੇ ਲੋਕਾਂ ਨਾਲ ਬਹਿਸ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਪ੍ਰਭੂ ਤਾਂ ਪ੍ਰੇਮਾ ਭਗਤੀ ਦਾ ਭੁਖਾ ਹੈ।  

    ਤੀਜੀ ਪ੍ਰਚਾਰ ਫੇਰੀ ਮੋਕੇ ਆਪ ਜੀ ਪਾਕਪਟਨ ਵਿੱਖੇ ਬਾਬਾ ਫਰੀਦ ਜੀ ਦੀ ਗੱਦੀ ਤੇ ਬੈਠੇ ਸ਼ੇਖ ਬ੍ਰਹਮ ਜੀ ਨੂੰ ਮਿਲੇ ਅਤੇ ਚਰਚਾ ਕਰ ਬਾਬਾ ਫਰੀਦ ਜੀ ਦੇ ਕਲਾਮ ਲਏ ਜਿਸ ਨੂੰ ਪੋਥੀ ਸਾਹਿਬ ਵਿੱਚ ਅੰਕਿਤ ਕੀਤਾ ਅਤੇ ਬਾਅਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਕਰਵਾਈ। 

    ਤੁਲੰਭੇ ਵਿੱਖੇ ਗੁਰੂ ਸਾਹਿਬ ਜੀ ‘ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ’ ਸ਼ਬਦ ਰਾਹੀਂ ਸਿਿਖਆ ਦਿੰਦੇ ਸੱਜਣ ਠੱਗ ਨੂੰ ਧਾਰਮਿਕ ਭੇਖ ਧਾਰਨ ਕਰ ਲੋਕਾਂ ਨੂੰ ਠਗਣ ਤੋਂ ਵਰਜਿਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਾਸਨਾ ਲਈ ਪ੍ਰੇਰਿਤ ਕੀਤਾ। 

    ਮੱਕੇ ਪਹੁੰਚ ਕੇ ਗੁਰੂ ਜੀ ਨੇ ਮੁਸਲਮਾਨ ਭਾਈਚਾਰੇ ਨੰੁ ਸਮਝਾਇਆ ਕਿ ਰੱਬ ਦਾ ਘਰ ਹਰ ਪਾਸੇ ਹੈ, ਉਹ ਕਿਸੇ ਖਾਸ ਦਿਸ਼ਾ ਵੱਲ ਬੱਝਕੇ ਨਹੀਂ ਬੈਠਾ ਹਰ ਜ਼ਰੇ੍ਹ-ਜ਼ਰੇ੍ਹ ਵਿੱਚ ਉਸ ਦੀ ਜੋਤ ਹੈ ਅਤੇ ਉਹ ਸਰਬ ਵਿਆਪਕ ਹੈ। ਪਰਮਾਤਮਾ ਨੂੰ ਕਿਸੇ ਇੱਕ ਧਰਮ ਅਸਥਾਨ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।ਇਸ ਸਾਰੀ ਵੀਚਾਰ ਚਰਚਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਅਪਣੀ ਪਹਿਲੀ ਵਾਰ ਵਿੱਚ ਇੰਝ ਕੀਤਾ ਹੈ। 

ਪੁੱਛਨਿ ਗਲ ਈਮਾਨ ਦੀ ਕਾਜੀ ਮੁਲਾਂ ਇੱਕਠੇ ਹੋਈ।

ਵਡਾ ਸਾਂਗ ਵੲਤਾਇਆ ਲਖਿ ਨ ਸਕੈ ਕੁਦਰਤਿ ਕੋਈ।

ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ।

ਬਾਬਾ ਆਖੇ ਹਾਜੀਆ, ਸੁਭਿ ਅਮਲਾ ਬਾਝਹੁ ਦੋੋਨੋ ਰੋਈ।

ਹਿੰਦੂ ਮੁਸਲਮਾਨ ਦੁਇ, ਦਰਗਹ ਅੰਦਰਿ ਲਹਨਿ ਨ ਢੋਈ।

ਕਚਾ ਰੰਗੁ ਕੁਸੰਭ ਦਾ, ਪਾਣੀ ਧੋਤੈ ਥਿਰੁ ਨ ਰਹੋਈ।

ਕਰਨਿ ਬਖੀਲੀ ਆਪਿ ਵਿਿਚ, ਰਾਮ ਰਹੀਮ ਕੁਥਾਇ ਖਲੋਈ।

ਰਾਹਿ ਸੈਤਾਨੀ ਦੁਨੀਆ ਗੋਈ।

    ਬਗਦਾਦ ਵਿੱਚ ਲੋਕਾਂ ਨੂੰ ਸਮਝਾਇਆ ਕਿ ਰਾਗ (ਸੰਗੀਤ) ਹਰਾਮ ਨਹੀਂ, ਸਗੋ ਪ੍ਰਭੂ ਦੀ ਸਿਫਤ ਸਾਲਾਹ ਲਈ ਰਾਗ (ਕੀਰਤਨ) ਪ੍ਰਭੂ ਪ੍ਰਾਪਤੀ ਲਈ ਇੱਕ ਉਤਮ ਸਾਧਨ ਹੈ  

    ਹਸਨ ਅਬਦਾਲ ਵਿੱਖੇ ਆਪ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਜਦੋਂ ਗੁਰੂ ਨਾਨਕ ਦੇਵ ਜੀ ਵਾਪਸ ਪੰਜਾਬ ਵੱਲ ਆ ਰਹੇ ਸੀ ਤਾਂ ਉਸ ਸਮੇਂ ਸੈਦਪੁਰ (ਐਮਨਾਬਾਦ) ਵਿੱਖੇ ਬਾਬਰ ਦੀਆਂ ਫੋਜਾਂ ਨੇ ਹਿੰਦੁਸਤਾਨ ਦੀ ਜਨਤਾ ਤੇ ਲੁੱਟ ਮਚਾਈ ਹੋਈ ਸੀ ਅਤੇ ਭਾਰੀ ਗਿਣਤੀ ਵਿੱਚ ਲੋਕਾਂ ਨੰੁ ਕਤਲ ਕੀਤਾ ਸੀ ਤਾ ਉਸ ਸਮੇਂ ਦੇ ਹਾਲਾਤ ਵੇਖ ਕੇ ਗੁਰੂ ਸਾਹਿਬ ਜੀ ਨੇ ਸਮੇਂ ਦੇ ਹਾਕਮ ਬਾਬਰ ਨੂੰ ਜ਼ਾਬਰ ਕਿਹਾ ਸੀ। ਉਸ ਇਤਿਹਾਸਿਕ ਘਟਨਾ ਦਾ ਜ਼ਿਕਰ ਗੁਰੂ ਸਾਹਿਬਾਂ ਨੇ 4 ਸ਼ਬਦਾਂ ਦਾ ਉਚਾਰਣ ਕੀਤਾ ਜੋਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੇਠਾਂ ਲਿੱਖੇ ਅਨੁਸਾਰ ਦਰਜ ਹਨ।

1) ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ’…… ਪੰਨਾ-722

2) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥…… ਪੰਨਾ-360

3) ਜਿਨ ਸਿਿਰ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥…… ਪੰਨਾ-417

4) ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥…… ਪੰਨਾ-417

    ਇਸ ਤਰਾਂ ਆਪ ਜੀ ਜਗਤ ਜਲੰਦੇ ਨੂੰ ਤਾਰਦੇ ਹੋਇ ਅਨੇਕਾਂ ਹੀ ਲੋਕਾਂ ਨੂੰ ਧਰਮ ਦੇ ਰਾਹ ਤੇ ਤੋਰਿਆ।

    ਅਚਲ ਵਿੱਖੇ ਗੁਰੂ ਜੀ ਨੇ ਯੋਗੀਆਂ ਨਾਲ ਜਿਹੜੀ ਚਰਚਾ ਕੀਤੀ ਉਸਨੂੰ ਗੁਰੂ ਸਾਹਿਬ ਜੀ ਨੇ ‘ਸਿਧ ਗੋਸਟਿ’ ਸਿਰਲੇਖ ਹੇਠ ਕਲਮਬੰਦ ਕੀਤਾ ਹੈ, ਜੋਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

    ਇਤਿਹਾਸਿਕ ਲਿਖਤਾਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਦੇ ਲਗਭਗ 3 ਕਰੋੜ ਲੋਕ ਮੁਰੀਦ ਬਣ ਗਏ ਸੀ। ਅਪਣਾ ਅੰਤਲੇ ਸਮੇਂ ਆਪ ਜੀ ਨੇ ਕਰਤਾਰਪੁਰ ਨਗਰ ਵਸਾਇਆ, ਜੋਕਿ ਹੁਣ ਪਾਕਿਸਤਾਨ ਵਿੱਚ ਹੈ। ਕਰਤਾਰਪੁਰ ਵਿੱਖੇ ਹੀ ਆਪ ਜੀ ਦੁਨਿਆਵੀਂ ਲੋਕਾਂ ਵਾਂਗ ਗ੍ਰਹਿਸਤੀ ਰਹਿੰਦੇ ਹੋਇ ਖੁਦ ਖੇਤੀ ਕਰ ਅਪਣਾ ਜੀਵਨ ਨਿਰਬਾਹ ਕੀਤਾ ਅਤੇ ਧਰਮਸਾਲ ਸਥਾਪਿਤ ਕੀਤੀ ਜਿੱਥੇ ਸਵੇਰੇ ਸ਼ਾਮ ਪਰਮਾਤਮਾ ਦੀ ਸਿਫਤ ਸਾਲਾਹ ਦੇ ਸੋਹਲੇ ਗਾਏ ਜਾਂਦੇ। ਇਸ ਤਰਾਂ ਆਪ ਜੀ ਧਰਮ ਦੀ ਕਿਰਤ ਕਰਦੇ ਹੋਇ ਜਿੱਥੇ ਘਰ ਪਰਿਵਾਰ ਦੀ ਸੇਵਾ ਸੰਭਾਲ ਕਰਦੇ ਉੱਥੇ ਨਾਲ ਹੀ ਮੁਸਾਫਰਾਂ ਤੇ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਅਤੇ ਜਰੂਰਤਮੰਦਾਂ ਦੀ ਜਰੂਰਤ ਪੂਰੀ ਕਰਦੇ ਸੀ। 

    ਕਰਤਾਰਪੁਰ ਵਿੱਖੇ ਹੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ 7 ਸਾਲ ਅਣਥੱਕ ਸੇਵਾ ਕੀਤੀ ਤੇ ਅਨੇਕਾਂ ਪ੍ਰੀਖਿਆਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਬਣੇ ਅਤੇ ਗੁਰੂ ਨਾਨਕ ਦੇਵ ਜੀ ਨੇ ਅਪਣਾ ਅੰਤਿਮ ਸਮਾਂ ਨੇੜੇ ਜਾਣ ਸਤੰਬਰ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰਿਆਈ ਦਿੰਦੇ ਹੋਇ ਮੱਥਾ ਟੇਕਿਆ ਤੇ ਅਪਣੇ ਅੰਗ ਨਾਲ ਲਗਾਕੇ ਅੰਗਦ ਨਾਮ ਦਿਤਾ ਅਤੇ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਸੋਂਪ ਦਿੱਤੀ। 

    ਗੁਰੂ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਸੱਚ,ਧਰਮ ਨਿਆਂ ਤੇ ਸ਼ੁਭ ਗੁਣਾ ਨਾਲ ਜੋੜਣ ਲਈ 19 ਰਾਗਾਂ ਵਿੱਚ ਬਾਣੀ ਲਿੱਖੀ, ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੋਰ ਤੇ ਜਪੁ, ਪਹਰੇ, ਪਟੀ, ਅਲਾਹਣੀਆ, ਕੁਚਜੀ, ਸੁਚਜੀ, ਉਅੰਕਾਰ, ਸਿਧ ਗੋਸਟਿ, ਸੋਲਹੇ, ਬਾਰਹਮਾਹਾ ਤੁਖਾਰੀ, ਸਲੋਕ ਸਹਸਕ੍ਰਿਤੀ ਤੇ ਸਵਈਏ ਮਹਲੇ ਪਹਲੇ ਕੇ ਪ੍ਰਮੁਖ ਹਨ।

    ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਦਿੱਤੇ 3 ਮੁੱਖ ਉਪਦੇਸ਼ ‘ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ’ ਸਿੱਖ ਧਰਮ ਦੇ ਮੂਲ ਸਿਧਾਂਤ ਹਨ। ਆਪ ਜੀ ਨੂੰ ਸੱਚਾ ਸੋਦਾ ਕਰਨ ਲਈ ਪਿਤਾ ਜੀ ਵਲੋਂ ਦਿੱਤੇ ਗਏ ਰੁਪਏ ਦਾ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਪਿਰਤ ਵੰਡ ਛਕਣ ਦੇ ਅਸੂਲ ਨੂੰ ਦ੍ਰਿੜ ਕਰਾਉਂਦੀ ਹੈ ਅਤੇ ਅੱਜ ਵੀ ਸਿੱਖ ਭਾਈਚਾਰਾ ਸੰਸਾਰ ਭਰ ਵਿੱਚ ਜਿੱਥੇ ਵੀ ਲੋੜ ਪਵੇ ਨਿਸ਼ਕਾਮ ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣੀ ਸਾਰੀ ਉਮਰ ਦੇਸ਼ਾਂ-ਵਿਦੇਸ਼ਾਂ ਦਾ ਭ੍ਰਮਣ ਕਰ ਲੋਕਾਂ ਨੂੰ ਫੋਕਟ ਕਰਮਕਾਂਡਾ ਤੋਂ ਵਰਜਿਆ ਪਰ ਅਫਸੋਸ ਕਿ ਅੱਜ ਗੁਰੂ ਨਾਨਕ ਦੇਵ ਜੀ ਨੂੰ ਅਪਣਾ ਇਸ਼ਟ ਮਨੰਣ ਵਾਲੇ ਲੋਕ, ਫਿਰ ਤੋਂ ਉਸੇ ਧਰਾਤਲ ਵਿੱਚ ਧਸਦੇ ਜਾ ਰਹੇ ਹਨ ਜਿਨ੍ਹਾਂ ਤੋਂ ਗੁਰੂ ਸਾਹਿਬਾਂ ਨੇ 239 ਸਾਲ ਦਾ ਲੰਮਾ ਸਮਾਂ ਲਗਾਕੇ ਕਢਿਆ ਸੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ।

ਹਰਪ੍ਰੀਤ ਸਿੰਘ 9992414888

ਈ ਮੇਲ: harpreetsingh.kkr@gmail.com


4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...