Saturday, 13 November 2021

ਲੜੀਵਾਰ ਪ੍ਰਸ਼ਨ-ਉਤਰ ਭਾਗ-11 (ਗੁਰੂ ਨਾਨਕ ਸਾਹਿਬ ਜੀ)

ਪ੍ਰਸ਼ਨ 143. ਹਰਿਦੁਆਰ ਵਿੱਖੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੇ ਸਾਧ ਦਾ ਪਾਜ ਉਘੇੜਿਆ ਸੀ ?

ਉਤਰ : ਵੈਸ਼ਨਵ ਸਾਧ ਦਾ।

ਪ੍ਰਸ਼ਨ 144. ਵੈਸ਼ਨਵ ਸਾਧ ਭੋਜਨ ਪਕਾਉਣ ਤੋਂ ਪਹਿਲਾਂ ਕੀ ਕਰਦਾ ਹੁੰਦਾ ਸੀ?

ਉਤਰ : ਵੈਸ਼ਨਵ ਸਾਧ ਭੋਜਨ ਤਿਆਰ ਕਰਨ ਤੋਂ ਪਹਿਲਾਂ ਗਾਂ ਦੇ ਗੋਹੇ ਦਾ ਪੋਚਾ ਲਗਾਉਂਦਾ ਸੀ, ਉਹ ਲੱਕੜਾਂ ਨੂੰ ਧੋਂਦਾ ਅਤੇ ਚੌਂਕੇ ਦੇ ਆਲੇ-ਦੁਆਲੇ ਲਕੀਰ ਖਿੱਚ ਦਿੰਦਾ ਸੀ ਤੇ ਫਿਰ ਭੋਜਨ ਤਿਆਰ ਕਰਨ ਲਈ ਲੱਕੜਾਂ ਨੂੰ ਅੱਗ ਲਗਾਉਂਦਾ ।

ਪ੍ਰਸ਼ਨ 145. ਗੁਰੂ ਜੀ ਨੇ ਵੈਸ਼ਨਵ ਸਾਧ ਪਾਸੋਂ ਅੱਗ ਲੈਣ ਲਈ ਕਿਸ ਨੂੰ ਭੇਜਿਆ?

ਉਤਰ : ਭਾਈ ਮਰਦਾਨਾ ਜੀ ਨੂੰ ।

ਪ੍ਰਸ਼ਨ 146. ਜਦੋਂ ਭਾਈ ਮਰਦਾਨਾ ਜੀ ਵੈਸ਼ਨਵ ਸਾਧ ਕੋਲ ਅੱਗ ਲੈਣ ਪਹੁੰਚਿਆ ਤਾਂ ਵੈਸ਼ਨਵ ਸਾਧ ਨੇ ਕੀ ਕੀਤਾ ?

ਉਤਰ : ਵੈਸ਼ਨਵ ਸਾਧ ਭਾਈ ਮਰਦਾਨੇ ਨੂੰ ਅਪਣੇ ਚੌਂਕੇ ਦੇ ਨੇੜੇ ਵੇਖ ਕੇ ਲੋਹਾ ਲਾਖਾ ਹੋ ਗਿਆ ਕਿਉਂਕਿ ਉਹ ਸਮਝਦਾ ਸੀ ਕਿ ਭਾਈ ਮਰਦਾਨੇ ਦਾ ਪਰਛਾਵਾਂ ਚੋਂਕੇ ਤੇ ਪੈਣ ਨਾਲ ਚੌਂਕਾ ਭਿੱਟ ਗਿਆ ਹੈ ।

ਪ੍ਰਸ਼ਨ 147. ਆਪਣਾ ਚੋਂਕਾ ਭਿੱਟ ਹੁੰਦਾ ਵੇਖ ਵੈਸ਼ਨਵ ਸਾਧ ਨੇ ਗੁੱਸੇ ਵਿੱਚ ਆ ਕੇ ਕੀ ਕੀਤਾ?

ਉਤਰ : ਵੈਸ਼ਨਵ ਸਾਧ ਗੁੱਸੇ ਨਾਲ ਭਰਿਆ, ਭਾਈ ਮਰਦਾਨਾ ਜੀ ਨੂੰ ਮਾਰਨ ਲਈ ਅੱਗ ਦੀ ਚੁਆਤੀ ਲੈ ਕੇ ਦੌੜਿਆ।  

ਪ੍ਰਸ਼ਨ 148 . ਭਾਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਵੈਸ਼ਨਵ ਸਾਧ ਕਿੱਥੇ ਪਹੁੰਚਿਆ?

ਉਤਰ : ਗੁਰੂ ਨਾਨਕ ਸਾਹਿਬ ਜੀ ਪਾਸ।  

ਪ੍ਰਸ਼ਨ 149. ਗੁਰੂ ਜੀ ਨੇ ਵੈਸ਼ਨਵ ਸਾਧ ਨੂੰ ਨਾਰਾਜ਼ਗੀ ਦਾ ਕਾਰਨ ਪੁਛਿਆ ਤਾਂ ਉਸ ਨੇ ਗੁਰੂ ਜੀ ਨੂੰ ਕੀ ਕਿਹਾ?

ਉਤਰ : ਉਸਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਬੜੀ ਮਿਹਨਤ ਨਾਲ ਆਪਣਾ ਚੋਂਕਾ ਪਵਿਤ੍ਰ ਕੀਤਾ ਸੀ ਤੇ ਇਸ ਮਰਾਸੀ ਮਰਦਾਨੇ ਦੇ ਪਰਛਾਂਵੇਂ ਨਾਲ ਮੇਰਾ ਚੌਂਕਾ ਭਿੱਟ ਗਿਆ ਹੈ।

ਪ੍ਰਸ਼ਨ 150. ਗੁਰੂ ਜੀ ਨੇ ਵੈਸ਼ਨਵ ਸਾਧ ਨੂੰ ਸਮਝਾਉਣ ਲਈ ਕਿਹੜੇ ਸ਼ਬਦ ਦਾ ਉਚਾਰਣ ਕੀਤਾ?

ਉਤਰ :

ਸਲੋਕ ਮ: 1 ॥

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ

ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥

ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥                   {ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 91}

ਪ੍ਰਸ਼ਨ 151. ਉਪਰੋਕਤ ਸ਼ਬਦ ਰਾਹੀਂ ਗੁਰੂ ਸਾਹਿਬ ਜੀ ਨੇ ਵੈਸ਼ਨਵ ਸਾਧ ਨੂੰ ਕੀ ਸਮਝਾਇਆ ?

ਉਤਰ : ਗੁਰੂ ਜੀ ਉਪਰੋਕਤ ਸ਼ਬਦ ਰਾਹੀਂ ਵੈਸ਼ਨਵ ਸਾਧ ਨੂੰ ਸਮਝਾਇਆ ਕਿ ਬਾਹਰੀ ਤੋਰ ਤੇ ਸੁਚਤਮ ਰੱਖਣ ਨਾਲ ਪ੍ਰਭੁ ਨਹੀਂ ਪਤੀਜਦਾ, ਪਰਮਾਤਮਾ ਦੇ ਦਰ ਤੇ ਸੁਰਖਰੂ ਹੋਣ ਲਈ ਮਨੁੱਖ ਨੂੰ ਆਪਣੇ ਸ਼ਰੀਰ ਰੂਪੀ ਭਾਂਡੇ ਨੂੰ ਸਾਫ ਕਰਨਾ ਪੈਂਦਾ  ਹੈ, ਭਾਵ ਵਿਕਾਰਾਂ ਦਾ ਤਿਆਗ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਹੇ ਪੰਡਿਤ ਜੀ, ਤੇਰੇ ਸ਼ਰੀਰ ਰੂਪੀ ਘਰ ਵਿੱਚ ਭੈੜੀ ਮਤ ਰੂਪੀ ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ ਅਤੇ ਕ੍ਰੋਧ ਤੇਰੇ ਸ਼ਰੀਰ ਅੰਦਰ ਚੰਡਾਲਣੀ ਹੈ, ਜਿਸ ਨੇ ਜੀਵ ਦੇ ਸ਼ਾਂਤ ਸੁਭਾਉ ਭਾਵ ਸ਼ੁਭ ਗੁਣਾਂ ਨੂੰ ਠੱਗਿਆ ਹੋਇਆ ਹੈ। ਜੇ ਕਰ ਇਹ ਚਾਰੇ ਹੀ ਤੇਰੇ ਹਿਰਦੇ ਵਿੱਚ ਬੈਠੀਆਂ ਹੋਣ ਤਾਂ ਬਾਹਰੀ ਤੌਰ ਤੇ ਚੌਂਕਾ ਸੁੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੋਈ ਲਾਭ ਨਹੀਂ । ਗੁਰੂ ਨਾਨਕ ਸਾਹਿਬ ਜੀ ਵੈਸ਼ਨਵ ਸਾਧ ਨੂੰ ਸਮਝਾਂਉਂਦੇ ਹਨ ਕਿ ਹੇ ਪੰਡਿਤ ਜੀ! ਆਪਣੇ ਸ਼ਰੀਰ ਰੁਪੀ ਚੋਂਕੇ ਨੂੰ ਸੁੱਚਾ ਰੱਖਣ ਲਈ ਸੱਚ ਤੇ ਸੰਜਮ ਨੂੰ ਜੀਵਨ ਜੁਗਤ ਬਣਾਓ। ਉੱਚੇ ਆਚਰਨ ਨੂੰ ਮਨ ਰੂਪੀ ਚੌਂਕੇ ਦੀਆਂ ਲਕੀਰਾਂ ਬਣਾਉ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਤੀਰਥ ਇਸ਼ਨਾਨ ਸਮਝਦੇ ਹਨ, ਉਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ ।1।

ਪ੍ਰਸ਼ਨ 152. ਗੁਰੂ ਨਾਨਕ ਸਾਹਿਬ ਜੀ ਨੇ ਕਿਸ ਤੋਂ ਨਫ਼ਰਤ ਕਰਨ ਲਈ ਕਿਹਾ, ਕਿਸ ਤੋਂ ਨਹੀਂ ?

ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਭੈੜੇ ਕੰਮਾਂ ਤੋਂ ਨਫ਼ਰਤ ਕਰਨ ਲਈ ਕਿਹਾ, ਕਿਸੇ ਬੰਦੇ ਤੋਂ ਨਹੀਂ।

ਪ੍ਰਸ਼ਨ 153. ਵੈਸ਼ਨਵ ਸਾਧ ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?

ਉਤਰ: ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬਾਹਰਲੀ ਸੁੱਚ ਰੱਖਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮਾਤਮਾ ਤਾਂ ਹੀ ਮਿਲਦਾ ਹੈ ਜੇ ਕਰ ਮਨ ਪਵਿੱਤਰ ਹੋਵੇ।

ਪ੍ਰਸ਼ਨ 154. ਸਾਨੂੰ ਅੱਜ ਵੀ ਕਿਹੜੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ?

ਉਤਰ : ਅੱਜ ਵੀ ਬਹੁਤ ਸਾਰੇ ਵੈਸ਼ਨਵ ਸਾਧ ਜਿਹੇ ਭੇਖਧਾਰੀ ਸਾਧੂ ਹਨ ਜੋਕਿ ਧਾਰਮਿਕ ਲਿਬਾਸ ਪਾ ਕੇ ਲੋਕਾਂ ਨੂੰ ਠੱਗਦੇ ਫਿਰਦੇ ਹਨ। ਸਾਨੂੰ ਅੱਜ ਵੀ ਅਜਿਹੇ ਭੇਖਧਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।


No comments:

4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...