Saturday, 24 September 2022

ਅਣਜੰਮੀਆਂ ਧੀਆਂ ਦਾ ਸਰਾਧ

ਅਣਜੰਮੀਆਂ ਧੀਆਂ ਦਾ ਸਰਾਧ

ਹਰਪ੍ਰੀਤ ਸਿੰਘ 9992414888

                  ਨੀ ਕੁੜੇ, ਅਜੇ ਤਿਆਰ ਨਹੀ ਹੋਈ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਅੱਜ ਅਖੀਰਲਾ ਸਰਾਧ ਵੇ ਅਤੇ ਸੁਵਖਤੇ ਉਠਕੇ ਵਡੇ-ਵਡੇਰਿਆਂ ਨਮਿੱਤ ਕੁਝ ਰਸਦ-ਪਾਣੀ ਗੁਰਦੁਆਰੇ ਦੇਣਾ ਵੇ, ਅਜਕਲ ਤਾਂ 5 ਸਿੰਘ ਭਾਲਣੇ ਬੜੇ ਔਖੇ ਹੋਇ ਪਏ ਨੇ। 

ਤੁਸੀ ਹੋ ਆਉ ਬੇਬੇ ਜੀ, ਮੈਂ ਨਹੀ ਜਾਨਾ ਗੁਰਦੁਆਰੇ...............।

        ਜਮਾਨੇ ਨੂੰ ਪਤਾ ਨੀ ਕੇਹੜੀ ਹਵਾ ਲੱਗ ਗਈ, ਅਜਕਲ ਦੀ ਮੰਡੀਰ ਤਾਂ ਕੋਈ ਪੁਰਾਣੇ ਰੀਤੀ-ਰਿਵਾਜਾਂ ਨੂੰ ਮਨੰਦੀ ਹੀ ਨਹੀਂ, ਜਦੋਂ ਦੀ ਲੋਕਾਂ ਨੇ ਆਹ ਕਿਸੇ ਸਿਰਫਿਰੇ ਲੇਖਕ ਦੀ 'ਦੰਦ ਘਸਾਈ' ਕਹਾਣੀ ਪੜੀ ਹੈ , ਕੋਈ ਸਰਾਧ ਦੀ ਰੋਟੀ ਖਾਣ ਨੂੰ ਤਿਆਰ ਨਹੀਂ। 

        ਕਿਓਂ ਨਹੀ ਜਾਣਾ ਗੁਰਦੁਆਰੇ.................., ਚੱਲ ਛੇਤੀ ਤਿਆਰ ਹੋ, ਅਜਿਹੇ ਬੋਲ ਨਹੀਂ ਬੋਲੀਦੇ ਨੂੰਹੇ। ਜੇਕਰ ਅਰਦਾਸ ਹੋ ਗਈ ਤਾਂ ਬਿਨਾਂ ਨਾਂ ਬੁਲਾਏ ਰਸਦ ਦੇਣੀ ਪਉ, ਫਿਰ ਪਿੰਡ ਵਾਲਿਆਂ ਨੂੰ ਪਤਾ ਕਿਵੇਂ ਲਗੂ ਕੀ ਬਚਿੰਤੀ ਨੇ ਵੀ ਅਪਣੇ ਵਡੇਰਿਆਂ ਨਮਿੱਤ ਅਰਦਾਸ ਕਰਵਾਈ ਏ। ਇਹ ਕਹਿੰਦੀ ਬਚਿੰਤੀ ਛੇਤੀ-ਛੇਤੀ ਰਸੋਈ ਦਾ ਕੰਮ ਨਿਬੇੜ ਰਹੀ ਸੀ।

        ਬੇਬੇ ਆਹ ਕੀ ਪਿਆ ਏ ਸਰਾਧਾਂ-ਸੁਰਾਧਾਂ ਵਿਚ, ਤੇ ਕਿਹੜੇ ਵਡੇ-ਵਡੇਰਿਆਂ ਦੀ ਗੱਲ ਕਰਦੇ ਓ, ਅਸੀ ਵੇਖਿਆ ਨਹੀਂ ਗਿੰਦਰ ਦੇ ਦਾਦਾ ਜੀ ਨੂੰ, ਵਿਚਾਰੇ 2 ਮਹੀਨੇ ਮੰਜੇ ਤੇ ਪਏ ਰਹੇ ਸੀ ਅਤੇ ਤੁਸੀਂ ਉਹਨਾਂ ਨੂੰ ਤੁੜੀ ਵਾਲੇ ਕਮਰੇ ਵਿਚ ਡੱਕ ਦਿਤਾ ਸੀ, ਨਾ ਤਾਂ ਆਪ ਚੱਜ ਨਾਲ ਸੇਵਾ ਕੀਤੀ ਤੇ ਨਾਹੀ ਮੈਨੂੰ ਕਰਨ ਦਿੱਤੀ ਅਤੇ ਉਹ ਵਿਚਾਰੇ ਦੁੱਖ ਨਾ ਸਹਾਰਦੇ ਹੋਇ ਸਮੇਂ ਤੋਂ ਪਹਿਲਾਂ ਹੀ ਅਕਾਲ ਚਲਾਨਾ ਕਰ ਗਏ ਸੀ ਅਤੇ ਹੁਣ ਉਹਨਾਂ ਨਮਿੱਤ ਸਰਾਧ ਕਰਨ ਦਾ ਕੀ ਫ਼ਾਇਦਾ।

        ਨੀਂ ਮਰ ਜਾਵੇਂ ਤੂੰ, ਵੇਖ ਕਿਵੇਂ ਜ਼ਬਾਨ ਲੱਪ-ਲੱਪ ਕਰਦੀ ਵੇ......., ਤੈਨੂੰ ਕਿਹਾ ਹੈ ਨਾ ਚਲਣਾਂ ਵੇ ਗੁਰਦੁਆਰੇ, ਨਾਲੇ ਸਾਡੇ ਵੱਡੇ-ਵੱਡੇਰੇ ਕਰਦੇ ਆਏ ਨੇ ਅਸੀਂ ਤਾਂ ਸਿਰੋਂ ਭਾਰਾ ਹੀ ਲਾਹੁਣਾ ਵੇ, ਨਾਲੇ ਲੋਕੀਂ ਕੀ ਕਹਿਣਗੇ ਕੀ ਬਚਿੰਤੀ ਨੇ ਅਪਣੇ ਵੱਡੇਰਿਆਂ ਦੀ ਰੋਟੀ ਨਹੀਂ ਕੱਢੀ।

        ਚੰਗਾ ਬੇਬੇ ਫਿਰ ਇਕ ਕੰਮ ਕਰੀ, ਆਹ ਫੜ 100 ਰੁਪਏ ਅਤੇ ਭਾਈ ਨੂੰ ਕਹੀਂ ਕਿ ਤੇਰੀ ਪੋਤਰੀਆਂ ਦੀ ਵੀ ਅਰਦਾਸ ਕਰ ਦੇਵੇ।

        ਨੀ ਕੁਲਹਿਣੀਏ.........., ਨੀ ਤੇਰਾ ਕੱਖ ਨਾ ਰਵੇਂ, ਨੀ ਭਰਾਵਾ ਪਟੀਏ , ਅਪਣੀ ਮਾਂ ਨੂੰ ਆਖ.., ਓਹ ਕਰੇ ਅਜਿਹੇ ਕੁਚੱਜੇ ਕੰਮ ਤੇਰੀ ਭਤੀਜੀਆਂ ਦੇ ਨਾਂ ਤੇ, ਤੁਹਾਡੇ ਖਾਨਦਾਨ ਵਿੱਚ ਹੁੰਦਾ ਹੋਉ ਅਜਿਹਾ ਕੰਮ। ਆ ਲੈਣ ਦੇ ਮੇਰੇ ਫੋਜੀ ਪੁੱਤ ਹਰਜੀਤ ਨੂੰ ਮੱਝਾਂ ਦੀ ਧਾਰ ਕੱਢ ਕੇ ਆਉਂਦਾ ਹੋਣੇ, ਤੇਰੀ ਉਹ ਕਾਰ ਕਰੂੰ ਕਿ ਯਾਦ ਰਖੇਂਗੀ.., ਤੇਰੀ ਗੁੱਤ ਨਾ ਪੱਟਕੇ ਹੱਥ ਫੜਾਊ ਤਾਂ ਮੈਨੂੰ ਬਚਿੰਤੀ ਕਿਸ ਕਹਿਣਾਂ।

        ਲੈ ਬੇਬੇ ਫੜ ਦੁੱਧ ਦੀ ਬਾਲਟੀ, ਕੀ ਹੋ ਗਿਆ ਬੜਾ ਅਵਾ-ਤਵਾ ਬੋਲੀ ਜਾਂਦੀ ਏ ਸਵੇਰੇ-ਸਵੇਰੇ..।

        ਵੇ ਆਹ ਵੇਖ ਲੈ ਅਪਣੀ ਰੰਨ ਨੂੰ, ਕਿੱਦਾ ਦੀਆਂ ਗੱਲਾਂ ਕਰਦੀ ਪਈ ਏ, ਏਨੂੰ ਕੋਈ ਸ਼ਰਮ-ਹਯਾ ਹੀ ਨਹੀ, ਆਪ ਪੁੱਛ ਲੈ ਕਿਸਦੇ ਸਰਾਧ ਦੀ ਅਰਦਾਸ ਕਰਵਾਉਣੀ ਸੀ ਇਸ ਨੇ ਮੈਥੋਂ।

        ਫੋਜੀ ਦੇ ਪੁਛਣ ਤੇ ਉਸਦੀ ਵਹੁਟੀ ਨੇ ਸਾਰੀ ਵਾਰਤਾ ਸੁਣਾ ਦਿਤੀ।

        ਓਹ ਠੀਕ ਹੀ ਤਾਂ ਕਹਿੰਦੀ ਆਂ, ਤੈਨੂੰ ਮੈਂ ਵੀ ਬਥੇਰਾ ਸਮਝਾਇਆ ਸੀ ਕਿ ਭਾਂਵੇ ਕੁੜੀ ਹੋਵੇ ਜਾ ਮੁੰਡਾ, ਕੋਈ ਚੈਕ-ਚੁਕ ਨਹੀ ਕਰਵਾਉਣਾਂ, ਰੱਬ ਦੀ ਦਿੱਤੀ ਅਮਾਨਤ ਨੂੰ ਖਿੱੜੇ ਮੱਥੇ ਪ੍ਰਵਾਨ ਕਰ ਲੈਣੀ ਚਾਹੀਦੀ ਏ ਪਰ ਤੂੰ ਮੇਰੀ ਇੱਕ ਨਾ ਸੁਣੀ ਅਤੇ ਮੇਰੇ ਡਿਉਟੀ ਜਾਣ ਤੋਂ ਬਾਅਦ ਪਿਛੋਂ ਦਵਾਈ ਦੇ ਬਹਾਨੇ ਨਾਲ ਲੈ ਗਈ ਅਤੇ ਆਬਰਸ਼ਨ ਕਰਵਾ ਦਿੱਤਾ, ਇਹ ਉਹਨਾਂ ਅਣਜੰਮੀਆਂ ਧੀਆਂ ਦੀ ਗੱਲ ਕਰਦੀ ਏ ਜਿਹੜੀਆਂ ਤੇਰੇ ਵਰਗੀਆਂ ਸੱਸਾਂ ਨੇ ਪੋਤਰਿਆਂ ਦੇ ਲਾਲਚ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਮਰਵਾ ਦਿਤੀਆਂ। ਉਹਣਾਂ ਦਾ ਵੀ ਤਾਂ ਹੱਕ ਬਣਦਾ ਹੈ ਸਰਾਧਾਂ ਤੇ....,

ਇਹ ਸ਼ਬਦ ਸੁਣਕੇ ਬਚਿੰਤੀ ਸੁੰਨ ਹੋ ਗਈ, ਊਸਨੂੰ ਕੋਈ ਸਮਝ ਨਹੀਂ ਆ ਰਹੀ ਸੀ।

        ਬੇਬੇ, ਨਾਲੇ ਕੁੜੀਆਂ ਕਿਸੇ ਤੋਂ ਘੱਟ ਥੋੜੀ ਨੇ, ਅੱਜਕਲ ਤਾਂ ਹਰੇਕ ਕੰਮ ਵਿੱਚ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਦੀਆਂ ਹਨ,ਆਹ ਵੇਖ ਲੈ ਗੁਆਂਢੀ ਸੁਰਜੀਤ ਕੋਰ ਨੂੰ 3 ਮੁੰਡੇ ਨੇ, ਇੱਕ ਸ਼ਹਿਰ ਚਲਾ ਗਿਆ ,ਦੂਜੇ ਨੂੰ ਵਿਦੇਸ਼ ਭੇਜ ਦਿਤਾ ਅਤੇ ਤੀਜਾ ਮਾੜੀ ਸੰਗਤ ਦੇ ਹਰ ਸਮੇਂ ਨਸ਼ੇੜੀ ਹੋਇਆ ਫਿਰਦਾ ਵੇ, 3-3 ਪੁਤਰਾਂ ਦੇ ਹੋਣ ਤੇ ਵੀ ਉਹ ਆਪ ਲਾਵਾਰਸਾਂ ਵਾਂਗੂੰ ਪਈ ਰਹਿੰਦੀ ਏ, ਸ਼ੁਕਰ ਕਰ ਸੱਚੇ ਪਾਤਸ਼ਾਹ ਦਾ ਉਸਦੀ ਧੀ ਅਪਣੇ ਪਿੰਡ ਦੇ ਸਕੂਲ ਮਾਸਟਰਨੀ ਲਗੀ ਹੋਈ ਏ, ਵਿਚਾਰੀ ਆਂਦੇ-ਜਾਂਦੇ ਅਪਣੀ ਮਾਂ ਦੀ ਦੇਖਭਾਲ ਕਰ ਜਾਂਦੀ ਏ ਅਤੇ ਉਸਨੇ ਇੱਕ ਆਇਆ ਵੀ ਰੱਖੀ ਹੋਈ ਹੈ ਅਤੇ ਬੇਬੇ ਅਪਣੇ ਆਲੇ-ਦੁਆਲੇ ਝਾਤੀਂ ਮਾਰ ਕੇ ਵੇਖ, ਬੁਢਾਪੇ ਦੀ ਡੰਗੋਰੀ ਪੁਤਰਾਂ ਨਾਲੋਂ ਧੀਆਂ ਜਿਆਦਾ ਨੇ। ਅਸੀ ਫੋਜ ਵਿੱਚ ਸੈਂਕੜੇ ਬੰਦੇ ਦੁੱਖ-ਸੁੱਖ ਦੇ ਭਾਈਵਾਲ ਹਾਂ, ਤੈਥੋਂ ਅਪਣੀ ਨੂੰਹ ਫੋਜਣ ਨਾਲ ਵੀ ਪਿਆਰ ਨਾਲ ਨਹੀ ਰਿਹਾ ਜਾਂਦਾ, ਨਾਲੇ ਬੇਬੇ ਜੇ ਤੈਨੂੰ ਕੁੱਝ ਹੋ ਗਿਆ ਤਾਂ ਮੇਰੇ ਤੋਂ ਪਹਿਲਾਂ ਤੇਰੀ ਨੂੰਹ ਨੇ ਹੀ ਤੈਨੂੰ ਪਹਿਲਾ ਸੰਭਾਲਣਾ ਵੇ।

        ਸ਼ਬਦ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ:-

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ

        ਤੂੰ ਤਾਂ ਐਂਵੇ ਹੀ ਝੁਰੀ ਜਾਂਦੀ ਏ ਅਤੇ ਪਰਮਾਤਮਾ ਨੂੰ ਹਰ ਇੱਕ ਜੀਅ-ਜੰਤੂ ਦਾ ਫਿਕਰ ਹੈ।

ਹੁਣ ਫੋਜੀ ਹਰਜੀਤ ਅਪਣੀ ਮਾਂ ਵਲ ਸਵਾਲੀਆਂ ਨਜਰਾਂ ਨਾਲ ਵੇਖ ਰਿਹਾ ਸੀ। ਉਸ ਦੀਆਂ ਖਰੀਆਂ-ਖਰੀਆਂ ਗੱਲਾਂ ਸੁਣ ਬਚਿੰਤੀ ਅਪਣੇ ਆਪ ਨੂੰ ਲਾਹਣਤਾਂ ਪਾ ਰਹੀ ਸੀ ਅਤੇ ਰੱਬ ਤੋ ਅਪਣੇ ਕੀਤੇ ਪਾਪ ਦੀ ਮੁਆਫੀ ਮੰਗ ਰਹੀ ਸੀ ਕਿ ਅਣਜਾਣੇ ਮੇਰੇ ਤੋਂ ਕੀ ਕਹਿਰ ਹੋ ਗਿਆ ਸੀ......, ਪਰ ਹੁਣ ਮੈਂ ਅਜਿਹਾ ਨਹੀਂ ਕਰਾਂਗੀ ਅਤੇ ਹੋਰ ਕਿਸੇ ਨੂੰ ਵੀ ਭਰੁਣ ਹਤਿਆ ਨਹੀ ਕਰਣ ਦਿਆਂਗੀ।

        ਵੇ ਪੁੱਤ ਹਰਜੀਤ ਮੈਨੂੰ ਅਪਣੇ ਕੀਤੇ ਦਾ ਪਛਤਾਵਾ ਏ, ਤੂੰ ਮੇਰੇ ਨਾਲ ਚੱਲ ਆਹ ਰਸਦ ਵੀ ਬਸਤੀ ਵਿੱਚ ਰਹਿੰਦੇ ਲੋੜਵੰਦਾਂ ਨੂੰ ਦੇ ਆਈਏ।

ਹਰਪ੍ਰੀਤ ਸਿੰਘ

ਮੋ: 9992414888,

harpreetsingh.kkr@gmail.com

 


4 ਸਾਹਿਬਜਾਦੇ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆ...