ਪ੍ਰਸ਼ਨ 21. ਗੁਰੂ ਨਾਨਕ ਸਾਹਿਬ ਜੀ ਨੇ ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾਂ ਦਾ ਗਿਆਨ ਕਿਨ੍ਹਾਂ ਪਾਸੋਂ ਲਿਆ ਸੀ ?
ਉਤਰ : ਗੁਰੂ ਜੀ ਨੇ ਪੰਡਿਤ ਬ੍ਰਿਜ ਲਾਲ ਜੀ ਪਾਸੋਂ ਸੰਸਕ੍ਰਿਤ ਭਾਸ਼ਾ ਦਾ ਅਤੇ ਮੌਲਵੀ ਕੁਤੱਬਦੀਨ ਪਾਸੋਂ ਫ਼ਾਰਸੀ ਜ਼ੁਬਾਨ ਦਾ ਗਿਆਨ ਹਾਸਿਲ ਕੀਤਾ।
ਪ੍ਰਸ਼ਨ 22. ਦੁਨਿਆਵੀਂ ਪੜਾਈ ਤੋ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ ਹੋਰ ਕਿਹੜੀ ਤਾਲੀਮ ਲਈ ?
ਉਤਰ : ਉਨ੍ਹਾਂ ਨੇ ਦੁਨਿਆਵੀਂ ਪੜਾਈ ਤੋਂ ਇਲਾਵਾ ਧਰਮ, ਫ਼ਿਲਾਸਫ਼ੀ, ਵਿਿਗਆਨ ਆਦਿ ਦਾ ਗਿਆਨ ਹਾਸਿਲ ਕੀਤਾ ਅਤੇ ਰਾਇ ਬੁਲਾਰ ਜੀ ਦੀ ਨਿੱਜੀ ਲਾਇਬਰੇਰੀ ਵਿੱਚ ਘੰਟਿਆਂ ਬੱਧੀ ਪੜਾਈ ਕਰਦੇ ਰਹਿੰਦੇ ਸੀ।
ਪ੍ਰਸ਼ਨ 23. ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਉਮਰ ਵਿੱਚ ਜਨੇਊ ਪਾਉਣ ਤੋਂ ਮਨਾ ਕੀਤਾ ਸੀ ?
ਉਤਰ : 11 ਸਾਲ ਦੀ ਉਮਰ ਵਿੱਚ।
ਪ੍ਰਸ਼ਨ 24. ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਲਈ ਕਿਸ ਨੂੰ ਬੁਲਾਇਆ ਸੀ ?
ਉਤਰ : ਪੰਡਤ ਹਰਦਿਆਲ ਜੀ ਨੂੰ।
ਪ੍ਰਸ਼ਨ 25. ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਸਮੇਂ ਪੰਡਿਤ ਹਰਦਿਆਲ ਨੂੰ ਕੀ ਪੁੱਛਿਆ ?
ਉਤਰ : ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਹਰਦਿਆਲ ਨੂੰ ਪੁਛਿਆ ਕਿ, ਇਹ ਧਾਗਾ ਜਿਹਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ?
ਪ੍ਰਸ਼ਨ 26. ਪੰਡਤ ਹਰਦਿਆਲ ਨੇ ਜਨੇਊ ਬਾਰੇ ਗੁਰੂ ਜੀ ਨੂੰ ਕੀ ਸਮਝਾਇਆ?
ਉਤਰ : ਪੰਡਿਤ ਨੇ ਕਿਹਾ ਕਿ ‘ਇਹ ਧਾਗਾ ਨਹੀ, ਪਵਿੱਤਰ ਜਨੇਉ ਹੈ। ਇਹ ਉੱਚੀ ਜਾਤ ਦੇ ਹਿੰਦੁਆਂ ਦੀ ਨਿਸ਼ਾਨੀ ਹੈ, ਹਿੰਦੂ ਰਸਮੋਂ ਰਿਵਾਜ਼ ਮੁਤਾਬਿਕ ਇਸ ਨੰੁ ਪਾਉਣਾ ਜ਼ਰੂਰੀ ਹੈ।
ਪ੍ਰਸ਼ਨ 27. ਪੰਡਿਤ ਜੀ ਨੂੰ ਗੁਰੂ ਜੀ ਨੇ ਜਨੇਊ ਪਾਉਣ ਤੋਂ ਪਹਿਲਾ ਕੀ ਕਿਹਾ?
ਉਤਰ: ਗੁਰੂ ਜੀ ਨੇ ਕਿਹਾ ਕਿ ਜੇਕਰ ਅਜੇਹੀ ਗਲ ਹੈ ਤਾਂ ਪਹਿਲਾਂ ਮੇਰੀ ਵੱਡੀ ਭੈਣ ਨੂੰ ਇਹ ਜਨੇਊ ਪਾਉਣਾ ਚਾਹੀਦਾ ਹੈ?
ਪ੍ਰਸ਼ਨ 28. ਬੇਬੇ ਨਾਨਕੀ ਜੀ ਨੂੰ ਜਨੇਊ ਪਾਉਣ ਦੀ ਗਲ ਤੇ ਪੰਡਿਤ ਹਰਦਿਆਲ ਜੀ ਨੇ ਗੁਰੂ ਜੀ ਨੂੰ ਕੀ ਕਿਹਾ/
ਉਤਰ : ਪੰਡਿਤ ਜੀ ਨੇ ਕਿਹਾ ਕਿ ਹਿੰਦੂ ਮਤ ਅਨੁਸਾਰ ਔਰਤਾਂ ਅਤੇ ਸ਼ੂਦਰ ਨੂੰ ਜਨੇਉ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਪ੍ਰਸ਼ਨ 29: ਗੁਰੂ ਜੀ ਦੇ ਪੁਛਣ ਤੇ ਪੰਡਿਤ ਹਰਦਿਆਲ ਨੇ ਜਨੇਊ ਨਾਲ ਸਬੰਧਿਤ ਹੋਰ ਕੀ-ਕੀ ਜਾਣਕਾਰੀ ਦਿੱਤੀ । ਸਵਿਸਥਾਰ ਦਸੋ?
ਉਤਰ : ਜਨੇਊ ਬਾਰੇ ਪੰਡਿਤ ਹਰਦਿਆਲ ਨੇ ਦੱਸਿਆ ਕਿ ਜਨੇਊ ਵਰਣ ਵੰਡ ਦੇ ਹਿਸਾਬ ਨਾਲ ਵੱਖੋ-ਵੱਖ ਤਰ੍ਹਾਂ ਨਾਲ ਪਾਇਆ ਜਾਂਦਾ ਹੈ। 1) ਬ੍ਰਾਹਮਣ, (2) ਕਸ਼ਤਰੀ ਤੇ (3) ਵੈਸ਼ ਵਰਣ ਲਈ ਵੱਖੋ ਵੱਖ ਜਨੇਊ ਹੁੰਦਾ ਹੈ ਅਤੇ ਇਸ ਨੂੰ ਪਹਿਨਣ ਦਾ ਢੰਗ ਤੇ ਰੁੱਤ ਵੱਖੋ- ਵੱਖ ਹੁੰਦੀ ਹੈ।ਬ੍ਰਾਹਮਣ ਸੂਤ ਦਾ, ਕਸ਼ਤਰੀ ਸੰਨ ਦਾ ਅਤੇ ਵੈਸ਼ ਉਣ ਦਾ ਜਨੇਊ ਪਾਉਂਦੇ ਹਨ।ਬ੍ਰਾਹਮਣ ਬਸੰਤ ਰੁੱਤ ਵਿੱਚ, ਕਸ਼ਤਰੀ ਗਰਮੀ ਅਤੇ ਵੈਸ਼ ਸਰਦ ਰੁੱਤ ਵਿੱਚ ਜਨੇਊ ਧਾਰਨ ਕਰ ਸਕਦਾ ਹੈ।
ਪ੍ਰਸ਼ਨ 30. ਜਨੇਉ ਬਾਰੇ ਵੀਚਾਰ ਚਰਚਾ ਕਰਦੇ ਗੁਰੂ ਜੀ ਨੂੰ ਪੰਡਿਤ ਹਰਦਿਆਲ ਨੇ ਹੋਰ ਕੀ ਦਸਿਆ?
ਉਤਰ : ਪੰਡਿਤ ਹਰਦਿਆਲ ਜੀ ਨੇ ਗੁਰੂ ਜੀ ਨੂੰ ਸਮਝਾਇਆ ਕਿ ਇਹ ਜਨੇਉ ਪਾਉਣਾ ਉੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ, ਇਸ ਤੋਂ ਬਗੈਰ ਬੰਦਾ ਸ਼ੁਦਰ ਦੇ ਬਰਾਬਰ ਮੰਨਿਆ ਜਾਂਦਾ ਹੈ। ਜੇਕਰ ਤੁਸੀ ਇਸ ਨੂੰ ਪਾ ਲਵੋਗੇ ਤਾਂ ਤੁਸੀ ਵੀ ਉੱਚੇ ਮੰਣੇ ਜਾਵੋਗੇ ਅਤੇ ਇਹ ਜਨੇਊ ਅਗਲੇ ਜਹਾਨ ਵਿੱਚ ਤੁਹਾਡੀ ਸਹਾਇਤਾ ਵੀ ਕਰੇਗਾ।
ਪ੍ਰਸ਼ਨ 31. ਪੰਡਿਤ ਹਰਦਿਆਲ ਜੀ ਦੀ ਗਲ ਸੁਣਕੇ ਗੁਰੂ ਜੀ ਨੇ ਉਹਨਾਂ ਨੂੰ ਕਿਹੜਾ ਜਨੇਊ ਪਾਉਣ ਲਈ ਕਿਹਾ ਸੀ ?
ਉਤਰ : ਗੁਰੂ ਜੀ ਨੇ ਪੰਡਿਤ ਨਾਲ ਵੀਚਾਰ ਚਰਚਾ ਕਰਦੇ ਕਿਹਾ ਕਿ, ਤੁਸੀ ਆਖਦੇ ਹੋ ਕਿ ਇਹ ਅਗਲੇ ਜਹਾਨ ਤੁਹਾਡੀ ਸਹਾਇਤਾ ਕਰੇਗਾ, ਇਸ ਧਾਗੇ ਨੇ ਤਾਂ ਸ਼ਰੀਰ ਦੇ ਨਾਲ ਹੀ ਇੱਥੇ ਸੜ ਜਾਣਾ ਹੈ ਅਤੇ ਇਸ ਨੇ ਆਤਮਾ ਨਾਲ ਤਾਂ ਜਾਣਾ ਨਹੀਂ, ਸੋ ਮੈਨੂੰ ਉਹ ਧਾਗਾ ਪਾਉ, ਜਿਹੜਾ ਨਾ ਮੈਲਾ ਹੋਵੇ, ਨਾ ਸੜੇ, ਨਾ ਟੁੱਟੇ ਅਤੇ ਨਾ ਹੀ ਅੰਤ ਸਮੇਂ ਸ਼ਰੀਰ ਨਾਲ ਇੱਥੇ ਰਹੇ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਜਨੇਉ ਹੈ ਤਾਂ ਮੈ ਪਾਉਣ ਲਈ ਤਿਆਰ ਹਾਂ।
ਪ੍ਰਸ਼ਨ 32 : ਗੁਰੂ ਜੀ ਦੀ ਇਹ ਗਲ ਸੁਣ ਕੇ ਪੰਡਿਤ ਨੇ ਕੀ ਕਿਹਾ?
ਉਤਰ : ਗੁਰੂ ਜੀ ਦੀ ਇਹ ਗੱਲ ਸੁਣ ਪੰਡਤ ਜੀ ਕੋਈ ਜੁਆਬ ਨਾ ਦੇ ਸਕੇ।
ਪ੍ਰਸ਼ਨ 33. ਗੁਰੂ ਜੀ ਨੇ ਆਤਮਿਕ ਜੀਵਨ ਲਈ ਕਿਹੜੇ ਆਤਮਿਕ ਜਨੇਉ ਦੀ ਮੰਗ ਕੀਤੀ ਸੀ, ਉਸ ਪ੍ਰਥਾਏ ਗੁਰਬਾਣੀ ਦੀ ਪੰਕਤੀ ਲਿਖੋ ?
ਉਤਰ : ਗੁਰੂ ਸਾਹਿਬ ਜੀ ਨੇ ਕਿਹਾ ਕਿ ਆਤਮਕ ਜੀਵਨ ਲਈ ਆਤਮਿਕ ਜਨੇਊ ਭਾਵ ਚੰਗੇ ਵੀਚਾਰਾਂ ਤੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ। ਗੁਰਬਾਣੀ ਫੁਰਮਾਨ ਹੈ :
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ {ਪੰਨਾ 471}
ਭਾਵ : ਹੇ ਪੰਡਤ ਜੀ ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ।ਜੇਕਰ ਤੁਹਾਡੇ ਕੋਲ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੈਨੂੰ ਪ੍ਰਵਾਣ ਹੈ।ਅਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।
ਪ੍ਰਸ਼ਨ 34. ਗੁਰੂ ਜੀ ਅਨੁਸਾਰ ਉੱਚੀ ਜਾਤ ਵਾਲਾ ਕੋਣ ਹੈ?
ਉਤਰ : ਜੋ ਨੇਕ ਤੇ ਚੰਗੇ ਕੰਮ ਕਰੇ।
ਪ੍ਰਸ਼ਨ 35. ਗੁਰੂ ਜੀ ਅਨੁਸਾਰ ਨੀਵੀਂ ਜਾਤ ਵਾਲਾ ਤੇ ਨੀਚ ਕੋਣ ਹੈ?
ਉਤਰ : ਨੀਵਾਂ ਉਹ ਹੈ, ਜੋੇ ਭੈੜੇ ਤੇ ਮੰਦੇ ਕੰਮ ਕਰਦਾ ਹੈ।
2 comments:
ਬਹੁਤ ਵਧੀਆ ਉਪਰਾਲਾ ਏ
Bahut sohni jankari saanjh kiti hai
Aap g varge heereya di bahut lor hai panth nu jo aan wali pidhi nu gur itihas naal Jod sakan .Guru Sahib Chardikala bakhshan. Bahut Bahut wadhayiya ji
Post a Comment