Saturday, 13 November 2021

ਲੜੀਵਾਰ ਪ੍ਰਸ਼ਨ-ਉਤਰ ਭਾਗ-11 (ਗੁਰੂ ਨਾਨਕ ਸਾਹਿਬ ਜੀ)

ਪ੍ਰਸ਼ਨ 143. ਹਰਿਦੁਆਰ ਵਿੱਖੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਸਾਧ ਦਾ ਪਾਜ ਉਘੇੜਿਆ ਸੀ ?

ਉਤਰ : ਵੈਸ਼ਨਵ ਸਾਧ ਦਾ।

ਪ੍ਰਸ਼ਨ 144. ਵੈਸ਼ਨਵ ਸਾਧ ਭੋਜਨ ਪਕਾਉਣ ਤੋਂ ਪਹਿਲਾਂ ਕੀ ਕਰਦਾ ਹੁੰਦਾ ਸੀ?

ਉਤਰ : ਵੈਸ਼ਨਵ ਸਾਧ ਭੋਜਨ ਤਿਆਰ ਕਰਨ ਤੋਂ ਪਹਿਲਾਂ ਗਾਂ ਦੇ ਗੋਹੇ ਦਾ ਪੋਚਾ ਲਗਾਉਂਦਾ ਸੀ, ਉਹ ਲੱਕੜਾਂ ਨੂੰ ਧੋਂਦਾ ਅਤੇ ਚੌਂਕੇ ਦੇ ਆਲੇ-ਦੁਆਲੇ ਲਕੀਰ ਖਿੱਚ ਦਿੰਦਾ ਸੀ ਤੇ ਫਿਰ ਭੋਜਨ ਤਿਆਰ ਕਰਨ ਲਈ ਲੱਕੜਾਂ ਨੂੰ ਅੱਗ ਲਗਾਉਂਦਾ ।

ਪ੍ਰਸ਼ਨ 145. ਗੁਰੂ ਜੀ ਨੇ ਵੈਸ਼ਨਵ ਸਾਧ ਪਾਸੋਂ ਅੱਗ ਲੈਣ ਲਈ ਕਿਸ ਨੂੰ ਭੇਜਿਆ?

ਉਤਰ : ਭਾਈ ਮਰਦਾਨਾ ਜੀ ਨੂੰ ।

ਪ੍ਰਸ਼ਨ 146. ਜਦੋਂ ਭਾਈ ਮਰਦਾਨਾ ਜੀ ਵੈਸ਼ਨਵ ਸਾਧ ਕੋਲ ਅੱਗ ਲੈਣ ਪਹੁੰਚਿਆ ਤਾਂ ਵੈਸ਼ਨਵ ਸਾਧ ਨੇ ਕੀ ਕੀਤਾ ?

ਉਤਰ : ਵੈਸ਼ਨਵ ਸਾਧ ਭਾਈ ਮਰਦਾਨੇ ਨੂੰ ਅਪਣੇ ਚੌਂਕੇ ਦੇ ਨੇੜੇ ਵੇਖ ਕੇ ਲੋਹਾ ਲਾਖਾ ਹੋ ਗਿਆ ਕਿਉਂਕਿ ਉਹ ਸਮਝਦਾ ਸੀ ਕਿ ਭਾਈ ਮਰਦਾਨੇ ਦਾ ਪਰਛਾਵਾਂ ਚੋਂਕੇ ਤੇ ਪੈਣ ਨਾਲ ਚੌਂਕਾ ਭਿੱਟ ਗਿਆ ਹੈ ।

ਪ੍ਰਸ਼ਨ 147. ਆਪਣਾ ਚੋਂਕਾ ਭਿੱਟ ਹੁੰਦਾ ਵੇਖ ਵੈਸ਼ਨਵ ਸਾਧ ਨੇ ਗੁੱਸੇ ਵਿੱਚ ਆ ਕੇ ਕੀ ਕੀਤਾ?

ਉਤਰ : ਵੈਸ਼ਨਵ ਸਾਧ ਗੁੱਸੇ ਨਾਲ ਭਰਿਆ, ਭਾਈ ਮਰਦਾਨਾ ਜੀ ਨੂੰ ਮਾਰਨ ਲਈ ਅੱਗ ਦੀ ਚੁਆਤੀ ਲੈ ਕੇ ਦੌੜਿਆ।  

ਪ੍ਰਸ਼ਨ 148 . ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਵੈਸ਼ਨਵ ਸਾਧ ਕਿੱਥੇ ਪਹੁੰਚਿਆ?

ਉਤਰ : ਗੁਰੂ ਨਾਨਕ ਸਾਹਿਬ ਜੀ ਪਾਸ।  

ਪ੍ਰਸ਼ਨ 149. ਗੁਰੂ ਜੀ ਨੇ ਵੈਸ਼ਨਵ ਸਾਧ ਨੂੰ ਨਾਰਾਜ਼ਗੀ ਦਾ ਕਾਰਨ ਪੁਛਿਆ ਤਾਂ ਉਸ ਨੇ ਗੁਰੂ ਜੀ ਨੂੰ ਕੀ ਕਿਹਾ?

ਉਤਰ : ਉਸਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਬੜੀ ਮਿਹਨਤ ਨਾਲ ਆਪਣਾ ਚੋਂਕਾ ਪਵਿਤ੍ਰ ਕੀਤਾ ਸੀ ਤੇ ਇਸ ਮਰਾਸੀ ਮਰਦਾਨੇ ਦੇ ਪਰਛਾਂਵੇਂ ਨਾਲ ਮੇਰਾ ਚੌਂਕਾ ਭਿੱਟ ਗਿਆ ਹੈ।

ਪ੍ਰਸ਼ਨ 150. ਗੁਰੂ ਜੀ ਨੇ ਵੈਸ਼ਨਵ ਸਾਧ ਨੂੰ ਸਮਝਾਉਣ ਲਈ ਕਿਹੜੇ ਸ਼ਬਦ ਦਾ ਉਚਾਰਣ ਕੀਤਾ?

ਉਤਰ :

ਸਲੋਕ ਮ: 1 ॥

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ

ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥

ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥                   {ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 91}

ਪ੍ਰਸ਼ਨ 151. ਉਪਰੋਕਤ ਸ਼ਬਦ ਰਾਹੀਂ ਗੁਰੂ ਸਾਹਿਬ ਜੀ ਨੇ ਵੈਸ਼ਨਵ ਸਾਧ ਨੂੰ ਕੀ ਸਮਝਾਇਆ ?

ਉਤਰ : ਗੁਰੂ ਜੀ ਉਪਰੋਕਤ ਸ਼ਬਦ ਰਾਹੀਂ ਵੈਸ਼ਨਵ ਸਾਧ ਨੂੰ ਸਮਝਾਇਆ ਕਿ ਬਾਹਰੀ ਤੋਰ ਤੇ ਸੁਚਤਮ ਰੱਖਣ ਨਾਲ ਪ੍ਰਭੁ ਨਹੀਂ ਪਤੀਜਦਾ, ਪਰਮਾਤਮਾ ਦੇ ਦਰ ਤੇ ਸੁਰਖਰੂ ਹੋਣ ਲਈ ਮਨੁੱਖ ਨੂੰ ਆਪਣੇ ਸ਼ਰੀਰ ਰੂਪੀ ਭਾਂਡੇ ਨੂੰ ਸਾਫ ਕਰਨਾ ਪੈਂਦਾ  ਹੈ, ਭਾਵ ਵਿਕਾਰਾਂ ਦਾ ਤਿਆਗ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਹੇ ਪੰਡਿਤ ਜੀ, ਤੇਰੇ ਸ਼ਰੀਰ ਰੂਪੀ ਘਰ ਵਿੱਚ ਭੈੜੀ ਮਤ ਰੂਪੀ ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ ਅਤੇ ਕ੍ਰੋਧ ਤੇਰੇ ਸ਼ਰੀਰ ਅੰਦਰ ਚੰਡਾਲਣੀ ਹੈ, ਜਿਸ ਨੇ ਜੀਵ ਦੇ ਸ਼ਾਂਤ ਸੁਭਾਉ ਭਾਵ ਸ਼ੁਭ ਗੁਣਾਂ ਨੂੰ ਠੱਗਿਆ ਹੋਇਆ ਹੈ। ਜੇ ਕਰ ਇਹ ਚਾਰੇ ਹੀ ਤੇਰੇ ਹਿਰਦੇ ਵਿੱਚ ਬੈਠੀਆਂ ਹੋਣ ਤਾਂ ਬਾਹਰੀ ਤੌਰ ਤੇ ਚੌਂਕਾ ਸੁੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੋਈ ਲਾਭ ਨਹੀਂ । ਗੁਰੂ ਨਾਨਕ ਸਾਹਿਬ ਜੀ ਵੈਸ਼ਨਵ ਸਾਧ ਨੂੰ ਸਮਝਾਂਉਂਦੇ ਹਨ ਕਿ ਹੇ ਪੰਡਿਤ ਜੀ! ਆਪਣੇ ਸ਼ਰੀਰ ਰੁਪੀ ਚੋਂਕੇ ਨੂੰ ਸੁੱਚਾ ਰੱਖਣ ਲਈ ਸੱਚ ਤੇ ਸੰਜਮ ਨੂੰ ਜੀਵਨ ਜੁਗਤ ਬਣਾਓ। ਉੱਚੇ ਆਚਰਨ ਨੂੰ ਮਨ ਰੂਪੀ ਚੌਂਕੇ ਦੀਆਂ ਲਕੀਰਾਂ ਬਣਾਉ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਤੀਰਥ ਇਸ਼ਨਾਨ ਸਮਝਦੇ ਹਨ, ਉਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ।1।

ਪ੍ਰਸ਼ਨ 152. ਗੁਰੂ ਨਾਨਕ ਸਾਹਿਬ ਜੀ ਨੇ ਕਿਸ ਤੋਂ ਨਫ਼ਰਤ ਕਰਨ ਲਈ ਕਿਹਾ, ਕਿਸ ਤੋਂ ਨਹੀਂ ?

ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਭੈੜੇ ਕੰਮਾਂ ਤੋਂ ਨਫ਼ਰਤ ਕਰਨ ਲਈ ਕਿਹਾ, ਕਿਸੇ ਬੰਦੇ ਤੋਂ ਨਹੀਂ।

ਪ੍ਰਸ਼ਨ 153. ਵੈਸ਼ਨਵ ਸਾਧ ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?

ਉਤਰ: ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਾਹਰਲੀ ਸੁੱਚ ਰੱਖਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਤਾਂ ਹੀ ਮਿਲਦਾ ਹੈ ਜੇ ਕਰ ਮਨ ਪਵਿੱਤਰ ਹੋਵੇ।

ਪ੍ਰਸ਼ਨ 154. ਸਾਨੂੰ ਅੱਜ ਵੀ ਕਿਹੜੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ?

ਉਤਰ : ਅੱਜ ਵੀ ਬਹੁਤ ਸਾਰੇ ਵੈਸ਼ਨਵ ਸਾਧ ਜਿਹੇ ਭੇਖਧਾਰੀ ਸਾਧੂ ਹਨ ਜੋਕਿ ਧਾਰਮਿਕ ਲਿਬਾਸ ਪਾ ਕੇ ਲੋਕਾਂ ਨੂੰ ਠੱਗਦੇ ਫਿਰਦੇ ਹਨ। ਸਾਨੂੰ ਅੱਜ ਵੀ ਅਜਿਹੇ ਭੇਖਧਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।


Wednesday, 10 November 2021

ਲੜੀਵਾਰ ਪ੍ਰਸ਼ਨ-ਉਤਰ ਭਾਗ-10 (ਗੁਰੂ ਨਾਨਕ ਸਾਹਿਬ ਜੀ)

ਪ੍ਰਸ਼ਨ 132. ਹਿੰਦੂਆਂ ਦਾ ਪ੍ਰਸਿੱਧ ਤੀਰਥ ‘ਹਰਿਦੁਆਰ’ ਕਿਸ ਨਦੀ ਦੇ ਕੰਢੇ 'ਤੇ ਹੈ ?

ਉਤਰ : ਗੰਗਾ ਨਦੀ ਦੇ ਕੰਢੇ।

ਪ੍ਰਸ਼ਨ 133. ਜਦੋਂ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਪਹੁੰਚੇ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ?

ਉਤਰ : ਵਿਸਾਖੀ ਦਾ।

 ਪ੍ਰਸ਼ਨ 134. ਹਰਿਦੁਆਰ ਵਿਖੇ ਲੋਕੀਂ ਕਿਹੜੇ ਪਾਸੇ ਵੱਲ ਪਾਣੀ ਸੁੱਟ ਰਹੇ ਸਨ ?

ਉੱਤਰ : ਚੜ੍ਹਦੇ ਪਾਸੇ (ਪੂਰਬ) ਵੱਲ।

 ਪ੍ਰਸ਼ਨ 135. ਜਦੋਂ ਗੁਰੂ ਜੀ ਨੇ ਲੋਕਾਂ ਤੋਂ ਚੜਦੇ ਵੱਲ ਪਾਣੀ ਸੁੱਟਣ ਦਾ ਕਾਰਨ ਪੁਛਿਆ, ਤਾਂ ਲੋਕਾਂ ਨੇ ਕੀ ਜਵਾਬ ਦਿੱਤਾ ?

ਉਤਰ : ਲੋਕਾਂ ਨੇ ਗੁਰੂ ਜੀ ਨੂੰ ਦਸਿਆ ਕਿ 'ਅਸੀ ਚੜਦੇ ਪਾਸੇ ਵੱਲ ਆਪਣੇ ਵੱਡੇ ਵਡੇਰਿਆਂ ਦੇ ਨਮਿੱਤ ਪਾਣੀ ਦੇ ਰਹੇ ਹਾਂ।

ਪ੍ਰਸ਼ਨ 136. ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਪਾਸੇ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ ?

ਉੱਤਰ : ਲਹਿੰਦੇ ਪਾਸੇ (ਪਛੱਮ) ਵੱਲ

ਪ੍ਰਸ਼ਨ 137. ਗੁਰੂ ਜੀ ਵਲੋਂ ਲਹਿੰਦੇ ਪਾਸੇ ਵੱਲ ਪਾਣੀ ਸੁੱਟਦਾ ਵੇਖ ਲੋਕਾਂ ਨੇ ਗੁਰੂ ਜੀ ਤੋਂ ਕੀ ਪੁੱਛਿਆ ?

ਉਤਰ: ਕੁੱਝ ਲੋਕੀਂ ਗੁਰੂ ਜੀ ਨੂੰ ਲਹਿੰਦੇ ਵੱਲ ਪਾਣੀ ਸੁਟਦਾ ਵੇਖ ਹੱਸ ਰਹੇ ਸਨ ਅਤੇ ਕੁਝ ਲੋਕ ਹੈਰਾਨ ਸਨ ਕਿ ਗੁਰੂ ਨਾਨਕ ਸਾਹਿਬ ਅਜਿਹਾ ਵਰਤਾਉ ਕਿਉਂ ਕਰ ਰਹੇ ਹਨ। ਅਜਿਹਾ ਵੇਖ ਉਹਨਾਂ ਗੁਰੂ ਜੀ ਤੋਂ ਪੁਛਿਆ ਕਿ ਤੁਸੀ ਲਹਿੰਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ।

ਪ੍ਰਸ਼ਨ 138. ਲੋਕਾਂ ਵਲੋਂ ਸਵਾਲ ਕਰਨ ਤੇ ਗੁਰੂ ਜੀ ਨੇ ਲੋਕਾਂ ਨੂੰ ਕੀ ਕਿਹਾ ?

ਉਤਰ : ਗੁਰੂ ਜੀ ਨੇ ਲੋਕਾਂ ਨੂੰ ਕਿਹਾ, ‘ਮੇਰੀ ਖੇਤੀ ਤਲਵੰਡੀ ਵਿਚ ਸੁੱਕ ਰਹੀ ਹੈ। ਉਹ ਇੱਥੋਂ ਕੇਵਲ ਸਾਢੇ ਤਿੰਨ ਸੌ ਮੀਲ ਦੀ ਵਿੱਥ 'ਤੇ ਹੈ। ਮੈਂ ਉਸਨੂੰ ਪਾਣੀ ਦੇ ਰਿਹਾ ਹਾਂ।’

ਪ੍ਰਸ਼ਨ 139. ਗੁਰੂ ਜੀ ਦਾ ਜਵਾਬ ਸੁਣ ਕੇ ਲੋਕਾਂ ਨੇ ਗੁਰੂ ਜੀ ਨੂੰ ਕੀ ਕਿਹਾ ?

ਉਤਰ: ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਵਲੋਂ ਸੁੱਟਿਆ ਗਿਆ ਪਾਣੀ ਸਾਢੇ ਤਿੰਨ ਸੋ ਮੀਲ ਦੂਰ ਕਿੰਵੇ ਪਹੁੰਚ ਸਕਦਾ ਹੈ।

ਪ੍ਰਸ਼ਨ 140. ਗੁਰੂ ਜੀ ਨੇ ਚੜ੍ਹਦੇ ਪਾਸੇ ਵੱਲ ਪਾਣੀ ਸੁੱਟਣ ਵਾਲੇ ਲੋਕਾਂ ਨੂੰ ਕੀ ਸਮਝਾਇਆ ?

ਉੱਤਰ: ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜੇਕਰ ਮੇਰੇ ਵਲੋਂ ਸੁੱਟਿਆ ਗਿਆ ਪਾਣੀ ਸਾਢੇ ਤਿੰਨ ਸੌ ਮੀਲ ਦੀ ਦੂਰੀ 'ਤੇ ਨਹੀਂ ਅਪੜ ਸਕਦਾ ਤਾਂ ਤੁਹਾਡੇ (ਲੋਕਾਂ) ਵਲੋਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਕਿੰਵੇਂ ਅਪੜ ਸਕਦਾ ਹੈ।

ਪ੍ਰਸ਼ਨ 141. ਗੁਰੂ ਜੀ ਨੇ ਹਰਿਦੁਆਰ ਵਿੱਖੇ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ?

ਉਤਰ : ਗੁਰੂ ਜੀ ਨੇ ਹਰਿਦੁਆਰ ਵਿੱਖੇ ਲੋਕਾਂ ਨੂੰ ਕਰਮਕਾਂਡ ਤੋਂ ਵਰਜ ਕੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਾਲਾਹ ਕਰਨ ਦਾ ਉਪਦੇਸ਼ ਦਿੱਤਾ।

ਪ੍ਰਸ਼ਨ 142. ਹਰਿਦੁਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਕਿਹੜਾ ਸਥਾਨ ਸੁਸ਼ੋਭਿਤ ਹੈ ?

ਉਤਰ : ਗੁਰਦੁਆਰਾ ਗਿਆਨ ਗੋਦੜੀ ਸਾਹਿਬ।

Sunday, 7 November 2021

ਲੜੀਵਾਰ ਪ੍ਰਸ਼ਨ-ਉਤਰ ਭਾਗ-9 (ਗੁਰੂ ਨਾਨਕ ਸਾਹਿਬ ਜੀ)

 ਪ੍ਰਸ਼ਨ 114. ‘ਪਿਹੋਵਾ’ ਤੀਰਥ ਕਿਸ ਨਦੀ ਦੇ ਕੰਡੇ ਤੇ ਸਥਿਤ ਹੈ?

ਉਤਰ : ਸਰਸਵਤੀ ਨਦੀ ਦੇ ਕੰਡੇ ਤੇ।

ਪ੍ਰਸ਼ਨ 115. ਪਿਹੋਵਾ ਤੀਰਥ ਕਿਸ ਲਈ ਪ੍ਰਸਿਧ ਹੈ?

ਉਤਰ : ਪਿਹੋਵਾ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਹੈ ਜਿੱਥੇ ਹਿੰਦੂ ਲੋਕ ਆਪਣੇ ਮਰ ਚੁੱਕੇ ਵੱਡੇ-ਵੱਡੇਰਿਆ ਦੇ ਪਿੰਡ ਭਰਵਾਉਣ ਤੇ ਪਿਤਰ ਤਾਰਨ ਆਉਂਦੇ ਸਨ। ਇੱਥੋਂ ਦੇ ਲਾਲਚੀ ਪਾਂਡੇ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਚੱਕਰਾਂ ਵਿਚ ਪਾ ਕੇ ਉਹਨਾਂ ਤੋਂ ਪਿੱਤਰਾਂ ਦੇ ਨਾਮ ਤੇ ਜ਼ਰੂਰੀ ਵਸਤੂਆਂ ਪਹੁੰਚਾਉਣ ਦੇ ਬਹਾਨੇ ਪੈਸੇ ਇੱਕੱਠੇ ਕਰਦੇ ਹਨ।

ਪ੍ਰਸ਼ਨ 116. ਗੁਰੂ ਨਾਨਕ ਸਾਹਿਬ ਜੀ ਨੇ ‘ਪਿਹੋਵਾ’ ਵਿੱਖੇ ਭੋਲੇ ਭਾਲੇ ਲੋਕਾਂ ਨੂੰ ਕੀ ਸਮਝਾਇਆ?

ਉਤਰ: ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜਿਹੜੇ ਕਰਮ ਅਸੀਂ ਇਸ ਦੁਨੀਆਂ ਵਿਚ ਕਰਦੇ ਹਾਂ ਉਸ ਦਾ ਫਲ ਇਨਸਾਨ ਨੂੰ ਖੁਦ ਹੀ ਭੋਗਣਾ ਪੈਂਦਾ ਹੈ। ਮਰ ਚੁੱਕੇ ਪਿਤਰਾਂ ਦੇ ਨਾਮ ਤੇ ਉਨ੍ਹਾਂ ਵਲੋਂ ਪੰਡਿਤਾਂ ਨੂੰ ਦਿੱਤੀਆਂ ਵਸਤਾਂ ਉਨ੍ਹਾਂ ਦੇ ਪਿਤਰਾਂ ਤੱਕ ਨਹੀਂ ਪਹੁੰਚ ਸਕਦੀਆਂ।

ਪ੍ਰਸ਼ਨ 117. ਮਰ ਚੁੱਕੇ ਪਿਤਰਾਂ ਨਮਿੱਤ ਦਿਤੀਆਂ ਜਾਂਦੀਆਂ ਵਸਤਾਂ ਬਾਰੇ ਗੁਰੂ ਜੀ ਨੇ ਕਿਸ ਸ਼ਬਦ ਰਾਹੀਂ ਕਰਾਰੀ ਸੱਟ ਮਾਰੀ ਹੈ?

ਉਤਰ : ਗੁਰੂ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 472 ਤੇ ਇਉਂ ਦਰਜ ਹੈ?

ਉਤਰ : ਆਸਾ ਰਾਗ ਵਿੱਚ ਦਰਜ ਸ਼ਬਦ : -

ਸਲੋਕ ਮ: 1 ॥

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

ਵਢਿਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 472.

ਪ੍ਰਸ਼ਨ 118. ਉਪਰੋਕਤ ਸ਼ਬਦ ਦੇ ਅਰਥਾਂ ਨੂੰ ਸਪਸ਼ਟ ਕਰੋ।

ਸਲੋਕੁ ਮਃ 1 ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥

ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਰਾਹੀਂ ਮਨੁੱਖ ਨੂੰ ਸਮਝਾਉਂਦੇ ਹਨ, ਮੰਣ ਲਵੋਂ ਕਿ ਜੇਕਰ ਕੋਈ ਠੱਗ ਪਰਾਏ ਘਰ ਨੂੰ ਠੱਗ ਕੇ ਉਹ ਪਦਾਰਥ ਆਪਣੇ ਪਿਤਰਾਂ ਦੇ ਨਮਿਤ ਦਾਨ ਦੇ ਦੇਵੇ

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

ਅਤੇ ਉਹ ਦਿੱਤਾ ਹੋਇਆ ਦਾਨ ਜੇ ਸੱਚ-ਮੁੱਚ ਅੱਗੇ ਪਹੁੰਚਦਾ ਹੋਵੇ ਤਾਂ ਫਿਰ ਪਰਲੋਕ ਵਿਚ ਉਹ ਠੱਗ ਕੇ ਦਿੱਤੀ ਹੋਈ ਵਸਤੂ/ਪਦਾਰਥ ਸਿਞਾਣਿਆ ਜਾਵੇ ਤਾਂ ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ ਭੀ ਚੋਰ ਬਣਾਂਦਾ ਹੈ।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

ਤੇ ਫਿਰ ਅਗੋਂ ਚੋਰੀ ਫੜੀ ਜਾਣ ਤੇ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ ਦਲਾਲ ਦੇ ਹੱਥ ਵੱਢੇ ਜਾਂਦੇ ਹਨ।

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

ਇਸ ਸ਼ਬਦ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।1।

          ਭਾਵ ਮਨੁੱਖ ਨੇ ਜੇਹੋ ਜਿਹੇ ਕਰਮ ਕੀਤੇ ਹੁੰਦੇ ਹਨ ਉਸਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਮਿਲਦਾ ਹੈ।

ਪ੍ਰਸ਼ਨ 119. ਪਿਹੋਵਾ ਤੋਂ ਉਪਰਾਂਤ ਗੁਰੂ ਨਾਨਕ ਸਾਹਿਬ ਜੀ ਅਗਲਾ ਪੜਾਅ ਕਿੱਥੇ ਕੀਤਾ ਸੀ?

ਉਤਰ: ਪਿਹੋਵਾ ਤੋਂ ਉਪਰਾਂਤ ਗੁਰੂ ਨਾਨਕ ਸਾਹਿਬ ਜੀ ਪ੍ਰਸਿਧ ਪ੍ਰਾਚੀਨ ਨਗਰ ਥਾਨੇਸਰ (ਕੁਰੂਕਸ਼ੇਤਰ) ਪਹੁੰਚੇ ਸਨ।

ਪ੍ਰਸ਼ਨ 120. ਜਦੋਂ ਗੁਰੂ ਨਾਨਕ ਸਾਹਿਬ ਕੁਰੂਕਸ਼ੇਤਰ ਪਹੁੰਚੇ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ?

ਉਤਰ : ਜਦੋਂ ਗੁਰੂ ਜੀ ਕੁਰੂਕਸ਼ੇਤਰ ਪਹੁੰਚੇ ਤਾਂ ਉੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਸੀ।

ਪ੍ਰਸ਼ਨ 121. ਸੂਰਜ ਗ੍ਰਹਿਣ ਦੇ ਮੇਲੇ ਸਮੇਂ ਬ੍ਰਾਹਮਣਾਂ ਨੇ ਲੋਕਾਂ ਨੂੰ ਕਿਹੜੇ ਅੰਧ ਵਿਸ਼ਵਾਸ ਵਿੱਚ ਫਸਾਇਆ ਹੋਇਆ ਸੀ?

ਉਤਰ : ਸੂਰਜ ਗ੍ਰਹਿਣ ਦੇ ਮੌਕੇ ਧਰਮ ਦੇ ਠੇਕੇਦਾਰ ਬ੍ਰਾਹਮਣਾਂ ਵੱਲੋਂ ਇਹ ਭਰਮ ਪਾਇਆ ਹੋਇਆ ਸੀ ਕਿ ਜਦੋਂ ਰਾਹੂ ਅਤੇ ਕੇਤੂ ਰਾਖਸ਼ ਸੂਰਜ ਪਾਸੋਂ ਅਪਣਾ ਕਰਜ਼ਾ ਮੰਗਦੇ ਹਨ ਤਾਂ ਉਸ ਨੂੰ ਕਾਬੂ ਕਰਨ ਦਾ ਯਤਨ ਕਰਦੇ ਹਨ। ਇਸ ਖਤਰੇ ਨੂੰ ਦੂਰ ਕਰਨ ਲਈ ਸ਼ਰਧਾਲੁਆ ਪਾਸੋਂ ਦਾਨ ਲੈਕੇ ਬ੍ਰਾਹਮਣ ਲੋਕ ਸੂਰਜ ਨੂੰ ਰਾਖਸ਼ਾਂ ਤੋਂ ਛੁਡਵਾਉਣ ਦਾ ਪ੍ਰਪੰਚ ਕਰਦੇ ਹਨ ਅਤੇ ਬ੍ਰਾਹਮਣਾਂ ਵਲੋਂ ਗ੍ਰਹਿਣ ਦੇ ਸਮੇਂ ਅੱਗ ਬਾਲਣਾ ਅਤੇ ਰਿੰਨ੍ਹਣ ਤੱਕ ਨੂੰ ਵੀ ਧਰਮ ਦੇ ਉਲਟ ਮੰਨਿਆ ਜਾਂਦਾ ਸੀ।

ਪ੍ਰਸ਼ਨ 122. ਗੁਰੂ ਨਾਨਕ ਸਾਹਿਬ ਜੀ ਨੇ ਇਸ ਭਰਮ ਨੂੰ ਤੋੜਣ ਲਈ ਅਤੇ ਉਨ੍ਹਾਂ ਤੱਕ ਆਪਣਾ ਸੱਚ ਦਾ ਸੰਦੇਸ਼ ਪਹੁੰਚਾਉਣ ਲਈ ਕੀ ਕੀਤਾ?

ਉਤਰ : ਗੁਰੂ ਜੀ ਨੇ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚੋਂ ਕਢਣ ਤੇ ਭਰਮਾਂ ਨੂੰ ਦੂਰ ਕਰਨ ਲਈ ਭਾਈ ਮਰਦਾਨਾ ਜੀ ਨੂੰ ਕਰਤਾਰ ਦੀ ਸਿਫਤ ਸਾਲਾਹ ਰੂਪੀ ਸ਼ਬਦ ਗਾਇਣ ਕਰਨ ਦਾ ਹੁਕਮ ਦਿੱਤਾ।

ਪ੍ਰਸ਼ਨ 123. ਕੁਰੂਕਸ਼ੇਤਰ ਵਿੱਖੇ ਕਿਥੋਂ ਦਾ ਕਿਹੜਾ ਰਾਜਾ ਗੁਰੂ ਨਾਨਕ ਸਾਹਿਬ ਜੀ ਨੂੰ ਨੱਤਮਸਤਕ ਹੋਇਆ?

ਉਤਰ : ਹਾਂਸੀ ਦਾ ਰਾਜਾ ਜਗਤ ਰਾਇ, ਜੋਕਿ ਆਪਣੇ ਨਾਲ ਸ਼ਿਕਾਰ ਕੀਤੇ ਮਿਰਗ (ਹਿਰਣ) ਦਾ ਮਾਸ ਲੈ ਕੇ ਆਇਆ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਨੱਤਮਸਤਕ ਹੋਇਆ ।

ਪ੍ਰਸ਼ਨ 124. ਜਦੋਂ ਮੇਲੇ ਵਿੱਚ ਸ਼ਾਮਿਲ ਲੋਕਾਂ ਨੇ ਗੁਰੂ ਜੀ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਗੁਰੂ ਜੀ ਨੇ ਕੀ ਕੋਤਕ ਕੀਤਾ?

ਉਤਰ : ਗੁਰੂ ਜੀ ਨੇ ਰਾਜਾ ਜਗਤ ਰਾਇ ਨੂੰ ਹਿਰਣ ਦਾ ਮਾਸ ਰਿੰਨ੍ਹਣ ਲਈ ਅੱਗ ਬਾਲਣ ਦਾ ਹੁਕਮ ਦਿੱਤਾ।

ਪ੍ਰਸ਼ਨ 125. ਜਦੋਂ ਗ੍ਰਹਿਣ ਵਿਚ ਸ਼ਾਮਿਲ ਲੋਕਾਂ ਨੇ ਚੂਲ੍ਹਾ ਬਲਦਾ ਵੇਖਿਆ ਤਾਂ ਲੋਕਾਂ ਨੇ ਕੀ ਕੀਤਾ?

ਉਤਰ : ਲੋਕਾਂ ਵਿੱਚ ਹਲਚੱਲ ਮੱਚ ਗਈ ਕਿ ਅਜਿਹਾ ਕਿਹੜਾ ਪੁਰਸ਼ ਇਸ ਮੇਲੇ ਵਿੱਚ ਆਇਆ ਹੈ ਜਿਸ ਨੂੰ ਇਹ ਭੀ ਗਿਆਨ ਨਹੀਂ ਕਿ ਗ੍ਰਹਿਣ ਸਮੇਂ ਕੀ ਮਰਿਆਦਾ ਹੈ ਅਤੇ ਉਸਨੇ ਅੱਗ ਬਾਲ ਕੇ ਚੁਲ੍ਹੇ ਤੇ ਮਾਸ ਰਿਣ੍ਹ ਛੱਡਿਆ ਹੈ। ਉਹ ਲੋਕ ਬਹੁਤ ਸਾਰੇ ਬ੍ਰਾਹਮਣਾਂ ਸਮੇਤ ਗੁਰੂ ਜੀ ਨੂੰ ਮਾਰਣ ਲਈ ਦੋੜੇ ਆਏ।

ਪ੍ਰਸ਼ਨ 126. ਜਦੋਂ ਇੱਕ ਵਡਾ ਹਜੂਮ ਗੁਰੂ ਜੀ ਦੇ ਨੇੜੇ ਆਇਆ ਤਾਂ ਉਹਨਾਂ ਕੀ ਤੱਕਿਆ ਤੇ ਕੀ ਫੈਸਲਾ ਲਿਆ?

ਉਤਰ : ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਮਾਰਣ ਲਈ ਹਜੂਮ ਦੇ ਰੂਪ ਵਿੱਚ ਆਏ ਸਨ ਉਹਨਾਂ ਜਦੋਂ ਗੁਰੂ ਜੀ ਦੇ ਅੱਦੁਤੀ ਚਿਹਰੇ ਵੱਲ ਤੱਕਿਆ ਅਤੇ ਨਾਲ ਹੀ ਹਾਂਸੀ ਦਾ ਰਾਜਾ ਜਗਤ ਰਾਏ ਨੂੰ ਗੁਰੂ ਜੀ ਦੇ ਅੱਗੇ ਨੱਤਮਸਤਕ ਹੁੰਦੇ ਦੇਖਿਆ ਤਾਂ ਮਾਰਣ ਦਾ ਖਿਆਲ ਛੱਡ, ਗੁਰੂ ਨਾਨਕ ਸਾਹਿਬ ਜੀ ਨਾਲ ਧਰਮ  ਚਰਚਾ ਕਰਨ ਹਿਤ ਬ੍ਰਾਹਮਣਾਂ ਨੇ ਪੰਡਿਤ ਨਾਨੂੰ ਜਿਸਨੂੰ ਆਪਣੀ ਵਿਦਵਤਾ ਤੇ ਬੜਾ ਮਾਣ ਸੀ, ਗੁਰੂ ਜੀ ਨਾਲ ਚਰਚਾ ਕਰਨ ਦਾ ਫੈਸਲਾ ਲਿਆ।

ਪ੍ਰਸ਼ਨ 127. ਚਰਚਾ ਕਰਦੇ ਗੁਰੂ ਜੀ ਨੇ ਪੰਡਿਤ ਨਾਨੂੰ ਸਮੇਤ ਲੋਕਾਂ ਨੂੰ ਕੀ ਸਮਝਾਇਆ?

ਉਤਰ : ਗੁਰੂ ਜੀ ਨੇ ਕਿਹਾ ਕਿ ਜਿਹੜੇ ਚੰਦ ਸੂਰਜ ਨੂੰ ਤੁਸੀ ਇਤਨੀ ਮਾਨਤਾ ਦੇ ਰਹੇ ਹੋ ਅਤੇ ਇਹਨਾਂ ਦਾ ਚੜਣਾ, ਛਿਪਣਾ ਜਾਂ ਗ੍ਰਹਿਣ ਆਦਿਕ ਲੱਗਣਾ ਸੱਭ ਨਿਰੰਕਾਰ ਦੇ ਹੁਕਮ ਵਿੱਚ ਹੈ। ਗੁਰਬਾਣੀ ਫੁਰਮਾਣ ਹੈ:-

ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥

ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥

ਭੇ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥

          ਭਾਵ :- ਪਰਮਾਤਮਾ ਦੇ ਨਿਰਮਲ ਭਉ ਵਿਚ ਹੀ ਹਵਾ ਸਦਾ ਚਲਦੀ ਰਹਿੰਦੀ ਹੈ ਤੇ ਪ੍ਰਭੂ ਦੇ ਡਰ ਵਿਚ ਹੀ ਲੱਖਾਂ ਦਰਿਆ ਵਹਿੰਦੇ ਰਹਿੰਦੇ ਹਨ। ਉਸ ਅਕਾਲ ਪੁਰਖ ਦਾ ਨਿਰਮਲ ਭਉ ਹੀ ਹੈ ਜਿਸ ਦੇ ਡਰ ਹੇਠ ਅੱਗ ਅਪਣਾ ਕੰਮ ਕਰਦੀ ਹੈ ਅਤੇ ਸਾਂਈ ਦੇ ਡਰ ਹੇਠ ਹੀ ਧਰਤੀ ਭਾਰ ਹੇਠ ਦਬੀ ਰਹਿੰਦੀ ਹੈ। ਇਹ ਪਰਮਾਤਮਾ ਦਾ ਨਿਰਮਲ ਭਉ ਹੀ ਹੈ ਜੋ ਆਕਾਸ਼ ਵਿਚ ਇੰਦ੍ਰ ਭਾਵ ਬੱਦਲ ਸਿਰ ਤੇ ਭਾਰ ਰੱਖ ਤੁਰਿਆ ਫਿਰਦਾ ਹੈ। ਇਹ ਉਸ ਨਿਰੰਕਾਰ ਦਾ ਡਰ ਹੀ ਹੈ ਜੋ ਧਰਮਰਾਜ ਉਸ ਦੇ ਬੁਹੇ ਤੇ ਖੜਾ ਹੈ। ਇਸੇ ਤਰ੍ਹਾਂ ਹੀ ਉਸ ਨਿਰੰਕਾਰ ਦੇ ਡਰ ਵਿਚ ਹੀ ਸੂਰਜ ਹੈ ਅਤੇ ਉਸੇ ਪ੍ਰਭੁ ਦੇ ਭੈ ਵਿਚ ਹੀ ਚੰਦਰਮਾ ਅਪਣੀ ਗਤੀ ਚੱਲ ਰਿਹਾ ਹੈ। ਜਿਹੜੇ ਕਿ ਕਰੌੜਾਂ ਮੀਲਾਂ ਦਾ ਸਫਰ ਕਰੀ ਜਾ ਰਹੇ ਹਨ ਪਰ ਉਹਨਾਂ ਦਾ ਕੋਈ ਅੰਤ ਨਹੀਂ ਹੈ।

ਪ੍ਰਸ਼ਨ 128. ਉਪਰੋਕਤ ਸ਼ਬਦ ਰਾਹੀਂ ਗੁਰੂ ਜੀ ਨੇ ਗ੍ਰਹਿਣ ਵਿੱਚ ਸ਼ਾਮਿਲ ਲੋਕਾਂ ਨੂੰ ਹੋਰ ਕੀ ਸਮਝਾਇਆ?

ਉਤਰ : ਗੁਰੂ ਜੀ ਨੇ ਉਪਰੋਕਤ ਸ਼ਬਦ ਰਾਹੀਂ ਸਮਝਾਉਂਦੇ ਕਿਹਾ ਕਿ ਜਿਹੜੇ ਸੂਰਜ, ਚੰਦ, ਬ੍ਰਹਿਮੰਡ ਉਸ ਪਰਮਾਤਮਾ ਦੇ ਅੱਟਲ ਨਿਯਮ ਵਿਚ ਚੱਲ ਰਹੇ ਹਨ, ਤੁਸੀ ਲੋਕਾਂ ਨੂੰ ਅਜਿਹੇ ਅੰਧ ਵਿਸ਼ਵਾਸ ਵਿਚ ਪਾ ਕੇ ਕਿਹੜੇ ਸੂਰਜ ਨੂੰ ਬਚਾ ਲਵੋਗੇ। ਜਿਹੜਾ ਸੂਰਜ ਇਸ ਧਰਤੀ ਤੋਂ ਲੱਖਾਂ ਕੋਹਾਂ ਦੂਰ ਹੈ ਤੁਹਾਡੇ ਇੱਥੇ ਇਸ਼ਨਾਨ ਕਰਨ ਨਾਲ ਉਹ ਰਾਹੂ-ਕੇਤੂ ਦੇ ਚੰਗੁਲ ਤੋਂ ਕਿੰਵੇ ਛੁੱਟ ਸਕਦਾ ਹੈ। ਜੀਵਨ ਦਾ ਅਸਲ ਤੱਤ ਤਾਂ ਪ੍ਰਭੂ ਮਿਲਾਪ ਲਈ ਭਗਤੀ ਕਰਨ ਤੇ ਗਿਆਨ ਪ੍ਰਾਪਤ ਕਰਨ ਦਾ ਹੈ, ਜਿਸਨੂੰ ਅਸੀ ਵਿਸਾਰ ਦਿੱਤਾ ਹੈ।

 ਪ੍ਰਸ਼ਨ 129. ਗੁਰੂ ਜੀ ਨੇ ਕੁਰੂਕਸ਼ੇਤਰ ਵਿੱਖੇ ਗ੍ਰਹਿਣ ਵਿੱਚ ਮਾਸ ਰਿਨ੍ਹਣ ਤੇ ਪੰਡਿਤ ਨਾਨੂੰ ਦਾ ਸ਼ੰਕਾ ਕਿਸ ਤਰ੍ਹਾਂ ਨਿਵਿਰਤ ਕੀਤਾ?

ਉੱਤਰ : ਗੁਰੂ ਜੀ ਨੇ ਪੰਡਿਤ ਨਾਨੂੰ ਸਮੇਤ ਗ੍ਰਹਿਣ ਮੋਕੇ ਸ਼ਾਮਿਲ ਲੋਕਾਂ ਨੂੰ ਸਮਝਾਉਂਦੇ ਹੋਏ ਦਸਿਆ ਕਿ ਖਾਣ-ਪਾਣ ਤੇ ਮਾਸ ਦੇ ਝਗੜੇ ਬਿਲਕੁਲ ਨਿਰਮੂਲ ਹਨ, ਖਾਣ-ਪਾਣ ਦਾ ਧਰਮ ਨਾਲ ਜੋੜਣਾ ਸਾਡੀ ਮੂਰਖਤਾ ਹੈ। ਸੱਚੀ ਗਲ ਤਾਂ ਇਹ ਹੈ ਕਿ ਮਨੁੱਖ ਨੂੰ ਖਾਣ ਪੀਣ ਲਈ ਜੀਉਣ ਦਾ ਮਕਸਦ ਨਹੀਂ ਬਣਾਉਣਾ ਚਾਹੀਦਾ ਸਗੋਂ ਜਿੰਦਗੀ ਜੀਉਣ ਲਈ ਤੇ ਪੇਟ ਦੀ ਪੂਰਤੀ ਲਈ ਹੀ ਖਾਣਾ ਖਾਉਂਦਾ ਹੈ । ਅਕਾਲ ਪੁਰਖ ਵਾਹਿਗੁਰੂ ਜੀ ਵਲੋਂ ਦਿੱਤੀ ਬਿਬੇਕ ਬੁੱਧ ਦਾ ਗਿਆਨ ਹਾਸਿਲ ਕਰਕੇ ਸਾਨੂੰ ਉਹਨਾਂ ਚੀਜਾਂ ਦਾ ਤਿਆਗ ਕਰਨਾ ਚਾਹੀਦਾ ਹੈ ਜਿਹੜੀਆਂ ਮਨ, ਬਚਨ, ਕਰਮ ਕਰਕੇ ਤਾਮਸੀ ਬਿਰਤੀ ਪੈਦਾ ਕਰਦੀਆ ਹਨ, ਮਨ ਵਿੱਚ ਭੈੜੇ ਖਿਆਲ ਜਾਂ ਸ਼ਰੀਰ ਵਿੱਚ ਕਿਸੇ ਤਰ੍ਹਾਂ ਦੇ ਦੁੱਖ, ਪੀੜ ਜਾਂ ਤਕਲੀਫ ਪੈਦਾ ਕਰਨ ਅਤੇ ਸਾਨੂੰ ਉਹਨਾਂ ਵਸਤੂਆਂ ਨੂੰ ਅਪਨਾਉਣਾ ਚਾਹੀਦਾ ਹੈ ਜਿਹੜੀਆਂ ਸਾਡੇ ਸ਼ਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਤੇ ਮਨ, ਬਚਨ, ਕਰਮ ਕਰਕੇ ਇਕ ਨਿਰੰਕਾਰ ਦੀ ਸਿਫਤ ਸਾਲਾਹ ਕਰਨ ਦੀ ਪ੍ਰੇਰਣਾ ਪੈਦਾ ਹੋਵੇ। ਇਸ ਬਾਬਤ ਗੁਰੂ ਜੀ ਨੇ ‘ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ’ ਸ਼ਬਦ ਦਾ ਗਾਇਣ ਕੀਤਾ ਜੋਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1289 ਤੇ ਦਰਜ ਹੈ।

          ਇਸ ਸ਼ਬਦ ਰਾਹੀ ਹੀ ਗੁਰੂ ਜੀ ਨੇ ਅੰਤ ਵਿੱਚ ਮਨੁੱਖ ਨੂੰ ਸਿਰਜਣਹਾਰ ਦਾਤਾਰ ਦੀ ਸਿਫਤ ਸਾਲਾਹ ਕਰਨ ਦੀ ਸਲਾਹ ਦਿੱਤੀ ਜਿਹੜਾ ਦਾਤਾਰ ਸਭ ਜੀਵਾਂ ਦੀ ਜਿੰਦ ਜਾਨ, ਗਿਆਨ ਦਾ ਸੋਮਾ ਤੇ ਸਾਰੀਆਂ ਤਾਕਤਾਂ ਦਾ ਭੰਡਾਰ ਹੈ।

ਪ੍ਰਸ਼ਨ 130. ਗੁਰੂ ਜੀ ਨਾਲ ਧਰਮ ਚਰਚਾ ਕਰਨ ਉਪਰਾਂਤ ਪੰਡਿਤ ਨਾਨੂੰ ਅਤੇ ਹੋਰਣਾਂ ਲੋਕਾਂ ਤੇ ਕੀ ਪ੍ਰਭਾਵ ਪਿਆ ?

ਉਤਰ : ਗੁਰੂ ਜੀ ਵਲੋਂ ਧਰਮ ਸ਼ਾਸ਼ਤਰ ਦੀ ਸਵਿਸਥਾਰ ਨਾਲ ਚਰਚਾ ਕਰਨ ਤੇ ਪੰਡਿਤ ਨਾਨੂੰ ਦੇ ਸਾਰੇ ਭਰਮ ਦੂਰ ਹੋ ਗਏ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਗੁਰੂ ਜੀ ਦੇ ਚਰਣੀਂ ਢਹਿ ਪਿਆ ਅਤੇ ਗੁਰਮਤਿ ਗਾਡੀਰਾਹ ਤੇ ਚਲਣ ਦਾ ਪ੍ਰਣ ਲਿਆ।

ਪ੍ਰਸ਼ਨ 131. ਕੁਰੂਕਸ਼ੇਤਰ ਵਿੱਖੇ ਜਿਸ ਥਾਂ ਧਰਮ ਚਰਚਾ ਹੋਈ ਉੱਥੇ ਹੁਣ ਗੁਰੂ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ?

ਉਤਰ : ਬ੍ਰਹਮ ਸਰੋਵਰ ਦੇ ਕੰਡੇ ਜਿਸ ਥਾਂ ਤੇ ਗੁਰੂ ਜੀ ਲੋਕਾਂ ਨੂੰ ਗਿਆਨ ਦਾ ਸੱਚਾ ਉਪਦੇਸ਼ ਦਿੱਤਾ ਸੀ, ਉੱਥੇ ਹੁਣ ਗੁਰਦੁਆਰਾ ‘ਸਿੱਧ ਵੱਟੀ’ ਸਥਾਪਿਤ ਹੈ। 

Thursday, 4 November 2021

ਲੜੀਵਾਰ ਪ੍ਰਸ਼ਨ-ਉਤਰ ਭਾਗ-8 (ਗੁਰੂ ਨਾਨਕ ਸਾਹਿਬ ਜੀ)

 

ਪ੍ਰਸ਼ਨ 101. ਭਾਈ ਸੱਜਣ ਕਿਥੋਂ ਦਾ ਰਹਿਣ ਵਾਲਾ ਸੀ ?

ਉਤਰ : ਭਾਈ ਸੱਜਣ ਤੁਲੰਬਾ ਦਾ ਰਹਿਣ ਵਾਲਾ ਸੀ।

ਪ੍ਰਸ਼ਨ 102. ਭਾਈ ਸੱਜਣ ਨੂੰ ਲੋਕੀ ‘ਸ਼ੇਖ ਜੀ’ ਕਰਕੇ ਕਿਉਂ ਬੁਲਾਉਂਦੇ ਸੀ ?

ਉਤਰ : ਕਿਉਂਕਿ ਪਹਿਲਾਂ ਉਸਨੇ ਲੋਕਾਂ ਦੀ ਸਹੂਲਤ ਲਈ ਮੁਸਾਫਰਖਾਨਾ ਬਣਾਇਆ ਹੋਇਆ ਸੀ ਤਾਂਕਿ  ਰਾਹਗੀਰਾਂ ਨੂੰ ਲੋੜ ਅਨੁਸਾਰ ਸੁੱਖ ਸੁਵਿਧਾ ਤੇ ਆਰਾਮ ਮਿਲ ਸਕੇ। ਇਸ ਕਰਕੇ ਲੋਕ ਸਤਿਕਾਰ ਵਜੋਂ ‘ਸ਼ੇਖ ਜੀ’ ਕਰਕੇ ਬੁਲਾਉਂਦੇ ਸਨ।

ਪ੍ਰਸ਼ਨ 103. ਭਾਈ ਸੱਜਣ ਅਮੀਰ ਮੁਸਾਫਿਰਾਂ ਨਾਲ ਕਿਹੋ ਜਿਹਾ ਸਲੂਕ ਕਰਦਾ ਹੁੰਦਾ ਸੀ?

ਉਤਰ : ਸੱਜਣ ਨੇ ਜਿਹੜਾ ਮੁਸਾਫਿਰਖਾਨਾ ਲੋਕਾਂ ਦੀ ਸੁੱਖ ਸਹੂਲਤ ਨੂੰ ਮੁੱਖ ਰੱਖ ਕੇ ਬਣਾਇਆ ਸੀ। ਉਸ ਵਿੱਚ ਜੇਕਰ ਕੋਈ ਅਮੀਰ ਯਾਤਰੂ ਆ ਜਾਂਦਾ ਤਾਂ ਉਹ ਲਾਲਚ ਵਸ ਹੋ ਉਸਦੀ ਬਹੁਤ ਖਾਤਿਰਦਾਰੀ ਕਰਦਾ ਅਤੇ ਰਾਤ ਨੂੰ ਉਸਨੂੰ ਮਾਰਕੇ ਸਾਰਾ ਮਾਲ ਅਸਬਾਬ ਲੁੱਟ ਲੈਂਦਾ ਸੀ।

 ਪ੍ਰਸ਼ਨ 104. ਜਦੋਂ ਗੁਰੂ ਨਾਨਕ ਸਾਹਿਬ ਜੀ ਤੁਲੰਬੇ ਭਾਈ ਸੱਜਣ ਦੇ ਮੁਸਾਫਿਰਖਾਣੇ ਪਹੁੰਚੇ ਤਾਂ ਭਾਈ ਸੱਜਣ ਨੇ ਕੀ ਸੋਚਿਆ?

ਉਤਰ : ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਭਾਈ ਸਜਣ ਨੇ ਅੰਦਾਜਾ ਲਾਇਆ ਕਿ ਇਹ ਕੋਈ ਅਮੀਰ ਮੁਸਾਫਿਰ ਹੈ, ਇਨ੍ਹਾਂ ਨੂੰ ਅਪਣੇ ਚੰਗੁਲ ਵਿੱਚ ਫਸਾ ਕੇ ਰਾਤ ਨੂੰ ਲੁੱਟ ਲਵਾਂਗਾਂ।

ਪ੍ਰਸ਼ਨ 105. ਭਾਈ ਸੱਜਣ ਨੇ ਆਪਣੇ ਮੁਸਾਫਿਰਖਾਨੇ ਵਿੱਚ ਗੁਰੂ ਜੀ ਨਾਲ ਕੀ ਵਿਹਾਰ ਕੀਤਾ?

ਉਤਰ : ਉਸਨੇ ਗੁਰੂ ਜੀ ਦੀ ਬਹੁਤ ਆਉਭਗਤ ਕੀਤੀ ਅਤੇ ਮਨ ਵਿੱਚ ਸੋਚਿਆ ਕਿ ਜਦੋਂ ਰਾਤ ਨੂੰ ਗੁਰੂ ਜੀ ਸੋ ਜਾਣਗੇ ਤਾਂ ਮੈਂ ਇਨ੍ਹਾਂ ਨੂੰ ਲੁੱਟ ਲਵਾਂਗਾਂ।

ਪ੍ਰਸ਼ਨ 106. ਜਦੋਂ ਗੁਰੂ ਜੀ ਨੂੰ ਸੱਜਣ ਨੇ ਆਪਣਾ ਨਾਮ ਦਸਿਆ ਤਾਂ ਗੁਰੂ ਜੀ ਨੇ ਉਸ ਨੂੰ ਕੀ ਕਿਹਾ?

ਉਤਰ : ਗੁਰੂ ਜੀ ਨੇ ਉਸਨੂੰ ਕਿਹਾ, ‘ ਤੇਰਾ ਨਾਮ ਤਾ ਬੜਾ ਸੁਹਣਾ ਹੈ, ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ।

ਪ੍ਰਸ਼ਨ 107. ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ ਨੂੰ ਸਮਝਾਉਣ ਲਈ ਕਿਹੜੇ ਸ਼ਬਦ ਦਾ ਉਚਾਰਣ ਕੀਤਾ?

ਉਤਰ : ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ...........॥

ਪ੍ਰਸ਼ਨ 108 . ਉਪਰੋਕਤ ਸ਼ਬਦ ਕਿਸ ਗ੍ਰੰਥ ਵਿੱਚ ਅਤੇ ਕਿਹੜੇ ਰਾਗ ਵਿਚ ਦਰਜ ਹੈ ?

ਉਤਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੂਹੀ ਰਾਗ ਵਿਚ।

ਪ੍ਰਸ਼ਨ 109. ਉਪਰੋਕਤ ਸ਼ਬਦ ਸੁਣ ਕੇ ਸੱਜਣ ਨੂੰ ਕੀ ਅਨੁਭਵ ਹੋਇਆ?

ਉਤਰ : ਜਦੋਂ ਸੱਜਣ ਨੇ ਗੁਰੂ ਸਾਹਿਬ ਜੀ ਵਲੋਂ ਉਚਾਰਣ ਕੀਤਾ ਸ਼ਬਦ ‘ਉਜਲੁ ਕੈਹਾ ਚਿਲਕਣਾ....’ ਸੁਣਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਉਸ ਵਲੋਂ ਕੀਤੇ ਜਾਂਦੇ ਸਾਰੇ ਕੁਕਰਮਾਂ ਨੂੰ ਜਾਣਦੇ ਹਨ।

ਪ੍ਰਸ਼ਨ 110. ਉਪਰੋਕਤ ਸ਼ਬਦ ਸੁਨਣ ਤੋਂ ਬਾਅਦ ਸੱਜਣ ਨੇ ਕੀ ਕੀਤਾ?

ਉਤਰ : ਸੱਜਣ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਣੀ ਢਹਿ ਪਿਆ ਅਤੇ ਆਪਣੇ ਪਿਛਲੇ ਕੀਤੇ ਕੁਕਰਮਾਂ ਨੂੰ ਬਖਸ਼ਾਉਣ ਲਈ ਅਰਜ਼ੋਈ ਕਰਣ ਲੱਗਾ।

ਪ੍ਰਸ਼ਨ 111. ਗੁਰੂ ਜੀ ਨੇ ਸੱਜਣ ਨੂੰ ਕੀ ਸਮਝਾਇਆ?

ਉਤਰ: ਗੁਰੂ ਜੀ ਨੇ ਸੱਜਣ ਨੂੰ ਸਮਝਾਇਆ ਕਿ ਬਾਹਰੀ ਦਿਖਾਵੇ ਕਰਕੇ ਧਰਮੀ ਨਹੀਂ ਬਣਿਆ ਜਾ ਸਕਦਾ ਅਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਗਲਿਆਂ ਵਾਂਗ ਬਾਹਰੀ ਅਡੰਬਰ ਕਰਕੇ ਇਸ ਮਨੁੱਖਾ ਜੀਵਨ ਨੂੰ ਸਫਲਾ ਨਹੀਂ ਬਣਾਇਆ ਜਾ ਸਕਦਾ। ਜੇਕਰ ਤੂੰ ਰੱਬ ਦੀ ਦਰਗਾਹ ਵਿੱਚ ਸੁਰਖਰੂ ਹੋਣਾ ਚਾਹੁੰਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸ਼ਾਲਾਹ ਕਰਿਆ ਕਰ।

ਪ੍ਰਸ਼ਨ 112. ਗੁਰੂ ਜੀ ਦਾ ਉਪਦੇਸ਼ ਸੁਣ ਕੇ ਸੱਜਣ ਨੇ ਕੀ ਨਿਰਣਾ ਲਿਆ?

ਉਤਰ : ਸੱਜਣ ਨੇ ਆਪਣੀ ਸਾਰੀਆਂ ਬੁਰਿਆਈਆਂ ਛੱਡ ਗੁਰਮਤਿ ਅਨੁਸਾਰ ਜੀਵਨ ਜੀਉਣ ਦਾ ਪ੍ਰਣ ਲਿਆ।

ਪ੍ਰਸ਼ਨ 113. ਗੁਰੂ ਜੀ ਨੇ ਸੱਜਣ ਵਲੋਂ ਗੁਰਮਤਿ ਅਨੁਸਾਰ ਜੀਵਨ ਜੀਉਣ ਦੇ ਪ੍ਰਣ ਤੇ ਕੀ ਬਖਸ਼ਿਸ਼ ਕੀਤਾ?

ਉਤਰ : ਗੁਰੂ ਜੀ ਨੇ ਸੱਜਣ ਨੂੰ ਗੁਰਮਤਿ ਅਸੂਲ ਦ੍ਰਿੜ ਕਰਵਾ ਕੇ ਉਸੇ ਹੀ ਇਲਾਕੇ ਦਾ ਮੁਖੀ ਪ੍ਰਚਾਰਕ ਨੀਯਤ ਕੀਤਾ।

4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...