ਹਰਪ੍ਰੀਤ ਸਿੰਘ 9992414888
ਟ੍ਰਿੰਗ...ਟ੍ਰਿੰਗ………ਟ੍ਰਿੰਗ…
ਹੈਲੋ……ਹੈਲੋ………,
ਹਾਂਜੀ… ਕੋਣ ਆ ਭਾਈ………
ਬੀਬੀ, ਮੈਂ ਸਿਮਰ ਬੋਲਦੀ ਆਂ ……,
ਮਾਂ ਸਦੱਕੇ……
ਹੋਰ ਪੁਤਰ, ਕਾਲਜੇ
ਠੰਡ ਪਾ ਦਿੱਤੀ ਊ, ਭਰਾ ਦੇ ਵਿਆਹ ਤੋਂ ਬਾਅਦ ਹੁਣ ਤੈਨੂੰ 4
ਮਹੀਨੇ ਬਾਅਦ ਮਾਂ ਦੀ ਯਾਦ ਆਈ ਧੀਏ… ਚੱਲ ਸੁੱਖੀ ਸਾਂਦੀ ਘਰ ਸਾਰੇ ਠੀਕ ਨੇ…,
ਹਾਂਜੀ …
ਬੀਬੀ,
ਅੱਛਾ ਹੋਰ ਸੁਣਾ ……ਹਰਜੀਤ ਦਾ ਕੀ ਹਾਲ ਏ,
ਹਰਜੀਤ ਦਫਤਰ ਗਿਆ ਹੋਇਆ ਏ, ਬਸ
ਆਉਣ ਹੀ ਵਾਲਾ ਏ,
ਧੀਏ ਤੈਨੂੰ ਕਿੰਨੀ ਵਾਰ ਕਿਹਾ ਏ ਕਿ ਖਾਂਵੰਦ ਨੂੰ ਨਾ
ਲੈ ਕੇ ਨਹੀ ਬੁਲਾਈਦਾ, ਸਤਿਕਾਰ ਨਾਲ ਬੁਲਾਈਦਾ ਏ,
ਬਸ ਰਹਿਣ ਦੇ ਬੇਬੇ… ਹੁਣ ਮੈਨੂੰ ਲੈਕਚਰ ਨਾ ਝਾੜ, ਉਹ
ਵੀ ਤਾਂ ਮੈਨੂੰ ਨਾਂ ਨਾਲ ਹੀ ਬੁਲਾਉਂਦਾ ਏ। ਨਾਲੇ.. ਸਾਡੇ ਇੱਥੇ ਇਦਾਂ ਹੀ ਚਲਦਾ ਏ, ਕੋਈ
ਪਰਵਾਹ ਨਹੀਂ ਕਰਦਾ ਇਹਨਾਂ ਗਲਾਂ ਦੀ।
ਨਹੀਂ ਧੀਏ ਆਹ ਵੇਖ ਲੇ ਸਾਡੇ ਨਾਲ ਦੀਆਂ ਸਾਰੀਆਂ ‘ਸਰਦਾਰ
ਜੀ’.. ਜਾਂ ਫਿਰ ‘ਬਚਿੱਆਂ ਦੇ ਬਾਪੂ’ ਕਰਕੇ ਬੁਲਾਂਦੀਆਂ ਹਨ।
ਬਸ ਬੀਬੀ ਰਹਿਣ ਦੇ ਹੁਣ, ਪਹਿਲਾਂ
ਮੇਰੀ ਗੱਲ ਸੁਣ, ਜਿਸ ਕਰਕੇ ਮੈ ਤੈਨੂੰ ਫੋਨ ਕੀਤਾ ਏ। ਹੁਣੇ ਮੇਰੀ ਭਾਬੀ
ਨਾਲ ਗੱਲ ਹੋਈ ਸੀ, ਉਸਨੂੰ ਮੈਂ ‘ਕਰਵਾ ਚੋਥ’
ਦਾ ਵਰਤ ਰੱਖਣ ਲਈ ਕਿਹਾ ਸੀ, ਪਰ
ਉਸਨੇ ਮੈਨੂੰ ਜਵਾਬ ਦੇ ਦਿਤਾ ਕਿ ਮੈ ਵਰਤ ਨਹੀਂ ਰੱਖਣਾ। ਮੈ ਵੀਰ ਨਾਲ ਵੀ ਗੱਲ ਕੀਤੀ ਸੀ ਪਰ ਹੁਣ
ਤਾਂ ਉਹ ਵੀ ਉਸੇ ਦੀ ਹੀ ਬੋਲੀ ਬੋਲਦੇ…, ਕਹਿੰਦੇ ਕਿ ਜੇਕਰ ਉਸਨੇ ਵਰਤ ਨਹੀਂ ਰੱਖਣਾ ਤਾਂ ਫਿਰ ਕੀ
ਹੋ ਗਿਆ, ਨਾਲੇ ਗੁਰਮਤਿ ਵਿੱਚ ਤਾਂ ਇਹ ਸੱਭ ਕੁੱਝ ਮਨਾ ਏ।
ਮੈ ਤਾਂ ਉਸਨੂੰ ਕਿਹਾ ਵੀ ਸੀ ਕਿ ਅਸੀਂ ਹੁਣ ਤੱਕ ਇਹ
ਵਰਤ ਰੱਖਦੀਆਂ ਆ ਰਹੀਆਂ ਹਾਂ ਤੇ ਸਾਰੇ ਰੱਖਦੇ ਹਨ ਪਰ ਉਸ ਨੇ ਮੇਰੀ ਗੱਲ ਨੂੰ ਕੋਈ ਤਵੱਜੋ ਨਹੀਂ
ਦਿੱਤੀ, ਹੁਣ ਤੁਹੀਂ ਗੱਲ ਕਰਨੀ ਹੈ।
ਉਹ ਤਾਂ ਠੀਕ ਏ ਧੀਏ, ਪਰ
ਗੱਲ ਸੁਣ… ਤੇਰੀ ਭਾਬੀ ਬੜਾ ਮੋਹ ਕਰਦੀ ਆ ਸਾਰਿਆ ਦਾ, ਮੈ
ਤਾ ਬਾਹਲਾ ਹੀ ਡਰਦੀ ਸੀ ਕਿ ਇਸ ਕੁੜੀ ਦੇ ਵੀਚਾਰ ਹੋਰ ਈ ਨੇ, ਇਹਨੂੰ ਸਾਡੇ ਰੀਤੀ ਰਿਵਾਜਾਂ ਦਾ ਪਤਾ ਨਹੀ, ਸਾਡੇ
ਵਿੱਚ ਕਿਦਾਂ ਐਡਜ਼ਸਟ ਕਰੇਗੀ, ਪਰ… ਧੀਏ.., ਇਹ ਤਾਂ ਪਰਿਵਾਰ ਵਿੱਚ ਵਾਹਵਾ ਹੀ ਘੁੱਲ-ਮਿਲ ਗਈ ਏ, ਹਰ
ਰੋਜ਼ ਫੋਨ ਕਰਕੇ ਸਾਡਾ ਸਾਰਿਆਂ ਦਾ ਹਾਲ-ਚਾਲ ਪੁੱਛਦੀ ਏ। ਸਾਰਿਆਂ ਦੀ ਪਸੰਦ-ਨਾ ਪਸੰਦ ਦਾ ਇਸਨੇ
ਛੇਤੀ ਹੀ ਭੇਦ ਪਾ ਲਿਆ ਏ। ਕੋਈ ਨਾ ਮੈਂ ਕਰਦੀ ਹਾਂ ਗੱਲ, ਸਮਝਾਉਂਦੀ ਆਂ ਉਸਨੂੰ , ਏਵੈਂ
ਕਿਦਾਂ ਵਰਤ ਨਹੀਂ ਰੱਖਣਾ ਉਸਨੇ।
ਠੀਕ ਏ ਬੀਬੀ,
ਮੈਂ ਫੋਨ ਰੱਖਦੀ ਹਾਂ, ਫਿਰ
ਗੱਲ ਕਰਾਂਗੀ…… ਸਫਾਈ ਆਲੀ ਆਈ ਹੈ।
ਚੰਗਾਂ ਫਿਰ,
ਬੱਚਿਆਂ ਦਾ ਖਿਆਲ ਰੱਖੀਂ।
ਹੈਲੋ…ਹੈਲੋ…ਪੁੱਤ ਜਸਵਿੰਦਰ……
ਹਾਂਜੀ……
ਮੱਥਾ ਟੇਕਦੀ ਹਾਂ ਮਾਂ ਜੀ,
ਜੁੱਗ-ਜੁੱਗ ਜੀਓ… ਜਵਾਨੀਆਂ ਮਾਨੋਂ…ਬੁੱਢ
ਸੁਹਾਗਣ
ਪੁਤੱਰ ਮੈਂ ਸੁਣਿਆ ਏ ਤੂੰ ਕਰਵਾ ਚੌਥ ਦਾ ਵਰਤ ਨਹੀਂ
ਰੱਖ ਰਹੀ, ਭਲਾ ਇਹ ਕੀ ਗੱਲ ਹੋਈ ਸਾਰੀਆਂ ਅੋਰਤਾਂ ਨੂੰ ਚਾਅ ਹੁੰਦਾ
ਇਸ ਦਿਨ ਦਾ.., ਨਵੀਆਂ ਨੂੰ ਤਾਂ ਬਾਹਲਾ ਹੀ ਚਾਅ ਹੁੰਦਾ ਤੇ ਤੂੰ
ਕਹਿੰਦੀ ਏ ਮੈਂ ਵਰਤ ਨਹੀਂ ਰੱਖਣਾ, ਕਿ ਗੱਲ ਤੈਨੂੰ ਪਿਆਰ ਨਹੀਂ ਮੇਰੇ ਪੁਤੱਰ ਨਾਲ।
ਮੰਮੀ ਜੀ,
ਪਿਆਰ ਤਾਂ ਮੈਂ ਦਸ ਨਹੀਂ ਸਕਦੀ ਕਿ ਕਿੰਨਾਂ
ਕੁ ਕਰਦੀ ਹਾਂ। ਬਾਕੀ ਗੱਲ ਰਹੀ ਵਰਤ ਦੀ ਉਹ ਤਾਂ ਸਾਨੂੰ ਬਾਣੀ ਵੀ ਸਮਝਾਉਂਦੀ ਹੈ ਕਿ ਛੋਡਹਿ ਅੰਨ
ਕਰਹਿ ਪਖੰਡ ਨਾ ਸੋਹਾਗਣਿ ਨਾ ਉਹ ਰੰਡ’ ਹੁਣ ਦਸੋਂ ਮੈਂ ਤੁਹਾਡੀ ਗੱਲ ਮੰਨਾਂ ਕੇ ਗੁਰੂ ਸਾਹਿਬ
ਜੀ ਦੀ, ਸੋ ਏਂਵੈ ਭਰਮ ਨਾ ਕਰੋ।
ਮੈਨੂੰ ਨਹੀਂ ਪਤਾ ਆਹ ਬਾਣੀ ਦਾ, ਬਸ
ਤੈਨੂੰ ਕਹਿ ਦਿੱਤਾ ਤੇ ਕਹਿ ਦਿੱਤਾ।
ਮੰਮੀ ਜੀ,
ਮੈਂ ਵੀ ਤੁਹਾਨੂੰ ਦਸ ਰਹੀ ਹਾਂ ਕਿ ਮੈਂ ਆਹ
ਵਰਤ-ਵੁਰਤਾਂ ਦੇ ਚਕਰਾਂ ਵਿੱਚ ਨਹੀਂ ਪੈਂਦੀ ਅਤੇ ਨਾਂ ਹੀ ਆਹ ਸਾਡੇ ਤਿਉਹਾਰ ਨੇ। ਮੈਨੂੰ ਜੋ
ਗੁਰਬਾਣੀ ਤੋਂ ਸੇਧ ਮਿਲੇਗੀ ਬਸ ਉਹੀ ਕੰਮ ਕਰਾਂਗੀ,
ਮੈਨੂੰ ਸਮਝ ਆ ਗਈ ਏ ਬਾਕੀ ਤੁਸੀ ਵੀ ਬਾਣੀ
ਪੜਿਆ ਕਰੋਂ, ਤੁਹਾਡੇ ਤੇ ਗੁਰੂ ਸਾਹਿਬ ਕਿਰਪਾ ਕਰਣਗੇ ਆਹ ਸਾਰੇ ਵਹਿਮ
ਭਰਮ ਨਿਕਲ ਜਾਣਗੇ। ਐਂਵੇ ਮਨ ਵਿੱਚ ਤੋਖਲਾ ਨਾ ਕਰੋ।
ਬਸ.. ਬਸ .. ਰਹਿਣ ਦੇ ਹੁਣ ਮੈਨੂੰ ਮਤਾਂ ਦੇਣ ਲੱਗੀ ਏ, ਜਾਤ
ਦੀ ਕੋਹੜਕਿੱਲੀ ਸ਼ਤੀਰਾਂ ਨੂੰ ਜੱਫੇ.. ਕੋਈ ਨੀ ਕਰਦੀ ਆ ਜਗਜੀਤ ਪੁੱਤਰ ਨਾਲ ਗੱਲ , ਆਕੇ
ਕੱਢਦਾ ਏ ਤੇਰੇ ਆਹ ਪ੍ਰਵਚਨ ਜਿਹੇ……, ਲੱਗੀ ਮੈਨੂੰ ਮਤਾਂ ਦੇਣ.
ਇਸ ਤੋਂ ਪਹਿਲਾਂ ਕਿ ਗੁਰਪ੍ਰੀਤ ਕੁੱਝ ਬੋਲਦੀ, ਗੁੱਸੇ
ਵਿੱਚ ਉਸਦੀ ਸੱਸ ਸੁਰਜੀਤ ਕੋਰ ਨੇ ਫੋਨ ਕੱਟ ਦਿੱਤਾ
ਦਸ ਕਾਂ ਮੈਨੂੰ ਮਤਾਂ ਦੇਣ ਚੱਲੀ ਸੀ। ਮੈ ਤਾਂ ਪਹਿਲਾਂ
ਹੀ ਜਗਜੀਤ ਨੂੰ ਕਿਹਾ ਸੀ ਕਿ ਕੁੜੀ ਸਾਦੀ ਜਿਹੀ ਏ,
ਕੋਈ ਬਹੁਤਾ ਹਾਰ ਸ਼ਿੰਗਾਰ ਨਹੀਂ ਕੀਤਾ ਹੋਇਆ।
ਇਸ ਨੂੰ ਰਹਿਣ-ਸਹਿਣ ਦੇ ਢੰਗ ਨਹੀਂ ਪਤਾ ਹੋਣਾ, ਆਪਾ ਕੋਈ ਮਾਡਰਨ ਜਿਹੀ ਕੁੜੀ ਲੱਭ ਲੈਣੀ ਤੇਰੇ ਵਾਸਤੇ।
ਆਪਾਂ ਨੂੰ ਕਿਹੜਾ ਕੋਈ ਘਾਟੇ, ਸੁੱਖ ਨਾਲ ਸੱਭ ਕੁਝ ਤਾਂ ਹੈ ਸਾਡੇ ਕੋਲ… ਅਜਿਹਾ
ਬੋਲ ਬੜਬੜਾਉਂਦੀ ਹੋਈ ਸੁਰਜੀਤ ਨੇ ਆਪਨਾ ਫੋਨ ਪੁਤਰ ਜਗਜੀਤ ਨੂੰ ਲਾ ਲਿਆ।
ਹੈਲੋ.. ਹਾਂ ਪੁਤੱਰ ਜਗਜੀਤ.. ਕੀ ਹਾਲ ਏ ਪੁਤਰ ਤੇਰਾ
ਹਾਂਜੀ ਮੰਮੀ ਸਭ ਠੀਕ ਏ.. ਪੁਤਰ ਤੇਰੇ ਨਾਲ ਗੱਲ ਨਾਲ
ਕਰਨੀ ਸੀ.. ਹਾਂਜੀ ਦਸੋ.. ਹੁਣੇ ਗੁਰਪ੍ਰੀਤ ਨਾਲ ਗੱਲ ਹੋਈ ਸੀ, ਉਹ
ਕਰਵਾ ਚੋਥ ਦਾ ਵਰਤ ਰੱਖਣ ਨੂੰ ਮਨਾਂ ਕਰ ਰਹੀ ਏ, ਜੇਕਰ ਮੈ ਉਸ ਨੂੰ ਸਮਝਾਇਆ ਤਾਂ ਅੱਗੋਂ ਮੈਨੂੰ ਮੱਤਾ
ਦੇਣ ਲੱਗ ਪਈ ਏ… ਉਸਨੂੰ ਸਮਝਾ ਪੁੱਤਰ ਇੰਝ ਨਹੀਂ ਕਰੀਦਾ..
ਜਗਜੀਤ ਸਰ,
ਤੁਹਾਨੂੰ ਅੰਦਰ ਡਾਇਰੇਕਟਰ ਸਰ ਬੁਲਾ ਰਹੇ ਹਨ।
ਮੰਮੀ, ਮੈਂ ਹੁਣੇ ਬਾਅਦ ਵਿੱਚ ਗੱਲ ਕਰਦਾ… ਅੰਦਰ
ਡਾਇਰੇਕਟਰ ਸਰ ਨੇ ਬੁਲਾਇਆ ਏ।
ਪਹਿਲਾਂ ਮੇਰੀ ਗੱਲ ਸੁਣ……, ਫੋਨ
ਕੱਟ ਚੁੱਕਾ ਸੀ ਅਤੇ ਜਗਜੀਤ ਅੰਦਰ ਆਪਣੇ ਸੀਨੀਅਰ ਕੋਲ ਸੀ। ਦਫਤਰ ਦੇ ਕੰਮ ਵਿੱਚ ਅਜਿਹਾ ਫਸਿਆ ਕਿ
ਦੁਬਾਰਾ ਗੱਲ ਨਾ ਕਰ ਸਕਿਆ।
ਇੱਧਰ ਗੁਰਪ੍ਰੀਤ ਨੇ ਵੀ ਜਗਜੀਤ ਨੂੰ ਫੋਨ ਕਰਕੇ ਮੰਮੀ
ਨਾਲ ਹੋਈ ਸਾਰੀ ਗੱਲਬਾਤ ਦਸ ਦਿੱਤੀ ਸੀ।
ਫੋਨ ਦੀ ਘੰਟੀ ਵੱਜੀ ਕਰਤਾਰ ਕੋਰ ਨੇ ਫੋਨ ਚੁੱਕਿਆ ਤਾਂ
ਉਸ ਦੀ ਧੀ ਸੀ,
ਹਾਂ ਬੀਬੀ ਹੋਈ ਗੱਲ ਭਾਬੀ ਨਾਲ!
ਪੁੱਤ ਸਿਮਰ ਤੇਰੀ ਭਾਬੀ ਨਾਲ ਗੱਲ ਹੋਈ ਸੀ ਪਰ ਉਸਨੇ
ਤਾਂ ਆਪਣੇ ਪੈਰਾਂ ਤੇ ਪਾਣੀ ਨੀ ਪੈਣ ਦਿੱਤਾ, ਆਪ ਤਾਂ ਉਸ ਨੇ ਮੇਰੀ ਕੀ ਗੱਲ ਸੁਣਨੀ ਸੀ ਸਗੋਂ ਮੈਨੂੰ
ਹੀ ਕਥਾ ਸੁਣਾਉਣ ਲੱਗ ਪਈ। ਤੇ ਫਿਰ ਵੀਰੇ ਨੂੰ ਨੀ ਕੀਤਾ ਫੋਨ…
ਕੀਤਾ ਸੀ,
ਉਸਨੂੰ ਕੰਮ ਪੈ ਗਿਆ ਸੀ ਪੁੱਤਰ, ਉਸਦੇ
ਵੱਡੇ ਡੇਕਟਰ ਆ… ਆਹਾ… ਮਰ ਜਾਣਾ ਕੀ ਬੋਲਦੇ ਏੇ.. ਮਾਤਾ ਡਾਇਰੇਕਟਰ ਹੁੰਦਾ..
ਆਹੋ ਉਹੀ.. ਉਹੀ.. ਉਸ ਨੇ ਬੁਲਾ ਲਿਆ ਸੀ ਮੁੜ ਕੇ ਗੱਲ ਨਹੀਂ ਹੋਈ ਕਹਿੰਦਾ ਸੀ ਵਿਹਲਾ ਹੋ ਕੇ
ਕਰੂੰਗਾ ਪਰ ਕੁੜੇ ਆਇਆ ਨਹੀਂ ਫੋਨ ਜਗਜੀਤ ਦਾ।
ਆਹੋ ਮਾਤਾ ਹੁਣ ਕਾਹਤੋਂ ਕਰਨਾ ਫੋਨ ਉਸਨੇ… ਵੀਰਾਂ
ਵੀ ਭਾਬੀ ਦੇ ਥੱਲੇ ਲੱਗ ਗਿਆ ਵਾ… ਉਸਨੇ ਕੋਈ ਫੋਨ ਫੁਨ ਨਹੀਂ ਕਰਨਾ ਹੁਣ ਆਪ ਹੀ ਸਿਰ
ਸਵ੍ਹਾ ਪਾ ਉਹਨਾਂ ਦੇ ਤਾਂ ਹੀ ਕੁੱਝ ਬਨੂੰ ।
ਕੋਈ ਨੀ ਪੁਤਰ ਤੁੰ ਕਿਉਂ ਤੱਤੀ ਹੋਈ ਜਾਣੀ ਏ, ਭਾਬੀ
ਏ ਤੇਰੀ ਨਾਲੇ ਜਿਸ ਨਾਲ ਤੂੰ ਇਨ੍ਹਾਂ ਮੋਹ ਕਰਦੀ ਏ ਹੁਣ ਤੂੰ ਕਿਹੋ ਜਿਹੀ ਗੱਲ ਕਰ ਰਹੀ ਏ। ਇਹਨਾਂ
ਕਿਹੜਾ ਲੋਹੜਾ ਆ ਗਿਆ…………,
ਬਸ ਰਹਿਣ ਹੀ ਦਿਉ, ਬਦਲ ਗਿਆ ਵੀਰਾ……………, ਉਸ
ਦੇ ਹੀ ਗੁਣ ਗਾਉਂਦਾ ਰਹਿੰਦਾ ਹੁਣ
ਨਾ ਹੁਣੇ ਹੀ ਅਪਣੀ ਮੰਣਵਾ ਲੈ ਮੁੜ ਕੇ ਤਾਂ ਤੁਹੀ
ਦੁੱਖੀ ਹੋਣਾ ਮਾਤੇ।ਅੱਛਾ ਮੈ ਫਿਰ ਕਰਦੀ ਹਾਂ ਗੱਲ ਹਰਜੀਤ ਆਉਣ ਵਾਲਾ ਏ।
ਕੋਈ ਨੀ ਮੈਂ ਕਰਦੀ ਹਾਂ ਗੱਲ ਤੂੰ ਐਂਵੇ ਦੁੱਖੀ ਨਾ ਹੋ…ਚੰਗਾ
ਫਿਰ,
ਕਰਤਾਰ ਕੋਰ ਨੇ ਫਿਰ ਅਪਣੇ ਪੁੱਤਰ ਨੂੰ ਫੋਨ ਲਾਇਆ ਪਰ
ਘੰਟੀ ਲਗਾਤਾਰ ਵੱਜ ਰਹੀ ਸੀ ਕੋਈ ਫੋਨ ਚੁੱਕ ਨਹੀਂ ਰਿਹਾ ਸੀ। ਉਹ ਗੁੱਸੇ ਵਿੱਚ ਹੀ ਬਾਰ ਬਾਰ ਫੋਨ
ਕਰੀ ਜਾ ਰਹੀ ਸੀ।
ਜਗਜੀਤ ਨੇ ਗੱਡੀ ਖੜੀ ਕੀਤੀ ਤੇ ਘਰ ਅੰਦਰ ਆ ਗਿਆ।
ਗੁਰਪ੍ਰੀਤ ਨੇ ਜਗਜੀਤ ਦੇ ਹਥੋਂ ਬੇਗ ਫੜਿਆ ਤੇ ਪਾਣੀ ਲੈਣ ਚੱਲੀ ਗਈ। ਜਦੋਂ ਜਗਜੀਤ ਗੱਡੀ ਦੀ ਚਾਬੀ
ਰੱਖਣ ਲੱਗਾ ਤਾਂ ਉਸ ਨੂੰ ਯਾਦ ਆਇਆ ਕਿ ਫੋਨ ਤਾਂ ਗੱਡੀ ਵਿੱਚ ਹੀ ਰਹਿ ਗਿਆ ਸੀ। ਜਦੋਂ ਉਸਨੇ ਫੋਨ
ਚੁਕਿਆ ਤਾਂ ਵੇਖਿਆ ਕਿ ਮੰਮੀ ਦੀਆਂ ਕਈ ਕਾਲਾਂ ਆਈਆਂ ਹੋਈਆ ਸੀ। ਹੁਣ ਫਿਰ ਫੋਨ ਦੀ ਘੰਟੀ ਵੱਜੀ ਤੇ
ਵੇਖਿਆ ਮੰਮੀ ਦੇ ਫੋਨ ਦੀ ਘੰਟੀ ਸੀ।
ਹੈਲੋ.. ਹਾਂਜੀ ਮੰਮੀ ਜੀ … ਕੀ
ਗੱਲ ਪੁਤਰਾ ਤੂੰ ਹੁਣੇ ਹੀ ਮਾਂ ਨੂੰ ਭੁੱਲ ਗਿਆ ਏ। ਅਜੇ ਤਾਂ 4
ਮਹੀਨੇ ਨੀ ਹੋਏ ਤੇਰੇ ਵਿਆਹ ਨੂੰ , ਹੁਣੇ ਹੀ ਜ਼ਨਾਨੀ ਥੱਲੇ ਲੱਗ ਗਿਆ ਏ… ਮੈਨੂੰ
ਫੋਨ ਤਾਂ ਕੀ ਕਰਨਾ ਸੀ ਮੇਰਾ ਫੋਨ ਚੁੱਕਣਾ ਵੀ ਠੀਕ ਨਹੀਂ ਸਮਝਦਾ।
ਨਹੀਂ ਮੰਮੀ ਜੀ , ਆ ਤੁਸੀ ਕਿਹੋ ਜਿਹੀ ਗੱਲਾਂ ਕਰ ਰਹੇ ਹੋ, ਮੈ
ਹੁਣੇ ਹੀ ਦਫਤਰੋਂ ਘਰ ਆਇਆ ਹਾਂ ਫੋਨ ਗਲਤੀ ਨਾਲ ਕਾਰ ਵਿੱਚ ਰਹਿ ਗਿਆ ਸੀ ਉਹ ਲੈਣ ਆਇਆ ਤਾਂ
ਤੁਹਾਡੀਆਂ ਕਾਲਾਂ ਹੀ ਦੇਖ ਰਿਹਾ ਸੀ ਤੇ ਤੁਹਾਨੂੰ ਫੋਨ ਕਰਨ ਲੱਗਾ ਸੀ।
ਚੱਲ ਰਹਿਣ ਦੇ ਹੁਣ, ਅੱਛਾ ਇਹ ਦਸ ਕਿੱਥੇ ਹੈ ਗੁਰਪ੍ਰੀਤ।
ਉਹ ਰਸੋਈ ਵਿੱਚ ਹੈ… ਦਸੋ ਕੀ ਕਹਿ ਰਹੇ ਸੀ ਤੁਸੀ।
ਪੁਤਰ, ਗੁਰਪ੍ਰੀਤ ਨਾਲ ਗੱਲ ਹੋਈ ਸੀ ਉਹ ਕਹਿੰਦੀ ਏ ਕਿ ਮੈਂ
ਕਰਵਾ ਚੋਥ ਦਾ ਵਰਤ ਨਹੀਂ ਰੱਖਣਾ। ਮੰਮੀ ਮੇਰੀ ਗੱਲ ਹੋਈ ਸੀ ਪ੍ਰੀਤ ਨਾਲ ਉਹ ਜੋ ਕਹਿੰਦੀ ਏ, ਆਪਾ
ਨੂੰ ਗਲਤ ਲੱਗਦਾ ਪਰ ਮੰਮੀ ਗੁਰਬਾਣੀ ਅਤੇ ਗੁਰਮਤਿ ਅਨੁਸਾਰ ਉਹ ਠੀਕ ਕਰ ਰਹੀ ਏ। ਇਹ ਵਰਤ ਰਖਣੇ
ਆਪਣੇ ਸਿੱਖ ਸਰਦਾਰਾਂ ਦੇ ਕੰਮ ਨਹੀਂ ਅਸੀ ਐਂਵੇ ਹੀ ਭੇਡ ਚਾਲ ਫੜੀ ਹੋਈ ਹੈ।
ਨਹੀਂ ਪੁਤਰ ਤੈਨੂੰ ਨਹੀਂ ਪਤਾ, ਆਹ
ਤਾਂ ਸੁਹਾਗਣਾ ਦਾ ਵਰਤ ਏ, ਨਾਲੇ ਵੱਡੇ ਵੱਡੇਰਿਆ ਨੇ ਐਂਵੇ ਈਂ ਥੌੜੀ ਆਹ ਤਿਉਹਾਰ
ਬਣਾਏ ਹਨ।
ਓ ਮੇਰੀ ਭੋਲੀ ਮਾਂ, ਜੱਦ ਤੱਕ ਆਪਾਂ ਗੁਰਬਾਣੀ ਤੋਂ ਅਣਜਾਨ ਸੀ ਤੱਦ
ਤੱਕ ਸਾਨੂੰ ਇਹ ਸੱਭ ਕੁਝ ਜਰੂਰੀ ਲੱਗਦਾ ਸੀ ਹੁਣ ਮੈ ਤੇਰੀ ਨੂੰਹ ਦੀ ਸੰਗਤ ਨਾਲ ਗੁਰਦੁਆਰਾ ਸਾਹਿਬ
ਵੀ ਜਾਣ ਲੱਗ ਪਿਆ ਅਤੇ ਲਾਈਵ ਕਥਾ ਕੀਰਤਨ ਵੀ ਸੁਣਦਾ ਹਾਂ ਸਾਡੇ ਸਾਰੇ ਪ੍ਰਚਾਰਕ ਇਹੀ ਗੱਲ ਤਾਂ
ਸਮਝਾਂਦੇ ਹਨ ਜਿਹੜੀਆਂ ਕੁਰੀਤੀਆਂ ਗੁਰੂ ਸਾਹਿਬਾਂ ਨੇ ਦੂਰ ਕੀਤੀਆਂ ਹਨ ਅਸੀ ਉਹੀ ਕੁਰੀਤੀਆਂ ਫਿਰ
ਕਰੀ ਜਾਂਦੇ ਹਾਂ। ਗੁਰਬਾਣੀ ਵਾਕ ਹੈ :-
ਛੋਡਹਿ ਅੰਨ ਕਰਹਿ ਪਖੰਡ॥ ਨਾ ਉਹ ਸੋਹਾਗਣਿ ਨਾ ਉਹ ਰੰਡ॥
ਸੋ ਮਾਤਾ ਸਾਨੂੰ ਵੀ ਸੰਭਲਣਾ ਚਾਹੀਦਾ ਹੈ। ਘਟੋ ਘਟ ਹਰ
ਰੋਜ ਇੱਕ ਸ਼ਬਦ ਦੀ ਵੀਚਾਰ ਜਰੂਰ ਸੁਣਨੀ ਅਤੇ ਸਮਝਣੀ ਚਾਹੀਦੀ ਹੈ। ਤੁੰ ਭੋਰਾਂ ਵੀ ਫਿਕਰ ਨਾ
ਕਰ।ਮੈਂ ਤਾਂ ਕਹਿਣਾ ਤੁਸੀ ਵੀ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਇਆ ਕਰੋ ਤੁਹਾਡੇ ਵੀ ਕਈਂ ਭਰਮ
ਆਪੇ ਹੀ ਮਿਟ ਜਾਣਗੇ।
ਪਰ ਪੁਤਰ ਸਿਮਰ … ਉਹੋ ਮੰਮੀ ਜੀ ਉਸ ਨੂੰ ਵੀ ਸਮਝਾ ਦਿਆਂਗੇ।
ਪਹਿਲਾਂ ਤੁਸੀ ਤਾਂ ਸਮਝੋ।
ਠੀਕ ਏ ਪੁਤਰ,
ਅਪਣਾ ਖਿਆਲ ਰੱਖਿਆ ਕਰ। ਮੈਨੂੰ ਤੇਰੀ ਬੜੀ
ਚਿੰਤਾ ਰਹਿੰਦੀ ਏ।ਮੈ ਵੀ ਹੁਣ ਸਮਾਂ ਕੱਢ ਕੇ ਗੁਰੂ ਘਰ ਜਾਇਆ ਕਰਾਂਗੀ।
ਮੈ ਕਿਹਾ ਸਰਦਾਰ ਜੀ …… ਕਿਹੰਦੇ
ਨਾਲ ਗਲਾਂ ਕਰਦੇ ਪਏ ਹੋ।
ਮੰਮੀ ਇੱਕ ਗੱਲ ਸੁਣੋਂ, ਆਹ
ਗੁਰਪ੍ਰੀਤ ਨੂੰ ਤੁਸੀ ਆਪ ਹੀ ਮਨ੍ਹਾਂ ਕਰ ਦਿਉ, ਉਸਨੂੰ ਵੀ ਚੰਗਾਂ ਲਗੇਗਾ।
ਗੁਰਪ੍ਰੀਤ ਆਹ ਲੈ ……. ਮੰਮੀ ਨੇ …, ਤੁੰ
ਵੀ ਗੱਲ ਕਰ ਲੈ।
ਮੈਂ. …………ਨਹੀਂ ਜੀ ਰਹਿਣ ਦਿਉ। ਮੇਰੇ ਤੋਂ ਸਵੇਰ ਦੇ ਗੁੱਸਾ ਨੇ।
ਉਹ ਮੇਰੀ ਸਰਦਾਰਨੀਏ ਗੁਰੂ ਤੇ ਭਰੋਸਾ ਰੱਖਕੇ ਇੱਕ ਵਾਰੀ
ਗੱਲ ਤਾਂ ਕਰ।
ਹਾਂਜੀ ਮੰਮੀ ਜੀ …, ਮੱਥਾ ਟੇਕਦੀ ਹਾਂ।
ਜੁਗ ਜੁਗ ਜੀਉ ਪੁਤੱਰ ਜੀ। ਮੈ ਤੈਨੂੰ ਸਵੇਰੇ ਏਂਵੈ ਹੀ
ਅਵਾ-ਤਵਾ ਬੋਲਦੀ ਰਹੀ। ਪੁੱਤਰ ਗੁਸਾ ਨਾ ਕਰੀਂ। ਆਪਣਾ ਤੇ ਜਗਜੀਤ ਦਾ ਖਿਆਲ ਰੱਖੀ। ਕੋਈ ਨੀ
ਜਿੰਵੇਂ ਤੈਨੂੰ ਚੰਗਾਂ ਲੱਗਦਾ ਤੁੰ ਪੁਤਰ ਉਂਝ ਹੀ ਕਰ।
ਪਰ ਮੰਮੀ ਮੈਂ ਤਾਂ ਗੁਰੂ ਆਸੇ ਅਨੁਸਾਰ ਹੀ ਜੀਵਨ ਜੀਉਣ
ਦਾ ਉੱਦਮ ਕਰ ਰਹੀ ਹਾਂ ਬਾਕੀ ਜਿੰਵੇਂ ਕਰਤਾਰ ਨੂੰ ਭਾਵੇ।
ਕੋਈ ਨੀ ਪੁੱਤਰ ਰੱਬ ਨੂੰ ਚੰਗਾਂ ਹੀ ਭਾਵੇਗਾ। ਹੁਣ
ਬਾਕੀ ਗੱਲ ਛੱਡ ਉਸਨੂੰ ਪ੍ਰਸ਼ਾਦਾ ਖਵਾ ਸਵੇਰ ਦਾ ਕੰਮ ਕਰਕੇ ਥੱਕਿਆ ਆਇਆ ਹੋਣਾ ਏ।
ਠੀਕ ਏ ਮੰਮੀ ਜੀ, ਰਸੋਈ ਵਿੱਚ ਸੱਭ ਤਿਆਰ ਏ।
ਇੱਕ ਗੱਲ ਹੋਰ…… ਮੈਨੂੰ ਖੁਸ਼ਖਬਰੀ ਕਦੋਂ ਦੇਣੀ ਏ।
ਕਾਹਦੀ ਮੰਮੀ ਜੀ!
ਉਹ ਜਿੰਵੇਂ ਤੈਨੂੰ ਪਤਾ ਨਹੀਂ, ਦਾਦੀ
ਬਨਣ ਦੀ……।
ਉਹ ਤਾ ਜੀ ਗੁਰੂ ਸਾਹਿਬ ਕਿਰਪਾ ਕਰਣਗੇ … ਇਹ
ਕਹਿ ਕੇ ਫੋਨ ਜਗਜੀਤ ਨੂੰ ਫੜਾ ਗੁਰਪ੍ਰੀਤ ਸ਼ਰਮਾਉਂਦੀ ਹੋਈ ਰਸੋਈ ਵੱਲ ਨੂੰ ਚੱਲੀ ਗਈ ਅਤੇ ਪਰਮਾਤਮਾ
ਦਾ ਸ਼ੁਕਰਾਨਾ ਕਰਨ ਲੱਗੀ।
ਹਰਪ੍ਰੀਤ ਸਿੰਘ
9992414888
harpreetsingh.kkr@gmail.com,
gurunanaksahibmission.blogspot.com