Saturday, 23 October 2021

ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ

ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ
ਬਾਬਾ ਬੁੱਢਾ ਜੀ
        ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਬੜੇ ਉੱਚੇ-ਸੁੱਚੇ ਜੀਵਨ ਵਾਲੇ ਗੁਰਸਿੱਖ ਹੋਏ ਹਨ। ਜਿਨ੍ਹਾਂ ਨੇ ਜਗਤ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਬਾਣੀ ਤੇ ਗੁਰਸਿੱਖੀ ਦਾ ਉਪਦੇਸ਼ ਲਿਆ ਅਤੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਗੁਰਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ।
        ਬਾਬਾ ਬੁੱਢਾ ਜੀ ਦਾ ਪਹਿਲਾ ਨਾਂ ਭਾਈ ਬੂੜਾਸੀ। ਆਪ ਜੀ ਦਾ ਜਨਮ 21 ਅਕਤੂਬਰ 1506 ਈਸਵੀਂ ਨੂੰ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿੱਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਹੋਇਆ। ਮਾਪਿਆਂ ਨੇ ਆਪ ਜੀ ਦਾ ਨਾਮ ਬੂੜਾਰੱਖਿਆ। ਬੂੜਾ ਜੀ ਦੇ ਜਨਮ ਤੋਂ ਕੁਝ ਚਿਰ ਮਗਰੋਂ ਹੀ ਉਨ੍ਹਾਂ ਦਾ ਪਰਿਵਾਰ ਪਿੰਡ ਰਮਦਾਸ (ਜ਼ਿਲਾ ਅੰਮ੍ਰਿਤਸਰ) ਵਿਚ ਆ ਵੱਸੇ।
        ਜੱਦ ਭਾਈ ਬੂੜਾ ਜੀ 11 ਕੁ ਵਰ੍ਹਿਆਂ ਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਰਮਦਾਸ ਪਿੰਡ ਦੇ ਨੇੜੇ ਹੀ ਪੜਾਅ ਕੀਤਾ ਹੋਇਆ ਸੀ। ਜਦੋਂ ਗੁਰੂ ਜੀ ਪ੍ਰਭੂ ਸਿਫਤ ਸਾਲਾਹ ਦੇ ਗੁਣ ਗਾਉਂਦੇ ਸਨ ਤਾਂ ਨੇੜਲੇ ਇਲਾਕੇ ਦੀਆਂ ਸੰਗਤਾਂ ਵੀ ਗੁਰ ਉਪਦੇਸ਼ਾਂ ਨੂੰ ਸਰਵਣ ਕਰਨ ਲਈ ਆਉਂਦੀਆਂ ਸਨ। ਇੱਥੇ ਨੇੜੇ ਹੀ ਭਾਈ ਬੂੜਾ ਜੀ ਵੀ ਮੱਝਾਂ ਚਰਾਉਂਦੇ ਹੋਏ ਦੀਵਾਨ ਵਿੱਚ ਆ ਜਾਇਆ ਕਰਦੇ ਸਨ। ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਅਤੇ ਹਰ ਰੋਜ਼ ਗੁਰੂ ਜੀ ਪਾਸ ਆ ਕੇ ਬੈਠ ਜਾਂਦੇ ਅਤੇ ਗੁਰੂ ਉਪਦੇਸ਼ਾਂ ਨੂੰ ਸਰਵਨ ਕਰਦੇ। ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਕਿ ਇੱਕ ਬੱਚਾ ਹਰ ਰੋਜ ਸਿਮਰਨ-ਅਭਿਆਸ ਦੇ ਸਮੇਂ ਸੰਗਤ ਵਿੱਚ ਆ ਬੈਠਦਾ ਹੈ ਅਤੇ ਪੁਰੇ ਧਿਆਨ ਨਾਲ ਗੁਰ ਉਪਦੇਸ਼ਾਂ ਨੂੰ ਸਰਵਣ ਕਰਦਾ ਹੈ ਤਾਂ ਇੱਕ ਦਿਨ ਗੁਰੂ ਜੀ ਨੇ ਭਾਈ ਬੂੜਾ ਜੀ ਨੂੰ ਅਪਣੇ ਨੇੜੇ ਬੁਲਾ ਕੇ ਪੁਛਿਆ ਕਿ
ਗੁਰੂ ਜੀ : ਕਾਕਾ, ਤੇਰਾ ਕੀ ਨਾਮ ਹੈ ਅਤੇ ਤੂੰ ਕੀ ਕੰਮ ਕਰਦਾ ਹੈ।
ਭਾਈ ਬੂੜਾ ਜੀ : ਸੱਚੇ ਪਾਤਸ਼ਾਹ, ਮੈ ਰਮਦਾਸ ਦਾ ਰਹਿਣ ਵਾਲਾ ਹਾਂ ਤੇ ਮੈ ਮੱਝਾਂ ਚਰਾਉਂਦਾ ਹਾਂ,
ਗੁਰੂ ਜੀ : ਕਾਕਾ, ਤੂੰ ਇੱਥੇ ਕੀ ਕਰਨ ਆਉਂਦਾ ਹੈ, ਤੇਰੇ ਮਨ ਦੀ ਕੀ ਭਾਵਨਾ ਹੈ?
ਭਾਈ ਬੂੜਾ ਜੀ : ਪਾਤਸ਼ਾਹ, ਮੈਂ ਮੌਤ ਦੇ ਭੈਅ ਤੋਂ ਡਰਦਾ ਆਪ ਜੀ ਪਾਸੋਂ ਪਰਮਾਤਮਾ ਦੀ ਸਿਫਤ ਸਾਲਾਹ ਦੇ ਬਚਨ ਸੁਨਣ ਆਉਂਦਾ ਹਾਂ। ਮੈਨੂੰ ਮੌਤ ਦੇ ਡਰ ਤੋਂ ਬਚਾਅ ਲਵੋ।
ਗੁਰੂ ਜੀ: ਅੱਜੇ ਤਾਂ ਤੂੰ ਬੱਚਾ ਹੈ, ਤੇਰੀ ਹਾਲੇ ਹਸਣ-ਖੇਡਣ ਦੀ ਉਮਰ ਹੈ। ਤੈਨੂੰ ਮੌਤ ਦੇ ਭੈਅ ਦਾ ਖਿਆਲ ਕਿਵੇਂ ਆ  ਗਿਆ? ਜਦੋਂ ਵੱਡਾ ਹੋਵੇਗਾ ਤਾਂ ਇਹ ਗੱਲਾਂ ਕਰੀਂ।
ਭਾਈ ਬੂੜਾ ਜੀ: ਦੀਨ ਦੁਨੀਆਂ ਦੇ ਪਾਤਸ਼ਾਹ! ਮੌਤ ਦਾ ਕੀ ਭਰੋਸਾ? ਕੀ ਪਤਾ ਕਦੋਂ ਆ ਜਾਵੇ, ਪਤਾ ਨਹੀ ਮੈ ਵੱਡਾ ਹੋਣਾ ਵੀ ਹੈ ਕਿ ਨਹੀਂ?
ਗੁਰੂ ਜੀ: ਕਾਕਾ, ਏਨੀ ਛੋਟੀ ਉਮਰ ਵਿੱਚ ਗੱਲਾਂ ਬੁੱਢਿਆਂ ਵਰਗੀਆਂ ਕਰਦਾ ਹੈ, ਤੇਰੇ ਮਨ ਵਿੱਚ ਏਨੀ ਛੋਟੀ ਉਮਰੇ ਇਹ ਖਿਆਲ ਕਿਵੇਂ ਆਇਆ?
ਭਾਈ ਬੂੜਾ ਜੀ : ਗੁਰੂ ਜੀ! ਕੁਝ ਸਮਾਂ ਹੋਇਆ ਹੈ, ਇਸ ਇਲਾਕੇ ਵਿੱਚ ਕਈਂ ਪਠਾਨ ਆਏ ਸਨ ਅਤੇ ਉਹ ਧੱਕੇ ਨਾਲ ਸਾਡੀਆਂ ਸਾਰੀਆਂ ਫਸਲਾਂ ਵੱਢ ਕੇ ਲੈ ਗਏ, ਉਹਨਾਂ ਇਹ ਵੀ ਨਹੀਂ ਵੇਖਿਆ ਕਿ ਫਸਲਾਂ ਪੱਕੀਆਂ ਵੀ ਹਨ ਕਿ ਅੱਜੇ ਕੱਚੀਆਂ ਜਾਂ ਅੱਧ ਪੱਕੀਆਂ ਹਨ। ਉਹਨਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਵੇਖ ਕੇ ਮੇਰੇ ਮਨ ਵਿੱਚ ਬਾਰ-ਬਾਰ ਖਿਆਲ ਆਉਂਦਾ ਹੈ ਕਿ ਜਿਸ ਤਰ੍ਹਾਂ ਪਠਾਨ ਕੱਚੀਆਂ-ਅੱਧ ਪੱਕੀਆਂ ਫਸਲਾਂ ਨੂੰ ਵੀ ਵੱਡ ਕੇ ਲੈ ਗਏ ਸਨ, ਇਸੇ ਤਰ੍ਹਾਂ ਹੀ ਮੌਤ ਨੇ ਵੀ ਸੱਭ ਨੂੰ ਆ ਘੇਰਨਾ ਹੈ, ਕੀ ਬੱਚਾ, ਕੀ ਜੁਆਨ ਤੇ ਕੀ ਬੁੱਢਾ, ਉਸ ਨੇ ਬਿਨਾਂ ਕਿਸੇ ਉਮਰ ਲਿਹਾਜ਼ ਦੇ ਜਿੰਦ ਨੂੰ ਆ ਦਬੋਚਨਾ ਹੈ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ? ਇਸ ਕਰਕੇ ਮੈਂ ਮੌਤ ਤੋਂ ਡਰਦਾ ਹਾਂ, ਤੇ ਇਹ ਆਸ ਧਾਰ ਕੇ ਤੁਹਾਡੇ ਪਾਸ ਆਉਂਦਾ ਹਾਂ ਕਿ ਤੁਸੀਂ ਮੇਰਾ ਇਹ ਡਰ ਦੂਰ ਕਰੋਗੇ।
        ਭਾਈ ਬੂੜਾ ਜੀ ਦੀ ਇਹ ਗੱਲ ਸੁਣ ਗੁਰੂ ਜੀ ਨੇ ਭਾਈ ਬੂੜਾ ਨੂੰ ਕਿਹਾ ਕਿ ਤੂੰ ਹੈਂ ਤਾਂ ਬੱਚਾ ਪਰ ਗੱਲਾਂ ਬੁੱਢਿਆਂ-ਸਿਆਣਿਆ ਵਾਲੀਆਂ ਕਰਦਾ ਹੈ। ਤੂੰ ਤਾਂ ਬੱਚਾ ਨਹੀਂ, ਬੁੱਢਾ ਹੈਂ। ਪਰਮਾਤਮਾ ਮੌਤ ਨਾਲੋਂ ਕਿਤੇ ਵਧੇਰੇ ਵਡਾ ਅਤੇ ਬਲਵਾਨ ਹੈ। ਹਰ ਵੇਲੇ ਉਸਨੂੰ ਯਾਦ ਕਰਿਆ ਕਰ, ਫੇਰ ਤੈਨੂੰ ਮੌਤ ਕੀ, ਹਰ ਤਰ੍ਹਾ ਦੇ ਡਰ ਤੋਂ ਛੁਟਕਾਰਾ ਮਿਲ ਜਾਵੇਗਾ।
        ਉਸ ਦਿਨ ਤੋਂ ਭਾਈ ਬੂੜਾ ਜੀ ਦਾ ਨਾਮ ਬੁੱਢਾਜੀ ਪੈ ਗਿਆ। ਸਿੱਖ ਸੰਗਤਾਂ ਉਨ੍ਹਾਂ ਨੂੰ 'ਬਾਬਾ ਬੁੱਢਾਜੀ ਬੁਲਾਕੇ ਸਤਿਕਾਰ ਦੇਂਦੀਆਂ ਹਨ। ਉਸ ਦਿਨ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗੁਰਸਿੱਖੀ ਧਾਰਨ ਕਰ ਲਈ ਅਤੇ ਉਹ ਗੁਰੂ ਦਰਬਾਰ ਤੇ ਸੰਗਤਾਂ ਦੀ ਟਹਿਲ ਸੇਵਾ ਕਰਦੇ ਅਤੇ ਉਨ੍ਹਾਂ ਨੇ ਜੀਵਨ ਭਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਵਿਖਾਇਆ।
        ਬਾਬਾ ਬੁੱਢਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਅਜੇਹੀ ਅਪਾਰ ਬਖਸ਼ਿਸ਼ ਹੋਈ ਕਿ ਜਦੋਂ ਆਪ ਜੀ ਨੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਦਾ ਰੂਪ ਬਣਾ ਕੇ ਗੁਰਤਾਗੱਦੀ ਦੀ ਜਿੰਮੇਵਾਰੀ ਸੌਂਪੀ ਤਾਂ ਬਾਬਾ ਬੁੱਢਾ ਜੀ ਨੂੰ ਗੁਰਤਾਗੱਦੀ ਦੀ ਰਸਮ ਅਦਾ ਕਰਨ ਦੀ ਜਿੰਮੇਵਾਰੀ ਦਿੱਤੀ ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਵਲੋਂ ਗੁਰੂ ਅੰਗਦ ਸਾਹਿਬ ਜੀ ਨੂੰ ਸਰੋਪਾ ਭੇਟ ਕੀਤਾ। ਇਸੇ ਤਰ੍ਹਾਂ ਹੀ ਬਾਬਾ ਬੁੱਢਾ ਜੀ ਬਾਅਦ ਵਿੱਚ ਵੀ ਜੀਵਨ ਭਰ ਤੀਜੀ, ਚੌਥੀ, ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨੂੰ ਗੁਰੂ ਹੁਕਮਾਂ ਅਨੁਸਾਰ ਗੁਰਤਾਗੱਦੀ ਦੇਣ ਦੀ ਰਸਮ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇੱਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਬਾਕੀ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦੇ ਪਰਿਵਾਰ ਨੂੰ ਇਹ ਜ਼ਿੰਮੇਵਾਰੀ ਦਾ ਅਧਿਕਾਰ ਦਿੱਤਾ।
        ਗੁਰੂ ਅਮਰਦਾਸ ਜੀ ਦੇ ਹੁਕਮਾਂ ਅਨੁਸਾਰ ਜਦੋਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ (ਗੁਰੂ ਕਾ ਚੱਕ) ਸ਼ਹਿਰ ਅਤੇ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ ਤਾਂ ਬਾਬਾ ਬੁੱਢਾ ਜੀ ਨੇ ਪੂਰੀ ਤਨਦੇਹੀ ਨਾਲ ਮੁੱਖ ਪ੍ਰਬੰਧਕ ਦੇ ਰੂਪ ਵਿਚ ਸਾਰੀ ਸੇਵਾ ਨਿਭਾਈ।
        ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਨ ਦੀ ਤਿਆਰੀ ਅਰੰਭ ਕੀਤੀ ਤਾਂ ਬਾਬਾ ਬੁੱਢਾ ਜੀ ਨੂੰ ਇਸ ਸੇਵਾ ਦੀ ਮੁੱਖ ਜਿੰਮੇਵਾਰੀ ਸੌਂਪੀ ਸੀ। ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿਚ ਅੱਜ ਵੀ 'ਬਾਬਾ ਬੁੱਢਾ ਜੀ ਦੀ ਬੇਰੀ' ਮੌਜੂਦ ਹੈ। ਇਸੇ ਬੇਰੀ ਹੇਠ ਬੈਠ ਕੇ ਉਹ ਸੰਗਤਾਂ ਪਾਸੋਂ ਕਾਰ ਸੇਵਾ ਕਰਵਾਇਆ ਕਰਦੇ ਸਨ। ਉਹ ਆਪ ਖੁੱਦ ਹੱਥੀਂ ਸੇਵਾ ਕਰਦੇ ਅਤੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਣਾ ਦਿੰਦੇ ਸਨ। ਜਿੱਥੇ ਬਾਬਾ ਬੁੱਢਾ ਜੀ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਸਨ, ਉੱਥੇ ਨਾਲ ਹੀ ਉਹ ਸ਼ਸ਼ਤਰ ਵਿਦਿਆ ਵਿਚ ਵੀ ਨਿਪੁੰਨ ਸਨ।
        ਜਦੋਂ ਗੁਰੂ ਅਰਜਨ ਸਾਹਿਬ ਜੀ ਨੇ (ਗੁਰੂ) ਗ੍ਰੰਥ ਸਾਹਿਬ ਦੀ ਆਦਿ ਬੀੜ ਤਿਆਰ ਕਰਕੇ ਉਸਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕੀਤਾ, ਤਾਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ। ਗੁਰੂ ਅਰਜਨ ਸਾਹਿਬ ਜੀ ਦੇ ਅਪਣੇ ਸਪੁੱਤਰ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਧਰਮ ਸ਼ਾਸਤਰ ਅਤੇ ਸ਼ਸ਼ਤਰ ਵਿਦਿਆ ਦਾ ਗਿਆਨ ਦੇਣ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਲਗਾਈ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਅਕਾਲ ਬੁੰਗਾ ਸਾਹਿਬ ਸਥਾਪਿਤ ਕਰਨ ਸਮੇਂ ਸਾਰੀ ਕਾਰ ਸੇਵਾ ਦੀ ਦੇਖ ਰੇਖ ਦੀ ਜਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਸੀ।
        ਜਦੋਂ ਦਿੱਲੀ ਹੁਕਮਰਾਨ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਨਿਗਰਾਨੀ ਵਿਚ ਲੈ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਕੁੱਝ ਸਮੇਂ ਬਾਅਦ ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਜੀ ਦੀ ਖ਼ਬਰ ਲੈਣ ਲਈ ਬਾਬਾ ਬੁੱਢਾ ਜੀ ਨੂੰ ਗਵਾਲੀਅਰ ਭੇਜਿਆ ਸੀ। ਗੁਰੂ ਸਾਹਿਬ ਜੀ ਦੀ ਨਿਗਰਾਨੀ ਸਮੇਂ ਹੀ ਬਾਬਾ ਬੁੱਢਾ ਜੀ ਦੀ ਪ੍ਰੇਰਣਾ ਨਾਲ ਸ਼ਾਮ ਵੇਲੇ ਸੰਗਤਾਂ ਜੱਥੇ ਜਾਂ ਚੌਂਕੀ ਬਣਾ ਕੇ ਸ਼ਬਦ ਗਾਇਨ ਕਰਦੇ ਹੋਏ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦੀਆਂ ਅਤੇ ਸਮਾਪਤੀ ਦੀ ਅਰਦਾਸ ਕਰਕੇ ਵਿਦਾ ਹੁੰਦੀਆਂ ਸਨ। ਇਹ ਸ਼ਬਦ ਚੌਂਕੀਆਂ ਦੀ ਰੀਤ ਅਜਿਹੀ ਮਕਬੂਲ ਹੋਈ ਕਿ ਹੁਣ ਵੀ ਸ਼੍ਰੀ ਦਰਬਾਰ ਸਾਹਿਬ ਸਮੇਤ ਕਈਂ ਗੁਰਦੁਆਰਾ ਸਾਹਿਬ ਵਿੱਚ ਇੱਹ ਰੀਤ ਪ੍ਰਚਲਤ ਹੈ।
        ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਆਪ ਜੀ ਬੇਸ਼ਕ ਸ਼ਰੀਰ ਪੱਖੋਂ ਕਾਫੀ ਬਿਰਧ ਹੋ ਗਏ ਸਨ ਪਰ ਆਪ ਜੀ ਇਸ ਉਮਰ ਵਿੱਚ ਵੀ ਗੁਰੂ ਘਰ ਦੀ ਲਗਾਤਾਰ ਸੇਵਾਵਾਂ ਨਿਭਾਉਂਦੇ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮਾਨੁਸਾਰ ਆਪ ਜੀ ਆਪਣੇ ਜੱਦੀ ਪਿੰਡ ਰਮਦਾਸ ਆ ਗਏ। ਆਪ ਜੀ ਦੇ ਅੰਤਮ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਰਮਦਾਸ ਪੁੱਜੇ। ਗੁਰੂ ਜੀ ਦੇ ਦਰਸ਼ਨ ਕਰਕੇ 16 ਨਵੰਬਰ 1631 ਨੂੰ ਬਾਬਾ ਬੁੱਢਾ ਜੀ ਲਗਭਗ 125 ਸਾਲ ਦੀ ਉਮਰ ਭੋਗ ਕੇ ਗੁਰਪੁਰੀ ਸਿਧਾਰੇ।
        ਆਪ ਜੀ ਦੇ ਪਰਿਵਾਰ ਨੂੰ ਹੀ ਇਹ ਮਾਣ ਸੀ ਕਿ ਆਪ ਜੀ ਦੇ ਅਕਾਲ ਚਲਾਨਾ ਕਰ ਜਾਣ ਉਪਰਾਂਤ ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਮ ਪਾਤਸ਼ਾਹ ਜੀ ਨੂੰ ਗੁਰਤਾਗੱਦੀ ਦੇਣ ਸਮੇਂ ਦੀ ਰਸਮ ਕਰਨ ਦੀ ਸੇਵਾ ਦੀ ਜਿੰਮੇਵਾਰੀ ਗੁਰੂ ਸਾਹਿਬਾਨ ਵਲੋਂ ਸੌਂਪੀ ਜਾਂਦੀ ਰਹੀ ਸੀ।
ਜਸਪ੍ਰੀਤ ਕੋਰ

No comments:

4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...