ਸੰਖੇਪ ਜੀਵਨ ਗੁਰੂ ਨਾਨਕ ਸਾਹਿਬ ਜੀ
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀਂ ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਜਿਲਾ ਸ਼ੇਖ਼ੂਪੁਰਾ, ਪਾਕਿਸਤਾਨ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਬਾਬਾ ਕਲਿਆਣ ਦਾਸ ਜੀ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ। ਬਾਬਾ ਕਲਿਆਣ ਜੀ ਇਲਾਕੇ ਦੇ ਚੋਧਰੀ ਰਾਇ ਬੁਲਾਰ ਦੇ ਪਾਸ ਮਹਿਤਾ ਦੀ ਪਦਵੀ ਤੇ ਸੀ, ਆਪ ਜੀ ਦੇ ਹੇਠਾਂ ਅਨੇਕਾਂ ਹੀ ਪਟਵਾਰੀ ਕੰਮ ਕਰਦੇ ਸੀ। ਮਹਿਤਾ ਕਲਿਆਣ ਜੀ ਨੂੰ ਇਲਾਕੇ ਵਿੱਚ ਆਮ ਲੋਕਾਈ ਬਹੁਤ ਆਦਰ ਸਤਿਕਾਰ ਦਿੰਦੀ ਸੀ। ਆਪ ਜੀ ਦੀ ਇੱਕ ਵੱਡੀ ਭੈਣ ਸੀ, ਜਿਸਦਾ ਨਾਮ ਨਾਨਕੀ ਸੀ, ਜੋ ਆਪ ਜੀ ਤੋਂ 5 ਸਾਲ ਵੱਡੀ ਸੀ। ਆਪ ਜੀ ਜਨਮ ਤੋਂ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਸੀ। ਆਪ ਜੀ ਦੁਨਿਆਵੀਂ ਵਿਿਦਆ ਦੀ ਪੜਾਈ ਕਰਦੇ ਸਮੇਂ ਅਪਣੇ ਉਸਤਾਦਾਂ ਨੂੰ ਬ੍ਰਹਮ ਨਾਲ ਜੋੜਿਆ ਅਤੇ ਅਪਣੇ ਹਾਣੀਆਂ ਨਾਲ ਵੀ ਅਕਾਲ ਪੁਰਖ ਦੀਆਂ ਗੱਲਾਂ ਕਰਦੇ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ।
ਜਦੋਂ 11 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਜਨੇਉ ਪਾਉਣ ਲੱਗੇ ਤਾਂ ਆਪ ਜੀ ਨੇ ਜਨੇਉ ਪਾਉਣ ਤੋਂ ਨਾਹ ਕਰ ਦਿੱਤੀ। ਪੰਡਤ ਨਾਲ ਚਰਚਾ ਕਰਦੇ ਗੁਰੂ ਨਾਨਕ ਸਾਹਿਬ ਜੀ ਨੇ ਪੁਛਿਆ ਕਿ ਇਹ ਧਾਗਾ ਜਿਹਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ? ਪੰਡਿਤ ਨੇ ਕਿਹਾ ਕਿ ‘ਇਹ ਧਾਗਾ ਨਹੀ ਹੈ, ਪਵਿੱਤਰ ਜਨੇਉ ਹੈ। ਇਹ ਉੱਚੀ ਜਾਤ ਦੇ ਹਿੰਦੁਆਂ ਦੀ ਨਿਸ਼ਾਨੀ ਹੈ, ਇਸ ਤੋਂ ਬਗੈਰ ਬੰਦਾ ਸ਼ੁਦਰ ਦੇ ਬਰਾਬਰ ਮੰਨਿਆ ਜਾਂਦਾ ਹੈ। ਜੇਕਰ ਤੁਸੀ ਇਸ ਨੂੰ ਪਾ ਲਵੋਗੇ ਤਾਂ ਤੁਸੀ ਵੀ ਉੱਚੇ ਮੰਣੇ ਜਾਵੋਗੇ ਅਤੇ ਇਹ ਜਨੇਊ ਅਗਲੇ ਜਹਾਨ ਵਿੱਚ ਤੁਹਾਡੀ ਸਹਾਇਤਾ ਵੀ ਕਰੇਗਾ। ਪੰਡਤ ਨਾਲ ਚਰਚਾ ਕਰਦੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦਾ, ਉੱਚੀ ਜਾਤ ਵਾਲਾ ਤਾਂ ਉਹ ਹੈ, ਜਿਸ ਨੇ ਨੇਕ ਤੇ ਚੰਗੇ ਕੰਮ ਕੀਤੇ ਹੋਣ ਅਤੇ ਨੀਵਾਂ ਉਹ ਹੈ, ਜੋੇ ਭੈੜੇ ਤੇ ਮੰਦੇ ਕੰਮ ਕਰਦਾ ਹੈ। ਤੁਸੀ ਆਖਦੇ ਹੋ ਕਿ ਇਹ ਅਗਲੇ ਜਹਾਨ ਤੁਹਾਡੀ ਸਹਾਇਤਾ ਕਰੇਗਾ, ਉਹ ਕਿਸ ਤਰਾਂ ਹੋ ਸਕਦਾ ਹੈ? ਇਹ ਤਾਂ ਸ਼ਰੀਰ ਦੇ ਨਾਲ ਹੀ ਇੱਥੇ ਸੜ ਜਾਣਾ ਹੈ ਅਤੇ ਇਸ ਨੇ ਆਤਮਾ ਨਾਲ ਤਾਂ ਜਾਣਾ ਨਹੀਂ, ਸੋ ਮੈਨੂੰ ਉਹ ਧਾਗਾ ਪਾਉ, ਜਿਹੜਾ ਨਾ ਮੈਲਾ ਹੋਵੇ, ਨਾ ਸੜੇ, ਨਾ ਟੁੱਟੇ ਅਤੇ ਨਾ ਹੀ ਅੰਤ ਸਮੇਂ ਸ਼ਰੀਰ ਨਾਲ ਇੱਥੇ ਰਹੇ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਜਨੇਉ ਹੈ ਤਾਂ ਮੈ ਪਾਉਣ ਲਈ ਤਿਆਰ ਹਾਂ, ਗੁਰੂ ਜੀ ਦੀ ਇਹ ਗੱਲ ਸੁਣ ਪੰਡਤ ਜੀ ਕੋਈ ਜੁਆਬ ਨਾ ਦੇ ਸਕੇ ਤਾਂ ਗੁਰੂ ਸਾਹਿਬ ਜੀ ਨੇ ਫੁਰਮਾਇਆ:-
ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਪੰਡਤ ਜੀ ਨੇ ਬਹੁਤ ਜੋਰ ਲਾਇਆ ਕਿ ਗੁਰੂ ਸਾਹਿਬ ਜੀ ਨੂੰ ਉਨ੍ਹਾਂ ਦੇ ਇਰਾਦੇ ਤੋਂ ਡੇਗਿਆ ਜਾ ਸਕੇ ਪਰ ਗੁਰੂ ਸਾਹਿਬ ਜੀ ਦੀ ਇਹੀ ਮੰਗ ਰਹੀ ਕਿ ਆਤਮਕ ਜੀਵਨ ਲਈ ਇਹ ਕੱਚੇ ਧਾਗੇ ਦੇ ਜਨੇਊ ਦੀ ਲੋੜ ਨਹੀਂ, ਆਤਮਿਕ ਜਨੇਊ ਭਾਵ ਚੰਗੇ ਵੀਚਾਰਾਂ ਤੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ।
18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲੇ ਰਹਿਣ ਵਾਲੇ ਭਾਈ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਘਰ 2 ਸਪੁਤਰ ਹੋਇ। ਵੱਡੇ ਸਪੁਤਰ ਦਾ ਨਾਮ ਬਾਬਾ ਸ਼੍ਰੀ ਚੰਦ ਅਤੇ ਛੋਟੇ ਸਪੁਤਰ ਦਾ ਨਾਮ ਬਾਬਾ ਲਖਮੀ ਦਾਸ ਸੀ।
ਸੰਨ 1504 ਵਿੱਚ ਆਪ ਜੀ ਸੁਲਤਾਨਪੁਰ ਅਪਣੇ ਜੀਜਾ ‘ਭਾਈ ਜੈ ਰਾਮ’ ਜੀ ਪਾਸ ਚਲੇ ਗਏ ਜਿੱਥੇ ਆਪ ਜੀ ਨਵਾਬ ਦੋਲਤ ਖਾਂ ਦੇ ਮੋਦੀਖਾਨੇ ਨੂੰ ਸੰਭਾਲਿਆ। ਇੱਥੇ ਹੀ ਮੈਲਸੀਹਾਂ ਦੇ ‘ਭਾਈ ਭਗੀਰਥ’ ਨੇ ਆਪ ਜੀ ਤੋਂ ਪ੍ਰਭਾਵਤ ਹੋਕੇ ਸਿੱਖੀ ਧਾਰਨ ਕੀਤੀ ਅਤੇ ਬਾਅਦ ਵਿੱਚ ਉਸ ਰਾਹੀਂ ਲਾਹੋਰ ਦਾ ਰਹਿਣ ਵਾਲਾ ‘ਭਾਈ ਮਨਸੁਖ’ ਗੁਰੂ ਘਰ ਦਾ ਸ਼ਰਧਾਲੂ ਸੇਵਕ ਬਣਿਆ।
ਆਪ ਜੀ ਜਾਤ ਪਾਤ, ਵਰਣ ਵੰਡ, ਉਚ ਨੀਚ, ਅਮੀਰ ਗਰੀਬ ਦੇ ਸਖਤ ਵਿਰੋਧੀ ਸੀ ਅਤੇ ਆਪ ਜੀ ਦਾ ਬਚਪਨ ਦਾ ਸਾਥੀ ਭਾਈ ਮਰਦਾਨਾ ਸੀ ਜੋਕਿ ਅਖੋਤੀ ਨੀਵੀਂ ਜਾਤ ਮਰਾਸੀ ਮੁਸਲਮਾਨ ਦਾ ਪੁੱਤਰ ਸੀ। ਸੁਲਤਾਨਪੁਰ ਵਿੱਖੇ ਆਪ ਜੀ ਨੇ ਨਾਅਰਾ ਦਿਤਾ ਸੀ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਭਾਵ ਕਿ ਹਿੰਦੂ ਮੁਸਲਮਾਨ ਦੇ ਆਪਸੀ ਵਿਤਕਰੇ ਛੱਡੋ ਅਤੇ ਸੱਭ ਖਲਕਤ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਮਿਆ ਸਮਝੋ। ਜਦੋਂ ਇਹ ਗਲ ਨਵਾਬ ਦੋਲਤ ਖ਼ਾਨ ਤੇ ਕਾਜ਼ੀ ਨੇ ਸੁਣੀ ਤਾਂ ਕਹਿਣ ਲੱਗੇ ਕਿ, ‘ਜੇਕਰ ਤੁਹਾਨੂੰ ਮੁਸਲਮਾਨ ਤੇ ਹਿੰਦੁਆਂ ਵਿੱਚ ਇਕੋ ਪਰਮਾਤਮਾ ਨਜਰ ਆਉਂਦਾ ਹੈ ਤਾਂ ਸਾਡੇ ਨਾਲ ਰੱਲਕੇ ਨਮਾਜ਼ ਪੜੋ੍ਹ’। ਜਦੋਂ ਨਮਾਜ਼ ਦਾ ਵਕਤ ਆਇਆ ਤਾਂ ਗੁਰੂ ਜੀ ਬਾਕੀ ਮੁਸਲਮਾਨਾਂ ਦੇ ਨਾਲ ਨਮਾਜ਼ ਪੜਣ ਲਈ ਖੜੇ੍ਹ ਹੋ ਗਏ ਪਰ ਨਮਾਜ਼ ਪੜਣ ਸਮੇਂ ਕਾਜ਼ੀ ਵੱਲ ਵੇਖ ਗੁਰੂ ਜੀ ਹੱਸ ਪਏ। ਨਮਾਜ਼ ਖਤਮ ਹੋਣ ਤੇ ਜਦੋਂ ਭਰੀ ਸਭਾ ਵਿੱਚ ਗੁਰੂ ਜੀ ਤੋ ਪੁਛਿਆ ਗਿਆ ਕਿ ਆਪ ਜੀ ਕਿਉ ਹੱਸੇ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਨਮਾਜ਼ ਕਿਸ ਨਾਲ ਪੜਦਾ, ਕਾਜ਼ੀ ਦਾ ਮਨ ਤਾਂ ਘਰ ਪੁਜਿੱਆ ਹੋਇਆ ਸੀ, ਕਿਧਰੇ ਨਵਾਂ ਜੰਮਿਆਂ ਵਛੇਰਾ ਵਿਹੜੇ ਦੀ ਖੂਹੀ ਵਿੱਚ ਨਾ ਡਿੱਗ ਪਏ। ਗੁਰੂ ਜੀ ਨੇ ਸਮਝਾਇਆ ਕਿ, ਮੁੰਹੋਂ ਪਾਠ ਕਰੀ ਜਾਉ ਤੇ ਮਨ ਕਿਧੱਰੇ ਹੋਰ ਭਟਕਦਾ ਫਿਰੇ ਇਸ ਤਰਾਂ ਸੱਚੀ ਭਗਤੀ ਨਹੀ ਅਖਵਾ ਸਕਦੀ। ਸੱਚੀ ਭਗਤੀ ਤਾਂ ਹੀ ਸਮਝੀ ਜਾਂਦੀ ਹੈ, ਇੱਕ ਮਨ-ਇੱਕ ਚਿੱਤ ਹੋਕੇ ਪ੍ਰਭੂ ਦੀ ਸਿਫਤ ਸਾਲਾਹ ਕੀਤੀ ਜਾਵੇ।
ਪਿਤਾ ਮਹਿਤਾ ਕਲਿਆਣ ਜੀ ਨੇ ਵਪਾਰ ਕਰਨ ਲਈ, ਆਪ ਜੀ ਨੂੰ 20 ਰੁਪਏ ਦੇਕੇ ਤੋਰਿਆ ਤਾਂ ਆਪ ਜੀ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਂਦੇ ਹੋਇ ਬਿਨਾ ਕਿਸੇ ਨਾਲ ਠੱਗੀ-ਠੋਰੀ ਕਰਦੇ ਸੱਚਾ-ਸੁੱਚਾ ਵਪਾਰ ਕੀਤਾ ਅਤੇ ਜਰੂਰਤਮੰਦ ਗਰੀਬ ਤੇ ਲਿਤਾੜੇ ਹੋਏ ਮਜਬੂਰ ਲੋਕਾਂ ਨੂੰ ਲੰਗਰ ਛਕਾਇਆ ਅਤੇ ਨਿੱਠਲੇ-ਬੇਕਾਰ ਲੋਕਾਂ ਨੂੰ ਹੱਥੀ ਕਿਰਤ ਕਰਨ ਦਾ ਰਾਹ ਸਮਝਾਂਦੇ ਹੋਇ ਕੰਮ ਕਾਜ ਕਰਨ ਦੀ ਪ੍ਰੇਰਣਾ ਦਿੰਦੇ ਦਸਵੰਧ ਦੀ ਪ੍ਰਥਾ ਕਾਇਮ ਕੀਤੀ। ਅੱਜ ਵੀ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਪਿਆਰਾ ਲੋਕਾਈ ਦੀ ਸੇਵਾ ਕਰਦੇ ਨਿਸ਼ਕਾਮ ਰਹਿੰਦਾ ਹੈ ਅਤੇ ਲੋੜਵੰਦਾਂ, ਨਿਆਸਰਿਆਂ, ਨਿਤਾਣਿਆਂ ਦਾ ਤਾਣ ਬਣ ਸੇਵਾ ਨਿਭਾਉਂਦਾ ਹੈ। ਸੰਗਤਾਂ ਵਲੋਂ ਧਰਮਸਾਲ ਭਾਵ ਗੁਰਦੁਆਰਿਆਂ ਵਿੱਚ ਵੀ ਬਿਨਾਂ ਕਿਸੇ ਵਿਤਕਰੇ ਦੇ ਲੰਗਰ ਪਾਣੀ ਅਤੇ ਰਹਿਣ ਨੂੰ ਥਾਂ ਮੁਹੱਈਆ ਕਰਵਾਈ ਜਾਂਦੀ ਹੈ। ਆਪ ਜੀ ਨੇ ਜਗਤ ਜਲੰਦੇ ਨੂੰ ਧਰਮ ਦੇ ਨਾਮ ਤੇ ਹੋ ਰਹੀ ਲੁੱਟ ਘਸੁੱਟ ਤੋ ਬਚਾਉਣ ਲਈ ਅਤੇ ਇੱਕ ਅਕਾਲ ਨਾਲ ਜੋੜਣ ਲਈ ਅਨੇਕਾਂ ਦੇਸ਼ਾਂ ਦਾ ਭ੍ਰਮਣ ਕੀਤਾ।
ਆਪ ਜੀ ਨੇ ਐਮਨਾਬਾਦ ਵਿੱਖੇ ਮਲਿਕ ਭਾਗੋ ਦੀ ਹੇਰਾਫੇਰੀ ਤੇ ਪਾਪ ਕਰਮਾਂ ਨਾਲ ਕਮਾਈ ਰੋਟੀ ਨੂੰ ਪ੍ਰਵਾਨ ਨਾ ਕਰਦੇ ਹੋਇ ਕਿਰਤੀ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਪ੍ਰਵਾਣ ਕੀਤੀ। ਮਲਿਕ ਭਾਗੋ ਜੋ ਕਿ ਅਪਣੇ ਇਲਾਕੇ ਦਾ ਧਨਾਢ ਚੋਧਰੀ ਸੀ ਅਤੇ ਆਮ ਲੋਕਾਈ ਨਾਲ ਬਦਸਲੁਕੀ ਨਾਲ ਪੇਸ਼ ਆਉਂਦਾ ਸੀ, ਉਸਨੇ ਰਿਸ਼ਵਤਖੋਰੀ ਅਤੇ ਹੇਰਾਫੇਰੀ ਨਾਲ ਲੋਕਾਂ ਦਾ ਹੱਕ ਮਾਰਕੇ ਧਨ ਇੱਕਠਾ ਕੀਤਾ ਹੋਇਆ ਸੀ।ਜਦੋਂ ਗੁਰੂ ਜੀ ਐਮਨਾਬਾਦ ਪਹੁੰਚੇ ਤਾਂ ਉਸ ਨੇ ਅਪਣੇ ਪਿਤਾ ਦੇ ਸਰਾਧ ਦੇ ਸੰਬੰਧ ਵਿੱਚ ਬ੍ਰਹਮ ਭੋਜ ਰਖਿਆ ਹੋਇਆ ਸੀ ਅਤੇ ਇਲਾਕੇ ਦੇ ਸਾਰੇ ਸਾਧੂ-ਸੰਤਾਂ, ਬ੍ਰਾਹਮਣਾ ਅਤੇ ਪਤਵੰਤਿਆਂ ਨੂੰ ਬ੍ਰਹਮ ਭੋਜ ਤੇ ਸੱਦਿਆ ਹੋਇਆ ਸੀ ਪਰ ਗੁਰੂ ਜੀ ਨੇ ਬ੍ਰਹਮ ਭੋਜ ਵਿੱਚ ਸ਼ਾਮਿਲ ਹੋਣ ਤੋ ਮਨ੍ਹਾਂ ਕਰਦੇ ਸਮਝਾਇਆ ਕਿ ਤੇਰੀ ਰੋਟੀ ਗਰੀਬ ਲੋਕਾਂ ਦਾ ਖੁਨ ਚੁੱਸਕੇ ਇੱਕਤਰ ਕੀਤੀ ਮਾਇਆ ਦੀ ਹੈ ਅਤੇ ਭਾਈ ਲਾਲੋ ਦੀ ਰੋਟੀ ਧਰਮ ਨਾਲ ਕੀਤੀ ਕਮਾਈ ਦੀ ਹੈ। ਇਹ ਬਚਨ ਸੁਣ ਮਲਿਕ ਭਾਗੋ ਨੇ ਅੱਗੇ ਤੋ ਸੱਚੀ-ਸੁੱਚੀ ਕਿਰਤ ਕਰਨ ਦਾ ਪ੍ਰਣ ਲਿਆ।
ਹਰਿਦੁਆਰ ਵਿੱਖੇ ਸੂਰਜ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰਦੇ ਸਮਝਾਇਆ ਕਿ ਮੁਕਤੀ ਜਾਂ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਅਜਿਹੇ ਕਰਮਕਾਂਡਾ ਨਾਲ ਨਹੀ ਹੁੰਦਾ ਸਗੋਂ ਜੀਉਂਦੇ ਹੀ ਨੇਕ ਕਰਮ ਤੇ ਪ੍ਰਭੂ ਦੀ ਸਿਫਤ ਸਾਲਾਹ ਕਰਨ ਨਾਲ ਹੀ ਜਨਮ-ਮਰਨ ਦੇ ਗੇੜ ਤੋਂ ਬੱਚਿਆ ਜਾ ਸਕਦਾ ਹੈ। ਇੱਥੇ ਹੀ ਵੈਸ਼ਨਵ ਸਾਧ ਨੂੰ ਸਮਝਾਇਆ ਕਿ ਪ੍ਰਭੂ ਦੇ ਪੈਦਾ ਕੀਤੇ ਮਨੁੱਖ ਨੀਚ ਨਹੀ ਹਨ ਅਤੇ ਪਰਮਾਤਮਾ ਬਾਹਰਲੀ ਸੁੱਚ ਰਖਣ ਨਾਲ ਨਹੀਂ ਪਤੀਜਦਾ ਸਗੋਂ ਉਹ ਤਾਂ ਵਿਕਾਰਾਂ ਰਹਿਤ ਮਨੁੱਖਾਂ ਤੇ ਰੀਝਦਾ ਹੈ। ਮਨੁੱਖਾਂ ਨੂੰ ਨੀਚ ਨਹੀ ਸਮਝਣਾ ਚਾਹੀਦਾ ਸਗੋਂ ਭੈੜੀ ਮੱਤ, ਨਿਰਦਯਤਾ, ਪਰਾਈ ਨਿੰਦਾ, ਕਰੋਧ ਆਦਿਕ ਭੈੜੇ ਵੀਚਾਰਾਂ ਨੂੰ ਤਿਆਗਣਾ ਚਾਹੀਦਾ ਹੈ।ਇਸ ਪ੍ਰਥਾਏ ਗੁਰਬਾਣੀ ਫੁਰਮਾਨ ਹੈ:-
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ॥ (ਪੰਨਾ 91)
ਗੋਰਖ ਮੱਤੇ ਜਾਕੇ ਜੋਗੀਆਂ ਨੂੰ ਬਾਹਰੀ ਭੇਖ ਧਾਰਨ ਕਰਨ, ਸਮਾਧੀਆਂ ਲਾਉਣ, ਸ਼ਰੀਰ ਨੂੰ ਕਸ਼ਟ ਦੇਣ ਵਾਲੇ ਤਪ ਆਸਣ ਕਰਨ ਤੋਂ ਹਟਾ ਕੇ ਇੱਕ ਪ੍ਰਭੂ ਦੀ ਸਿਫਤ ਸਾਲਾਹ ਕਰਨ ਅਤੇ ਪੰਜ ਵਿਸ਼ੇ ਵਿਕਾਰਾਂ ਤੋਂ ਬਚਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਦੇ ਉਪਦੇਸ਼ਾਂ ਸਦਕਾ ‘ਗੋਰਖ ਮਤਾ’ ਨਾਮ ਬਦਲ ਕੇ ‘ਨਾਨਕ ਮਤਾ’ ਦੇ ਨਾਮ ਨਾਲ ਪ੍ਰੁਸਿੱਧ ਹੋਇਆ।
ਅਲਾਹਾਬਾਦ ਵਿੱਖੇ ਲੋਕਾਂ ਨੂੰ ਸਮਝਾਇਆ ਕਿ ਵਿਕਾਰਾਂ ਨਾਲ ਭਰੇ ਮਨ ਨਾਲ ਤੀਰਥ ਇਸ਼ਨਾਨ ਕਰਨ ਦਾ ਕੋਈ ਲਾਭ ਨਹੀ, ਅਸਲੀ ਤੀਰਥ ਤਾਂ ਹੀ ਹੈ ਜੇਕਰ ਮਨੁੱਖ ਚੰਗੇ ਕਰਮ ਕਰੇ ਅਤੇ ਪ੍ਰਭੁ ਦੀ ਸਿਫਤ ਸਾਲਾਹ ਕਰੇ। ਬਨਾਰਸ ਵਿੱਖੇ ਪਾਂਡਿਆ ਵਲੋਂ ਚਲਾਈ ਗਈ ਅਖੋਤੀ ਰੀਤ ਦਾ ਖੰਡਨ ਕਰਦੇ ਸਮਝਾਇਆ ਕਿ ਕਿਸੇ ਇੱਕ ਥਾਂ ਰਹਿਣ ਨਾਲ ਪਰਮਾਤਮਾ ਦੇ ਦਰ ਤੇ ਮੁਕਤੀ ਨਹੀਂ ਮਿਲਦੀ ਸਗੋਂ ਮੁਕਤੀ ਤਾਂ ਚੰਗੇ ਕਰਮ ਕਰਨ ਅਤੇ ਪਰਮਾਤਮਾ ਦੇ ਨਿਰਮਲ ਭਉ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦੀ ਹੈ।ਗੁਰੂ ਸਾਹਿਬ ਜੀ ਨੇ ਹੇਠਾਂ ਲਿੱਖੇ ਗਰਬਾਣੀ ਫੁਰਮਾਨ ਰਾਹੀ ਸਮਝਾਇਆ ਕਿ ਸੱਚਾ ਤੀਰਥ ਤਾਂ ਗੁਰੂ ਹੀ ਹੈ, ਜਿਸਦੀ ਸਿਿਖਆ ਵਿੱਚ ਚਲਦੇ ਹੋਇ ਅੰਤਰ ਆਤਮੇ ਗਿਆਨ ਰੂਪੀ ਡੁਬਕੀ ਲਗਾ ਕੇ ਮਨੁੱਖ ਮੁਕਤੀ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਫੁਰਮਾਨ ਹੈ:-
ਤੀਰਥਿ ਨਾਵਣੁ ਜਾਉ ਤੀਰਥ ਨਾਮੁ ਹੈ ॥ ਤੀਰਥ ਸਬਦ ਬੀਚਾਰ ਅੰਤਰਿ ਗਿਆਨੁ ਹੈ ॥ (ਧਨਾਸਰੀ ਮ:1, ਪੰਨਾ 687)
ਇੱਥੇ ਪੰਡਿਤ ਚਤੁਰ ਦਾਸ ਨੂੰ ਸਮਝਾਇਆ ਕਿ ਧਾਰਮਿਕ ਚਿੰਨ੍ਹ (ਤਿਲਕ, ਤੁਲਸੀ ਮਾਲਾ, ਸਾਲਿਗ੍ਰਾਮ) ਤੇ ਧਾਰਮਿਕ ਪਹਿਰਾਵਾ ਬਾਹਰਮੁੱਖੀ ਨਿਸ਼ਾਨੀ ਹੈ ਪਰ ਅਸਲੀ ਬ੍ਰਾਹਮਣ (ਬ੍ਰਹਮ ਨੂੰ ਜਾਣਨ ਵਾਲਾ) ਤਾਂ ਉਹੀ ਹੈ, ਜਿਹੜਾਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ।
ਗਯਾ ਵਿੱਖੇ ਲੋਕਾਂ ਨੂੰ ਪਿੱਤਰਾਂ (ਮਰ ਚੁੱਕੇ ਵੱਡੇ ਵਡੇਰਿਆਂ) ਨਮਿਤ ਕੀਤੀਆ ਜਾਣ ਵਾਲੀਆਂ ਫੋਕਟ ਅਤੇ ਬੇਮਤਲਬ ਦੀਆਂ ਫਾਲਤੂ ਰਸਮਾਂ ਤੋਂ ਵਰਜਿਆ। ਪਟਨਾ ਵਿੱਖੇ ਸਾਲਸ ਰਾਇ ਜੋਹਰੀ ਅਤੇ ਅਧਰਕਾ ਗੁਰੂ ਘਰ ਦਾ ਭੋਰਾਂ ਬਣਿਆ। ਆਪ ਜੀ ਲੋਕਾਈ ਨੂੰ ਸੱਚੇ ਧਰਮ ਦਾ ਉਪਦੇਸ਼ ਦਿੰਦੇ ਹੋਇ ਗੋਹਾਟੀ, ਮਨੀਪੁਰ, ਸਿਲਹਟ, ਢਾਕਾ, ਮੇਦਨੀਪੁਰ, ਜਗਨਨਾਥ ਪੁਰੀ ਪੁੱਜੇ ਜਿੱਥੇ ਆਪ ਜੀ ਨੇ ਗੁਰਬਾਣੀ ਸ਼ਬਦ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ’ ਰਾਹੀਂ ਪ੍ਰਭੂ ਦੀ ਸੱਚੀ ਆਰਤੀ ਕਰਨ ਦਾ ਤਰੀਕਾ ਸਮਝਾਇਆ।
ਪੂਰੀ ਤੋਂ ਬਾਅਦ ਆਪ ਜੀ ਰਾਮੇਸ਼ਵਰਮ, ਸਿੰਗਲਾਦੀਪ (ਸ਼੍ਰੀ ਲੰਕਾਂ) ਪਹੁੰਚੇ, ਇੱਥੋਂ ਦਾ ਰਾਜਾ ਸ਼ਿਵਨਾਭ, ਭਾਈ ਮਨਸੁਖ ਦੀ ਸੰਗਤ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਬਣਿਆ ਸੀ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨਾ ਦੀ ਤੀਬਰ ਇੱਛਾ ਰਖਦਾ ਸੀ।ਉਸਦੀ ਇਸ ਇੱਛਾ ਨੂੰ ਜਾਣਕੇ ਕਈਂ ਠੱਗ-ਸਾਧੂ ਆਪਣੇ ਆਪ ਨੂੰ ‘ਗੁਰੂ ਨਾਨਕ’ ਦੱਸਕੇ ਮਾਣ ਸਨਮਾਨ ਤੇ ਕਈਂ ਤਰਾਂ ਦੇ ਧਨ ਪਦਾਰਥ ਇਕੱਠੇ ਕਰਨ ਦਾ ਯਤਨ ਕਰਦੇ ਰਹਿੰਦੇ ਸੀ। ਰਾਜਾ ਸ਼ਿਵਨਾਭ ਇਹਨਾਂ ਦੰਭੀ-ਪਖੰਡੀ ਸਾਧੂਆਂ ਦੀ ਪਰਖ ਲਈ ਅਨੇਕਾਂ ਪ੍ਰਕਾਰ ਦੇ ਧਨ ਪਦਾਰਥ ਤੋਂ ਇਲਾਵਾ ਸੋਹਣੀਆਂ ਇਸਤਰੀਆਂ ਨੂੰ ਭੇਜਦਾ ਹੁੰਦਾ ਸੀ ਅਤੇ ਮਨ ਵਿੱਚ ਇੱਛਾ ਧਾਰੀ ਹੋਈ ਸੀ ਜਿਸ ਦਿਨ ਗੁਰੂ ਨਾਨਕ ਖੁੱਦ ਆਉਣਗੇ ਤਾਂ ਪਰਖ ਹੋ ਜਾਵੇਗੀ। ਜੱਦੋਂ ਗੁਰੂ ਜੀ ਉੱਥੇ ਪਹੰਚੇ ਤਾਂ ਰਾਜਾ ਸ਼ਿਵਨਾਭ ਨੇ ਗੁਰੂ ਜੀ ਨਾਲ ਵੀ ਉਸੇ ਤਰਾਂ ਹੀ ਕੀਤਾ।ਗੁਰੂ ਜੀ ਅਡੋਲ ਚਿੱਤ ਪਰਮਾਤਮਾ ਦੀ ਭਜਨ ਬੰਦਗੀ ਵਿੱਚ ਲੀਨ ਰਹੇ ਅਤੇ ਉਹਨਾਂ ਇਸਤ੍ਰੀਆਂ ਨੂੰ ਪੁਤਰੀ ਅਤੇ ਰਾਜ ਕੁਮਾਰੀ ਕਹਿਕੇ ਪੁਕਾਰਿਆ, ਜਿਸ ਪ੍ਰਥਾਏ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਫੁਰਮਾਨ :-
ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥ (ਬਸੰਤ ਮ: 1, ਪੰਨਾ 1187)
ਇਸ ਤੋਂ ਉੋਪਰਾਂਤ ਆਪ ਜੀ ਕੋਚੀਨ ਵਿੱਖੇ ਸਾਲਿਗ੍ਰਾਮ ਦੀ ਪੂਜਾ ਤੋਂ ਵਰਜਿਆ।ਫਿਰ ਆਪ ਜੀ ਨੇ ਨੀਲਗਿਰੀ ਵਿੱਖੇ ਲੋਕਾਂ ਨੂੰ ਪਸ਼ੂ ਬਲੀ ਦੇਣ ਤੋਂ ਮਨਾ ਕੀਤਾ।ਇਸੇ ਤਰ੍ਹਾਂ ਆਪ ਜੀ ਪੂਨਾ, ਨਾਸਿਕ, ਅੋਰੰਗਾਬਾਦ, ਉਜੈਨ, ਬੜੋਦਾ, ਸੋਮਨਾਥ, ਦੁਆਰਕਾ, ਅਜਮੇਰ, ਪੁਸ਼ਕਰ ਆਦਿ ਥਾਂਵਾਂ ਦੇ ਲੋਕਾਂ ਨੂੰ ਕਰਮਕਾਂਡਾਂ ਤੋਂ ਬਚਾਉਂਦੇ ਹੋਇ ਇੱਕ ਅਕਾਲ ਪੁਰਖ ਦਾ ਸੰਦੇਸ਼ ਦਿੰਦੇ ਹੋਇ ਮਥੁਰਾ ਪਹੁੰਚੇ।
ਮਥੁਰਾ ਵਿੱਖੇ ਗੁਰੂ ਨਾਨਕ ਦੇਵ ਜੀ ਨੇ ਭ੍ਰਿਸ਼ਟ ਪਾਂਡਿਆ ਨੂੰ ਸਮਝਾਇਆ ਕਿ ਆਪਣੇ ਨੀਵੇਂ ਆਚਰਣ ੳਤੇ ਕੁਕਰਮਾਂ ਨੂੰ ਕਲਯੁਗ ਦੇ ਨਾਮ ਮੜ੍ਹ ਕੇ ਲੋਕਾਂ ਨੂੰ ਤਾਂ ਬੇਵਕੁਫ ਬਣਾ ਸਕਦੇ ਹੋ ਪਰ ਪਰਮਾਤਮਾ ਦੇ ਦਰ ਤੇ ਇਹ ਪ੍ਰਵਾਨ ਨਹੀ ਅਤੇ ਕਲਿਯੁਗ ਨਾਮ ਦਾ ਕੋਈ ਯੁਗ ਨਹੀਂ, ਗੁਰਬਾਣੀ ਆਸ਼ੇ ਅਨੁਸਾਰ ਜਿੱਥੇ ਵੀ ਕੋਈ ਉਲਟ ਰੀਤ ਵਰਤ ਜਾਏ ਉਹ ਕਲਿਯੁਗ ਹੀ ਹੈ।
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥
ਸਾ ਧਰਤੀ ਸੇ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥
ਪਰਮਾਤਮਾ ਨੇ ਹਰ ਸਮੇਂ ਅਤੇ ਹਰ ਕਾਲ ਵਿੱਚ ਦਿਨ-ਰਾਤ ਇਕੋ ਜਿਹੇ ਬਣਾਏ ਹਨ ਇਸ ਲਈ ਯੁਗਾਂ ਦੀ ਕੋਈ ਵੰਡ ਨਹੀਂ ਹੈ। ਇਸ ਤੋਂ ਬਾਅਦ ਗੁਰੂ ਜੀ ਦਿੱਲੀ ਵਿੱਖੇ ਮਜਨੂੰ ਟੀਲਾ ਰੁਕੇ ਜਿੱਥੇ ਹੁਣ ਗੁਰਦੁਆਰਾ ਮਜਨੂੰ ਟੀਲਾ ਸੁਸ਼ੋਭਿਤ ਹੈ ਫਿਰ ਪਾਣੀਪਤ ਵਿੱਖੇ ਸ਼ੇਖ ਤਾਹਰ ਨੂੰ ਪਰਮਾਤਮਾ ਦਾ ਸੱਚਾ ਗਿਆਨ ਬਖਸ਼ਿਸ ਕੀਤਾ। ਆਪ ਜੀ ਨੇ ਕੁਰੁਕਸ਼ੇਤਰ ਵਿੱਖੇ ਸੁਰਜ ਗ੍ਰਹਿਣ ਮੇਲੇ ਤੇ ਲੋਕਾਂ ਨੂੰ ਅਕਾਲ ਪੁਰਖ ਨਾਲ ਜੋੜਣ ਦਾ ਉਪਦੇਸ਼ ਦਿੱਤਾ।
ਦੁੱਜੇ ਪ੍ਰਚਾਰ ਦੋਰੇ ਤੇ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਜਾ ਸਿੱਧਾਂ ਨਾਲ ਵਿਚਾਰ ਚਰਚਾ ਕਰਦੇ ਸਮਝਾਇਆ ਕਿ ਘਰ ਬਾਰ ਤਿਆਗ ਕੇ, ਜੰਗਲਾਂ ਵਿੱਚ ਕੰਦ ਮੂਲ ਖਾਕੇ ਗੁਜ਼ਾਰਾ ਕਰਨਾ, ਪਿੰਡੇ ਤੇ ਸੁਆਹ ਮਲਣੀ, ਕੰਨ ਵਿੱਚ ਮੁੰਦਰਾਂ ਪਾਉਣਾ ੳਤੇ ਹੋਰ ਯੋਗ ਸਾਧਨਾਵਾਂ ਨਾਲ ਪ੍ਰਭੂ ਨਾਲ ਮਿਲਾਪ ਨਹੀ ਹੋ ਸਕਦਾ, ਅਸਲ ਸਿੱਧ ਯੋਗੀ ਉਹੀ ਹਨ ਜਿਹੜੇ ਸ਼ੁਭ ਕਰਮ ਕਰਦੇ ਹੋਏ ਪ੍ਰਭੂ ਦੀ ਸਿਫਤ ਸਾਲਾਹ ਵਿੱਚ ਜੁੜੇ ਰਹਿੰਦੇ ਹਨ।
ਗਿਆਨ ਚਰਚਾ ਕਰਦੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਤੁਹਾਡੇ ਵਰਗੇ ਲੋਕਾਂ ਦਾ ਕੰਮ ਆਮ ਲੋਕਾਈ ਨੂੰ ਪ੍ਰਭੂ ਨਾਲ ਜੋੜਣਾ ਸੀ ਤੇ ਤੁਸੀ ਆਪ ਹੀ ਰਿਧੀਆਂ-ਸਿੱਧੀਆਂ ਦੇ ਚਕਰਾਂ ਵਿੱਚ ਅਪਣਾ ਜਨਮ ਅਜਾਈਂ ਹੀ ਗਵਾ ਰਹੇ ਹੋ।ਸਿਧਾਂ ਨਾਲ ਕੀਤੀ ਗੋਸ਼ਟ-ਚਰਚਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਅਪਣੀ ਪਹਿਲੀ ਵਾਰ ਦੀ 29ਵੀਂ ਪਉੜੀ ਵਿੱਚ ਕੀਤਾ ਹੈ। ਆਪ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਘਰ ਬਾਰ ਛੱਡ ਪਹਾੜਾਂ ਵਿੱਚ ਰਹਿਣਾ ਧਰਮ ਦਾ ਰਸਤਾ ਨਹੀ, ਸਗੋਂ ਅਪਣੇ ਪਰਿਵਾਰ ਵਿੱਚ ਰਹਿੰਦੇ ਹੋਇ ਕਾਰ ਵਿਹਾਰ ਕਰਨਾ ਹੀ ਸੱਚਾ ਧਰਮ ਹੈ।
ਪ੍ਰਚਾਰ ਦੋਰੇ ਸਮੇਂ ਕਸ਼ਮੀਰ ਦੇ ਇਲਾਕੇ ਮਟਨ ਵਿੱਖੇ ਪੰਡਤ ਬ੍ਰਹਮ ਦਾਸ ਨੂੰ ਸਮਝਾਇਆ ਕਿ ਕੇਵਲ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਅਤੇ ਲੋਕਾਂ ਨਾਲ ਬਹਿਸ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਪ੍ਰਭੂ ਤਾਂ ਪ੍ਰੇਮਾ ਭਗਤੀ ਦਾ ਭੁਖਾ ਹੈ।
ਤੀਜੀ ਪ੍ਰਚਾਰ ਫੇਰੀ ਮੋਕੇ ਆਪ ਜੀ ਪਾਕਪਟਨ ਵਿੱਖੇ ਬਾਬਾ ਫਰੀਦ ਜੀ ਦੀ ਗੱਦੀ ਤੇ ਬੈਠੇ ਸ਼ੇਖ ਬ੍ਰਹਮ ਜੀ ਨੂੰ ਮਿਲੇ ਅਤੇ ਚਰਚਾ ਕਰ ਬਾਬਾ ਫਰੀਦ ਜੀ ਦੇ ਕਲਾਮ ਲਏ ਜਿਸ ਨੂੰ ਪੋਥੀ ਸਾਹਿਬ ਵਿੱਚ ਅੰਕਿਤ ਕੀਤਾ ਅਤੇ ਬਾਅਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦਰਜ ਕਰਵਾਈ।
ਤੁਲੰਭੇ ਵਿੱਖੇ ਗੁਰੂ ਸਾਹਿਬ ਜੀ ‘ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ’ ਸ਼ਬਦ ਰਾਹੀਂ ਸਿਿਖਆ ਦਿੰਦੇ ਸੱਜਣ ਠੱਗ ਨੂੰ ਧਾਰਮਿਕ ਭੇਖ ਧਾਰਨ ਕਰ ਲੋਕਾਂ ਨੂੰ ਠਗਣ ਤੋਂ ਵਰਜਿਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਾਸਨਾ ਲਈ ਪ੍ਰੇਰਿਤ ਕੀਤਾ।
ਮੱਕੇ ਪਹੁੰਚ ਕੇ ਗੁਰੂ ਜੀ ਨੇ ਮੁਸਲਮਾਨ ਭਾਈਚਾਰੇ ਨੰੁ ਸਮਝਾਇਆ ਕਿ ਰੱਬ ਦਾ ਘਰ ਹਰ ਪਾਸੇ ਹੈ, ਉਹ ਕਿਸੇ ਖਾਸ ਦਿਸ਼ਾ ਵੱਲ ਬੱਝਕੇ ਨਹੀਂ ਬੈਠਾ ਹਰ ਜ਼ਰੇ੍ਹ-ਜ਼ਰੇ੍ਹ ਵਿੱਚ ਉਸ ਦੀ ਜੋਤ ਹੈ ਅਤੇ ਉਹ ਸਰਬ ਵਿਆਪਕ ਹੈ। ਪਰਮਾਤਮਾ ਨੂੰ ਕਿਸੇ ਇੱਕ ਧਰਮ ਅਸਥਾਨ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।ਇਸ ਸਾਰੀ ਵੀਚਾਰ ਚਰਚਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਅਪਣੀ ਪਹਿਲੀ ਵਾਰ ਵਿੱਚ ਇੰਝ ਕੀਤਾ ਹੈ।
ਪੁੱਛਨਿ ਗਲ ਈਮਾਨ ਦੀ ਕਾਜੀ ਮੁਲਾਂ ਇੱਕਠੇ ਹੋਈ।
ਵਡਾ ਸਾਂਗ ਵੲਤਾਇਆ ਲਖਿ ਨ ਸਕੈ ਕੁਦਰਤਿ ਕੋਈ।
ਪੁਛਨਿ ਫੋਲਿ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆ, ਸੁਭਿ ਅਮਲਾ ਬਾਝਹੁ ਦੋੋਨੋ ਰੋਈ।
ਹਿੰਦੂ ਮੁਸਲਮਾਨ ਦੁਇ, ਦਰਗਹ ਅੰਦਰਿ ਲਹਨਿ ਨ ਢੋਈ।
ਕਚਾ ਰੰਗੁ ਕੁਸੰਭ ਦਾ, ਪਾਣੀ ਧੋਤੈ ਥਿਰੁ ਨ ਰਹੋਈ।
ਕਰਨਿ ਬਖੀਲੀ ਆਪਿ ਵਿਿਚ, ਰਾਮ ਰਹੀਮ ਕੁਥਾਇ ਖਲੋਈ।
ਰਾਹਿ ਸੈਤਾਨੀ ਦੁਨੀਆ ਗੋਈ।
ਬਗਦਾਦ ਵਿੱਚ ਲੋਕਾਂ ਨੂੰ ਸਮਝਾਇਆ ਕਿ ਰਾਗ (ਸੰਗੀਤ) ਹਰਾਮ ਨਹੀਂ, ਸਗੋ ਪ੍ਰਭੂ ਦੀ ਸਿਫਤ ਸਾਲਾਹ ਲਈ ਰਾਗ (ਕੀਰਤਨ) ਪ੍ਰਭੂ ਪ੍ਰਾਪਤੀ ਲਈ ਇੱਕ ਉਤਮ ਸਾਧਨ ਹੈ
ਹਸਨ ਅਬਦਾਲ ਵਿੱਖੇ ਆਪ ਜੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਜਦੋਂ ਗੁਰੂ ਨਾਨਕ ਦੇਵ ਜੀ ਵਾਪਸ ਪੰਜਾਬ ਵੱਲ ਆ ਰਹੇ ਸੀ ਤਾਂ ਉਸ ਸਮੇਂ ਸੈਦਪੁਰ (ਐਮਨਾਬਾਦ) ਵਿੱਖੇ ਬਾਬਰ ਦੀਆਂ ਫੋਜਾਂ ਨੇ ਹਿੰਦੁਸਤਾਨ ਦੀ ਜਨਤਾ ਤੇ ਲੁੱਟ ਮਚਾਈ ਹੋਈ ਸੀ ਅਤੇ ਭਾਰੀ ਗਿਣਤੀ ਵਿੱਚ ਲੋਕਾਂ ਨੰੁ ਕਤਲ ਕੀਤਾ ਸੀ ਤਾ ਉਸ ਸਮੇਂ ਦੇ ਹਾਲਾਤ ਵੇਖ ਕੇ ਗੁਰੂ ਸਾਹਿਬ ਜੀ ਨੇ ਸਮੇਂ ਦੇ ਹਾਕਮ ਬਾਬਰ ਨੂੰ ਜ਼ਾਬਰ ਕਿਹਾ ਸੀ। ਉਸ ਇਤਿਹਾਸਿਕ ਘਟਨਾ ਦਾ ਜ਼ਿਕਰ ਗੁਰੂ ਸਾਹਿਬਾਂ ਨੇ 4 ਸ਼ਬਦਾਂ ਦਾ ਉਚਾਰਣ ਕੀਤਾ ਜੋਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੇਠਾਂ ਲਿੱਖੇ ਅਨੁਸਾਰ ਦਰਜ ਹਨ।
1) ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ’…… ਪੰਨਾ-722
2) ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥…… ਪੰਨਾ-360
3) ਜਿਨ ਸਿਿਰ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥…… ਪੰਨਾ-417
4) ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥…… ਪੰਨਾ-417
ਇਸ ਤਰਾਂ ਆਪ ਜੀ ਜਗਤ ਜਲੰਦੇ ਨੂੰ ਤਾਰਦੇ ਹੋਇ ਅਨੇਕਾਂ ਹੀ ਲੋਕਾਂ ਨੂੰ ਧਰਮ ਦੇ ਰਾਹ ਤੇ ਤੋਰਿਆ।
ਅਚਲ ਵਿੱਖੇ ਗੁਰੂ ਜੀ ਨੇ ਯੋਗੀਆਂ ਨਾਲ ਜਿਹੜੀ ਚਰਚਾ ਕੀਤੀ ਉਸਨੂੰ ਗੁਰੂ ਸਾਹਿਬ ਜੀ ਨੇ ‘ਸਿਧ ਗੋਸਟਿ’ ਸਿਰਲੇਖ ਹੇਠ ਕਲਮਬੰਦ ਕੀਤਾ ਹੈ, ਜੋਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਇਤਿਹਾਸਿਕ ਲਿਖਤਾਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਦੇ ਲਗਭਗ 3 ਕਰੋੜ ਲੋਕ ਮੁਰੀਦ ਬਣ ਗਏ ਸੀ। ਅਪਣਾ ਅੰਤਲੇ ਸਮੇਂ ਆਪ ਜੀ ਨੇ ਕਰਤਾਰਪੁਰ ਨਗਰ ਵਸਾਇਆ, ਜੋਕਿ ਹੁਣ ਪਾਕਿਸਤਾਨ ਵਿੱਚ ਹੈ। ਕਰਤਾਰਪੁਰ ਵਿੱਖੇ ਹੀ ਆਪ ਜੀ ਦੁਨਿਆਵੀਂ ਲੋਕਾਂ ਵਾਂਗ ਗ੍ਰਹਿਸਤੀ ਰਹਿੰਦੇ ਹੋਇ ਖੁਦ ਖੇਤੀ ਕਰ ਅਪਣਾ ਜੀਵਨ ਨਿਰਬਾਹ ਕੀਤਾ ਅਤੇ ਧਰਮਸਾਲ ਸਥਾਪਿਤ ਕੀਤੀ ਜਿੱਥੇ ਸਵੇਰੇ ਸ਼ਾਮ ਪਰਮਾਤਮਾ ਦੀ ਸਿਫਤ ਸਾਲਾਹ ਦੇ ਸੋਹਲੇ ਗਾਏ ਜਾਂਦੇ। ਇਸ ਤਰਾਂ ਆਪ ਜੀ ਧਰਮ ਦੀ ਕਿਰਤ ਕਰਦੇ ਹੋਇ ਜਿੱਥੇ ਘਰ ਪਰਿਵਾਰ ਦੀ ਸੇਵਾ ਸੰਭਾਲ ਕਰਦੇ ਉੱਥੇ ਨਾਲ ਹੀ ਮੁਸਾਫਰਾਂ ਤੇ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਅਤੇ ਜਰੂਰਤਮੰਦਾਂ ਦੀ ਜਰੂਰਤ ਪੂਰੀ ਕਰਦੇ ਸੀ।
ਕਰਤਾਰਪੁਰ ਵਿੱਖੇ ਹੀ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ 7 ਸਾਲ ਅਣਥੱਕ ਸੇਵਾ ਕੀਤੀ ਤੇ ਅਨੇਕਾਂ ਪ੍ਰੀਖਿਆਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਬਣੇ ਅਤੇ ਗੁਰੂ ਨਾਨਕ ਦੇਵ ਜੀ ਨੇ ਅਪਣਾ ਅੰਤਿਮ ਸਮਾਂ ਨੇੜੇ ਜਾਣ ਸਤੰਬਰ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰਿਆਈ ਦਿੰਦੇ ਹੋਇ ਮੱਥਾ ਟੇਕਿਆ ਤੇ ਅਪਣੇ ਅੰਗ ਨਾਲ ਲਗਾਕੇ ਅੰਗਦ ਨਾਮ ਦਿਤਾ ਅਤੇ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਸੋਂਪ ਦਿੱਤੀ।
ਗੁਰੂ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਸੱਚ,ਧਰਮ ਨਿਆਂ ਤੇ ਸ਼ੁਭ ਗੁਣਾ ਨਾਲ ਜੋੜਣ ਲਈ 19 ਰਾਗਾਂ ਵਿੱਚ ਬਾਣੀ ਲਿੱਖੀ, ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੋਰ ਤੇ ਜਪੁ, ਪਹਰੇ, ਪਟੀ, ਅਲਾਹਣੀਆ, ਕੁਚਜੀ, ਸੁਚਜੀ, ਉਅੰਕਾਰ, ਸਿਧ ਗੋਸਟਿ, ਸੋਲਹੇ, ਬਾਰਹਮਾਹਾ ਤੁਖਾਰੀ, ਸਲੋਕ ਸਹਸਕ੍ਰਿਤੀ ਤੇ ਸਵਈਏ ਮਹਲੇ ਪਹਲੇ ਕੇ ਪ੍ਰਮੁਖ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਦਿੱਤੇ 3 ਮੁੱਖ ਉਪਦੇਸ਼ ‘ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ’ ਸਿੱਖ ਧਰਮ ਦੇ ਮੂਲ ਸਿਧਾਂਤ ਹਨ। ਆਪ ਜੀ ਨੂੰ ਸੱਚਾ ਸੋਦਾ ਕਰਨ ਲਈ ਪਿਤਾ ਜੀ ਵਲੋਂ ਦਿੱਤੇ ਗਏ ਰੁਪਏ ਦਾ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਪਿਰਤ ਵੰਡ ਛਕਣ ਦੇ ਅਸੂਲ ਨੂੰ ਦ੍ਰਿੜ ਕਰਾਉਂਦੀ ਹੈ ਅਤੇ ਅੱਜ ਵੀ ਸਿੱਖ ਭਾਈਚਾਰਾ ਸੰਸਾਰ ਭਰ ਵਿੱਚ ਜਿੱਥੇ ਵੀ ਲੋੜ ਪਵੇ ਨਿਸ਼ਕਾਮ ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣੀ ਸਾਰੀ ਉਮਰ ਦੇਸ਼ਾਂ-ਵਿਦੇਸ਼ਾਂ ਦਾ ਭ੍ਰਮਣ ਕਰ ਲੋਕਾਂ ਨੂੰ ਫੋਕਟ ਕਰਮਕਾਂਡਾ ਤੋਂ ਵਰਜਿਆ ਪਰ ਅਫਸੋਸ ਕਿ ਅੱਜ ਗੁਰੂ ਨਾਨਕ ਦੇਵ ਜੀ ਨੂੰ ਅਪਣਾ ਇਸ਼ਟ ਮਨੰਣ ਵਾਲੇ ਲੋਕ, ਫਿਰ ਤੋਂ ਉਸੇ ਧਰਾਤਲ ਵਿੱਚ ਧਸਦੇ ਜਾ ਰਹੇ ਹਨ ਜਿਨ੍ਹਾਂ ਤੋਂ ਗੁਰੂ ਸਾਹਿਬਾਂ ਨੇ 239 ਸਾਲ ਦਾ ਲੰਮਾ ਸਮਾਂ ਲਗਾਕੇ ਕਢਿਆ ਸੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਹਰਪ੍ਰੀਤ ਸਿੰਘ 9992414888
ਈ ਮੇਲ: harpreetsingh.kkr@gmail.com
1 comment:
ਵਧੀਆ ਉਪਰਾਲਾ
Post a Comment